ਬਣਾਂਵਾਲਾ ਤਾਪਘਰ ਨੇ ਬਿਜਲਈ ਵਾਹਨ ਚਲਾਉਣੇ ਆਰੰਭ ਕੀਤੇ
ਪੱਤਰ ਪ੍ਰੇਰਕ
ਮਾਨਸਾ, 16 ਅਕਤੂਬਰ
ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਕੰਪਨੀ ਵੱਲੋਂ ਨਿੱਜੀ ਭਾਈਵਾਲੀ ਤਹਿਤ ਲਾਏ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵੱਲੋਂ ਅੱਜ ਤੋਂ ਬਿਜਲਈ ਗੱਡੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਗੱਡੀਆਂ ਲਈ ਸਮਝੌਤਾ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਹਿਯੋਗ ਨਾਲ ਹੋਇਆ ਸੀ। ਇਨ੍ਹਾਂ ਬਿਜਲਈ ਵਾਹਨਾਂ ਦੇ ਪੈਣ ਨਾਲ ਪਾਵਰ ਪਲਾਂਟ ਦੇਸ਼ ਦਾ ਪਹਿਲਾ ਤਾਪਘਰ ਬਣ ਗਿਆ ਹੈ, ਜਿਸ ਵਿੱਚ ਬਿਜਲਈ ਵਾਹਨਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ।
ਇਸ ਦੌਰਾਨ ਤਾਪਘਰ ਦੇ ਇੱਕ ਪ੍ਰਬੰਧਕ ਨੇ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ ਚਾਰ ਪਹੀਆ ਅਤੇ ਦੋਪਹੀਆ ਇਲੈਕਟ੍ਰਨਿਕ ਵਾਹਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਵਾਲੇ ਵੱਖ-ਵੱਖ ਕਰਮਚਾਰੀ ਗਰੇਡਾਂ ਲਈ 30 ਤੋਂ 50 ਫੀਸਦੀ ਤੱਕ ਦੀਆਂ ਰਿਆਇਤਾਂ ਵਧਾ ਕੇ ਸਾਰੇ ਸਥਾਨਾਂ ’ਤੇ ਆਪਣੇ ਕਰਮਚਾਰੀਆਂ ਲਈ ਬਿਜਲਈ ਵਾਹਨ ਨੀਤੀ ਸ਼ੁਰੂ ਕਰ ਕੇ ਸਥਿਰਤਾ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਸੀ।
ਤਾਪਘਰ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਬਿਜਲਈ ਵਾਹਨਾਂ ਨਾਲ ਅਗਲੇ ਵਰ੍ਹਿਆਂ ਦੌਰਾਨ ਪ੍ਰਦੂਸ਼ਣ ਘਟਣ ਦੀ ਹੋਰ ਸੰਭਾਵਨਾ ਬਣ ਗਈ ਹੈ, ਜਿਸ ਲਈ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਹੋਰ ਜ਼ੋਰ ਲਾਇਆ ਜਾਵੇਗਾ।