ਬਣਾਂਵਾਲਾ ਥਰਮਲ ਪਲਾਂਟ: ਰਾਹ ਕਢਵਾਉਣ ਲਈ ਥਾਣੇ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਗਸਤ
ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੰਲ) ਨੂੰ ਜਾਂਦੇ ਰੇਲਵੇ ਟਰੈਕ ’ਤੇ ਕਿਸਾਨਾਂ ਦੇ ਖੇਤਾਂ ਲਈ ਰਸਤਾ ਦੇਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਥਾਣਾ ਸਦਰ ਮਾਨਸਾ ਅੱਗੇ ਧਰਨਾ ਲਾਇਆ ਗਿਆ। ਜਥੇਬੰਦੀ ਨੇ ਥਾਣਾ ਸਦਰ ਮਾਨਸਾ ਪੁਲੀਸ ਇੰਸਪੈਕਟਰ ਜਗਵੀਰ ਸਿੰਘ ਦੇ ਵਿਸ਼ਵਾਸ ਦਿਵਾਉਣ ਤੋਂ ਮਗਰੋਂ ਧਰਨੇ ਦੀ ਸਮਾਪਤੀ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਰੇਲਵੇ ਟਰੈਕ ’ਤੇ ਕਿਸਾਨਾਂ ਨੂੰ ਰਸਤਾ ਦਿਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ 10 ਅਗਸਤ ਨੂੰ ਬਣਾਂਵਾਲਾ ਤਾਪਘਰ ਦੇ ਮੁੱਖ ਗੇਟ ਅੱਗੇ ਧਰਨਾ ਲਾਇਆ ਗਿਆ ਸੀ ਅਤੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਮਗਰੋਂ ਇਹ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਮੌਕੇ ਰੁਲਦੂ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬਣਾਂਵਾਲਾ ਥਰਮਲ ਪਲਾਂਟ ਨਾਲ ਕਿਸਾਨਾਂ ਦੇ ਖੇਤਾਂ ਨੂੰ ਰਸਤਾ ਕੱਢਣ ਦਾ ਮਸਲਾ ਹੱਲ ਹੁੰਦਾ-ਹੁੰਦਾ ਫਿਰ ਉਲਝ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਪੀੜਤ ਕਿਸਾਨਾਂ ਦੀ ਮੱਕੀ ਵਢਵਾ ਕੇ ਰਸਤਾ ਫੇਰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਝੋਨਾ ਲਾਉਣ ਤੋਂ ਅਸਮਰੱਥ ਹੈ, ਜਿਸ ਕਾਰਨ ਜ਼ਮੀਨ ਵਿਹਲੀ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਮਝੌਤੇ ਤੋਂ ਦੂਜੀ ਧਿਰ ਭੱਜ ਗਈ ਹੈ, ਜਿਸ ਕਰਕੇ ਪੀੜਤ ਕਿਸਾਨ ਸੁਖਵੀਰ ਸਿੰਘ ਰਾਜੂ ਦੇ ਖੇਤ ਵਿੱਚ ਝੋਨਾ ਲੱਗਣ ਤੋਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਣਾਂਵਾਲਾ ਤਾਪਘਰ ਦੀ ਮੈਨੇਜਮੈਂਟ ’ਤੇ ਦਬਾਅ ਬਣਾ ਕੇ ਪੀੜਤ ਨੂੰ ਰਸਤਾ ਦਿਵਾਏ ਅਤੇ ਜੇ ਹੱਲ ਨਹੀਂ ਹੁੰਦਾ ਤਾਂ ਜਥੇਬੰਦੀ ਲੰਬਾ ਸੰਘਰਸ ਉਲੀਕਣ ਲਈਹੋਵੇਗੀ। ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਅਸਪਾਲ ਕੋਠੇ ਦੇ ਕਿਸਾਨ ਦੇ ਖੇਤ ਨੂੰ ਰੇਲਵੇ ਟਰੈਕ ਤੋਂ ਖਾਲ ਤੇ ਰਸਤਾ ਬਣਵਾ ਕੇ ਦੇਣ ਦਾ ਕੰਮ ਪ੍ਰਸ਼ਾਸਨ ਸਥਾਈ ਤੌਰ ’ਤੇ ਕਰੇ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਜੇ ਵਾਅਦੇ ਮੁਤਾਬਕ ਪ੍ਰਸ਼ਾਸਨ ਪੂਰਾ ਨਹੀਂ ਉਤਰਦਾ ਤਾਂ ਪਹਿਲੀ ਸਤੰਬਰ ਨੂੰ ਸੂਬਾ ਕਮੇਟੀ ਮੀਟਿੰਗ ਵਿੱਚ ਫੈਸਲਾ ਲੈ ਕੇ ਸੰਘਰਸ਼ ਨੂੰ ਸੂਬਾ ਪੱਧਰੀ ਤਿਆਰੀ ਨਾਲ ਲੜਿਆ ਜਾਵੇਗਾ।
ਧਰਨੇ ਦੌਰਾਨ ਿਕਸਾਨਾਂ ਕੋਲ ਪੁੱਜੇ ਪੁਲੀਸ ਇੰਸਪੈਕਟਰ
ਇਸੇ ਦੌਰਾਨ ਥਾਣਾ ਸਦਰ ਮਾਨਸਾ ਪੁਲੀਸ ਇੰਸਪੈਕਟਰ ਜਗਵੀਰ ਸਿੰਘ ਨੇ ਧਰਨੇ ’ਚ ਪੁੱਜ ਕੇ ਮੰਚ ਤੋਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਹੱਲ ਪਹਿਲੀ ਸਤੰਬਰ ਤੋਂ ਪਹਿਲਾਂ-ਪਹਿਲਾਂ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ।