ਨੇਪਾਲ ਵੱਲੋਂ ‘ਟਿਕ-ਟੌਕ’ ’ਤੇ ਪਾਬੰਦੀ
ਕਾਠਮੰਡੂ: ਨੇਪਾਲ ਸਰਕਾਰ ਨੇ ਅੱਜ ਚੀਨੀ ਮਾਲਕੀ ਵਾਲੇ ਸੋਸ਼ਲ ਨੈੱਟਵਰਕ ਪਲੈਟਫਾਰਮ ‘ਟਿਕ-ਟੌਕ’ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਸ ਦੇ ਸਮਾਜਿਕ ਸਦਭਵਾਨਾ ’ਤੇ ਨਾਂਹ-ਪੱਖੀ ਪ੍ਰਭਾਵ ਪੈਣ ਦਾ ਹਵਾਲਾ ਦਿੰਦਿਆਂ ਇਹ ਕਦਮ ਚੁੱਕਿਆ ਹੈ। ਸਰਕਾਰ ਦੇ ਬੁਲਾਰੇ ਅਤੇ ਸੰਚਾਰ ਤੇ ਸੂਚਨਾ ਤਕਨੀਕੀ ਮੰਤਰੀ ਰੇਖਾ ਸ਼ਰਮਾ ਮੁਤਾਬਕ, ਵਜ਼ਾਰਤ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ‘ਟਿਕ-ਟੌਕ’ ਦੀ ਵਰਤੋਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ‘ਟਿਕ-ਟੌਕ’ ’ਤੇ ਪਾਬੰਦੀ ਦਾ ਫ਼ੈਸਲਾ ਸੰਚਾਰ ਤੇ ਆਈਟੀ ਮੰਤਰਾਲੇ ਰਾਹੀਂ ਲਾਗੂ ਕੀਤਾ ਜਾਵੇਗਾ। ‘ਦਿ ਕਾਠਮੰਡੂ ਪੋਸਟ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਨੇਪਾਲ ਸਰਕਾਰ ਨੇ ਸਮਾਜਿਕ ਸਦਭਾਵਨਾ ਉੱਤੇ ਪੈ ਰਹੇ ਨਾਂਹ-ਪੱਖੀ ਪ੍ਰਭਾਵ ਦੇ ਮੱਦੇਨਜ਼ਰ ‘ਟਿਕ-ਟੌਕ’ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੋਈ ਵਜ਼ਾਰਤੀ ਮੀਟਿੰਗ ਵਿੱਚ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ, ਐਕਸ (ਟਵਿੱਟਰ), ਟਿਕ-ਟੌਕ, ਯੂ-ਟਿਊਬ ਸਮੇਤ ਹੋਰਨਾਂ ਨੂੰ ਨੇਪਾਲ ਵਿੱਚ ਆਪਣੇ ਦਫ਼ਤਰ ਖੋਲ੍ਹਣਾ ਲਾਜ਼ਮੀ ਕਰ ਦਿੱਤਾ ਗਿਆ ਸੀ। -ਪੀਟੀਆਈ