ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਦੀ ਕੋਸ਼ਿਸ਼ ਵਿਰੁੱਧ ਬੰਦ ਨੂੰ ਭਰਵਾਂ ਹੁੰਗਾਰਾ
ਹਤਿੰਦਰ ਮਹਿਤਾ
ਜਲੰਧਰ, 28 ਜਨਵਰੀ
ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਿਰੁੱਧ ਰੱਖੇ ਗਏ ਬੰਦ ਨੂੰ ਜ਼ਿਲ੍ਹੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਜਲੰਧਰ ਇਲਾਕੇ ਦੇ ਬਾਜ਼ਾਰ ਤੇ ਸਕੂਲ ਬੰਦ ਰਹੇ। ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਕ ਵਿੱਚ ਧਰਨਾ ਲਾ ਕੇ ਸੜਕੀ ਆਵਾਜਾਈ ਰੋਕੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ। ਬੰਦ ਦਾ ਇਹ ਸੱਦਾ ਵਾਲਮੀਕਿ ਅਤੇ ਰਵਿਦਾਸ ਭਾਈਚਾਰੇ ਸਮੇਤ ਹੋਰ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਬੰਦ ਦਾ ਅਸਰ ਸਵੇਰੇ 8 ਵਜੇ ਤੋਂ ਹੀ ਦੇਖਣ ਨੂੰ ਮਿਲਿਆ। ਹਰ ਚੌਰਾਹੇ ’ਤੇ ਭਾਰੀ ਫੋਰਸ ਤਾਇਨਾਤ ਸੀ। ਇਹ ਬੰਦ ਸ਼ਾਮ ਕਰੀਬ 5 ਵਜੇ ਤੱਕ ਜਾਰੀ ਰਿਹਾ। ਮੈਡੀਕਲ ਅਤੇ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹੀਆਂ। ਭਾਜਪਾ ਆਗੂਆਂ ਨੇ ਵੀ ਬੰਦ ਦੇ ਸਮਰਥਨ ਵਿੱਚ ਧਰਨਾ ਦਿੱਤਾ। ਨਾਲ ਹੀ ਰਵਿਦਾਸ ਸਮਾਜ ਦੇ ਸਮਰਥਕਾਂ ਨੇ ਦਫ਼ਤਰਾਂ ਵਿੱਚ ਪਹੁੰਚ ਕੇ ਦਫ਼ਤਰਾਂ ਨੂੰ ਬੰਦ ਕਰਵਾਇਆ। ਜਲੰਧਰ ਕਮਿਸ਼ਨਰੇਟ ਪੁਲੀਸ ਦੇ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਅੱਜ ਪੂਰੇ ਸ਼ਹਿਰ ਵਿੱਚ 2 ਹਜ਼ਾਰ ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਫੀਲਡ ਵਿੱਚ ਹਨ। ਹਰ ਚੌਰਾਹੇ ’ਤੇ ਭਾਰੀ ਫੋਰਸ ਤਾਇਨਾਤ ਹੈ ਤਾਂ ਜੋ ਕੋਈ ਵਿਵਾਦਤ ਸਥਿਤੀ ਪੈਦਾ ਨਾ ਹੋਵੇ। ਜਲੰਧਰ ਬੰਦ ਸ਼ਾਂਤੀਪੂਰਵਕ ਚੱਲ ਰਿਹਾ ਹੈ। ਕੁੱਲ 10 ਤੋਂ 11 ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ। ਕਈ ਥਾਵਾਂ ’ਤੇ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ ਜਿਸ ਕਾਰਨ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਆਵਾਜਾਈ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਬੰਦ ਕਾਰਨ ਆਦਮਪੁਰ, ਅਲਾਵਲਪੁਰ, ਕਠਾਰ, ਨਕੋਦਰ, ਮਹਿਤਪੁਰ, ਜਮਸ਼ੇਰ, ਨੂਰਮਹਿਲ ਸਮੇਤ ਸ਼ਹਿਰ ਦੇ ਬੂਟਾ ਮੰਡੀ, ਮਾਡਲ ਹਾਊਸ ਤੇ ਬਸਤੀਆਂ ਦੇ ਇਲਾਕੇ ਵਿਚ ਪੂਰਨ ਬੰਦ ਕੀਤਾ ਗਿਆ ਹੈ। ਬੰਦ ਕਾਰਨ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ ਅਤੇ ਕਈ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਸਕੂਲਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਆਦਮਪੁਰ ਦੇ ਨਹਿਰ ਦੇ ਪੁਲ ’ਤੇ ਦਲਿਤ ਭਾਈਚਾਰੇ ਨਾਲ ਸਬੰਧਤ ਲੋਕ ਇਕਠੇ ਹੋਏ ਤੇ ਸ਼ਹਿਰ ਵਿੱਚ ਦੁਕਾਨਾਂ ਬੰਦ ਕਰਵਾਈਆਂ।
ਹੁਸ਼ਿਆਰਪੁਰ (ਹਰਪ੍ਰੀਤ ਕੌਰ):
ਅੰਮ੍ਰਿਤਸਰ ’ਚ ਬੀਤੇ ਦਿਨ ਡਾ. ਬੀ.ਆਰ ਅੰਬੇਡਕਰ ਦੇ ਬੁੱਤ ਨਾਲ ਛੇੜ-ਛਾੜ ਦੀ ਕੋਸ਼ਿਸ਼ ਦੀ ਘਟਨਾ ਦੇ ਰੋਸ ਵਜੋਂ ਦਲਿਤ ਜਥੇਬੰਦੀਆਂ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਹੁਸ਼ਿਆਰਪੁਰ ਮੁਕੰਮਲ ਬੰਦ ਰਿਹਾ। ਸ਼ਹਿਰ ਦੇ ਸਾਰੇ ਵਪਾਰਕ ਅਦਾਰੇ ਬੰਦ ਰਹੇ। ਇੱਥੋਂ ਤੱਕ ਕਿ ਜ਼ਿਆਦਾਤਰ ਸਿਖਿਆ ਸੰਸਥਾਵਾਂ ਵੀ ਬੰਦ ਰਹੀਆਂ। ਬੰਦ ਨੂੰ ਮੁਕੰਮਲ ਰੂਪ ’ਚ ਲਾਗੂ ਕਰਾਉਣ ਲਈ ਦਲਿਤ ਭਾਈਚਾਰੇ ਦੇ ਲੋਕ ਸ਼ਹਿਰ ’ਚ ਲਗਾਤਾਰ ਗਸ਼ਤ ਕਰਦੇ ਰਹੇ। ਮੈਡੀਕਲ ਸਟੋਰਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰਹੀਆਂ। ਦਲਿਤ ਜਥੇਬੰਦੀਆਂ ਨੇ ਮੰਗ ਕੀਤੀ ਕਿ ਡਾ. ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ):
ਡਾਕਟਰ ਬੀ.ਆਰ. ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੇ ਮਸਲੇ ਨੂੰ ਲੈ ਕੇ ਬੰਦ ਦੇ ਸੱਦੇ ਤਹਿਤ ਅੱਜ ਕਰਤਾਰਪੁਰ ਸ਼ਹਿਰ, ਕਸਬਾ ਲਾਂਬੜਾ ਤੇ ਮਕਸੂਦਾਂ ਮੁਕੰਮਲ ਤੌਰ ਉੱਤੇ ਬੰਦ ਰਿਹਾ। ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਵਿੱਚ ਨੌਜਵਾਨਾਂ ਵਲੋਂ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਾਮ ਤੱਕ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ।
ਧਾਲੀਵਾਲ (ਸੁੱਚਾ ਸਿੰਘ ਪਸਨਾਵਾਲ):
ਇਥੇ ਬੱਬਾ ਗਿੱਲ ਪੰਜਾਬ ਯੂਥ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਅਗਵਾਈ ਹੇਠ ਐੱਸਸੀ/ਐੱਸਟੀ ਅਤੇ ਓਬੀਸੀ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਰਸਤੇ ਵਿੱਚ ਬਣੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੇ ਰੋਸ ਵਜੋਂ ਸ਼ਹਿਰ ਧਾਰੀਵਾਲ ਵਿੱਚੋਂ ਲੰਘਦੇ ਮੁੱਖ ਮਾਰਗ ਉਪਰ ਨਹਿਰ ਦੇ ਪੁੱਲ ’ਤੇ ਧਰਨਾ ਲਾ ਕੇ ਅੱਧਾ ਘੰਟਾ ਆਵਾਜਾਈ ਠੱਪ ਰੱਖੀ। ਧਰਨੇ ਦੌਰਾਨ ਸੰਬੋਧਨ ਕਰਦਿਆਂ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਇਹ ਅਪਮਾਨ ਬਾਬਾ ਸਾਹਿਬ ਦਾ ਨਹੀਂ ਬਲਕਿ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਤਹਿਤ ਚੱਲ ਰਹੇ ਲੋਕਤੰਤਰ ਦਾ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਹੈ। ਧਰਨਾਕਾਰੀ ਆਗੂਆਂ ਨੇ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮਨਜੋਤ ਸਿੰਘ, ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਬਲਜੀਤ ਕੌਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਦਿੱਤਾ।
ਭੋਗਪੁਰ (ਬਲਵਿੰਦਰ ਸਿੰਘ ਭੰਗੂ):
ਡਾ. ਬੀਆਰ ਅੰਬੇਡਕਰ ਦੇ ਬੁੱਤ ਨੂੰ ਸ਼ਰਾਰਤੀ ਅਨਸਰ ਵੱਲੋਂ ਤੋੜਨ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਮੋਨੂੰ ਤੇਜ਼ੀ, ਰਕੇਸ਼ ਬੱਗਾ, ਜੱਸ ਕਲਿਆਣ ਤੇ ਸੁਰਿੰਦਰ ਸਿੰਘ ਦਾਹੀਆ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਮਾਰਚ ਕੱਢਿਆ ਅਤੇ ਬਾਜ਼ਾਰ ਨੂੰ ਪੂਰਨ ਬੰਦ ਕਰਾਇਆ। ਕੇਵਲ ਮੈਡੀਕਲ ਦੁਕਾਨਾਂ ਤੋਂ ਇਲਾਵਾ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ ਅਤੇ ਅਵਾਜਾਈ ਵੀ ਪ੍ਰਭਾਵਿਤ ਹੋਈ। ਆਗੂਆਂ ਮੰਗ ਕੀਤੀ ਇਸ ਘਟਨਾ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼ਾਹਕੋਟ (ਗੁਰਮੀਤ ਖੋਸਲਾ):
ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਕੀਤੀ ਬੇਅਦਬੀ ਦੇ ਰੋਸ ਵਜੋਂ ਅੱਜ ਦਲਿਤ ਭਾਈਚਾਰੇ ਵੱਲੋਂ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਵਿੱਚ ਮਾਰਚ ਕਰਕੇ ਬਾਜ਼ਾਰ ਬੰਦ ਕਰਵਾਏ। ਉਂਝ ਬੰਦ ਕਰਵਾਉਣ ਨੂੰ ਲੈ ਕੇ ਦਲਿਤ ਜਥੇਬੰਦੀਆਂ ਵਿਚ ਵੀ ਸਹਿਮਤੀ ਨਹੀ ਬਣ ਰਹੀ ਸੀ। ਉਕਤ ਕਸਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੁੱਚਾ ਗਿੱਲ, ਮੰਗਾ ਮੱਟੂ, ਸੱਤਪਾਲ ਆਜ਼ਾਦ ਤੋਂ ਇਲਾਵਾ ਦਲਿਤ ਸਭਾਵਾਂ ਦੇ ਆਗੂ ਪਵਨ ਮੀਏਂਵਾਲ, ਛਿੰਦਰ ਪਾਲ ਸਹੋਤਾ, ਗੁਰਪ੍ਰੀਤ ਜਾਮਾ, ਨਿਰਮਲ ਸਿੰਘ ਕਾਕੜ ਕਲਾਂ ਅਤੇ ਹਰਜਿੰਦਰ ਸਿੰਘ ਆਦਿ ਵੱਲੋਂ ਬੰਦ ਦੀ ਅਗਵਾਈ ਕੀਤੀ ਗਈ।
ਦਸੂਹਾ (ਭਗਵਾਨ ਦਾਸ ਸੰਦਲ):
ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਭੰਨ-ਤੋੜ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਇੱਥੇ ਟਾਈਗਰ ਫੋਰਸ ਬਹੁਜਨ ਸਮਾਜ ਪਾਰਟੀ, ਭਗਵਾਨ ਵਾਲਮੀਕੀ ਸਕਤੀ ਸੈਨਾ ਅਤੇ ਡਾ. ਬੀ.ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਵੱਲੋਂ ਕੌਮੀ ਮਾਰਗ ਦੇ ਬਾਬਾ ਬਰਫਾਨੀ ਚੌਕ ਵਿੱਚ ਚੱਕਾ ਜਾਮ ਕੀਤਾ ਗਿਆ। ਟਾਈਗਰ ਫੋਰਸ ਦੇ ਪ੍ਰਧਾਨ ਇੰਦਰਜੀਤ ਸਿੰਘ, ਬਸਪਾ ਦੇ ਆਗੂ ਦਲਵਿੰਦਰ ਸਿੰਘ ਬੋਦਲ, ਬੀਐਸਪੀ ਹਲਕਾ ਦਸੂਹਾ ਦੇ ਪ੍ਰਧਾਨ ਹਰਬੰਸ ਸਿੰਘ, ਅੰਕਿਤ ਰਾਣਾ, ਭਗਵਾਨ ਵਾਲਮਿਕੀ ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੇ ਥਾਪਰ, ਡਾ.ਬੀਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਦੇ ਚੇਅਰਮੈਨ ਬਾਬਾ ਬੋਹੜ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਘੋਵਾਲ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਕੌਮੀ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋਈ।
ਫਗਵਾੜਾ ਮੁਕੰਮਲ ਬੰਦ ਰਿਹਾ

ਫਗਵਾੜਾ (ਜਸਬੀਰ ਸਿੰਘ ਚਾਨਾ):
ਅੰਮ੍ਰਿਤਸਰ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਦੇ ਰੋਸ ਵਜੋਂ ਸਮੂਹ ਵਾਲਮੀਕੀ, ਰਵਿਦਾਸੀਆਂ ਤੇ ਐਸ.ਸੀ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਅੱਜ ਫਗਵਾੜਾ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਵੱਖ ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਤੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ।ਡਾ. ਅੰਬੇਡਕਰ ਸੈਨਾ ਮੂਲਨਿਵਾਸੀ ਫਗਵਾੜਾ, ਸ਼੍ਰੀ ਗੁਰੂ ਰਵਿਦਾਸ ਟਾਈਗਲ ਫ਼ੋਰਸ ਤੇ ਹੋਰ ਸਮੂਹ ਡਾ. ਅੰਬੇਡਕਰ ਸਭਾਵਾ, ਵਾਲਮੀਕੀ ਐਕਸ਼ਨ ਕਮੇਟੀ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ (ਪੰਜਾਬ), ਯੁਵਾ ਵਿਕਾਸ ਮੋਰਚਾ ਫਗਵਾੜਾ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਅਨੁਆਈਆਂ ਵਲੋਂ 26 ਜਨਵਰੀ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਨਾਲ ਲੋਕਾਂ ਦੇ ਦਿਲਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਉੱਚੀ ਪੱਧਰ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਘਟਨਾ ਪਿੱਛੇ ਛਿਪੇ ਲੋਕਾਂ ਦੀ ਸਾਜਿਸ਼ ਦਾ ਪਰਦਾਫ਼ਾਸ਼ ਹੋ ਸਕੇ। ਇਸ ਮੌਕੇ ਪੰਜਾਬ ਬਸਪਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਵੀ ਇਸ ਘਟਨਾ ’ਤੇ ਵੀ ਰੋਸ ਪ੍ਰਗਟਾਇਆ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।