‘ਸਿੱਖਸ ਫਾਰ ਜਸਟਿਸ’ ’ਤੇ ਪਾਬੰਦੀ ਪੰਜ ਹੋਰ ਸਾਲਾਂ ਲਈ ਵਧਾਈ
ਨਵੀਂ ਦਿੱਲੀ: ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਟ੍ਰਿਬਿਊਨਲ ਨੇ ਖ਼ਾਲਿਸਤਾਨ ਪੱਖੀ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਹੇਠਲੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਉੱਤੇ ਪਾਬੰਦੀ ਪੰਜ ਹੋਰ ਸਾਲਾਂ ਲਈ ਵਧਾ ਦਿੱਤੀ ਹੈ। ਟ੍ਰਿਬਿਊਨਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਦੀ ਪੁਸ਼ਟੀ ਕੀਤੀ ਹੈ। ਜਸਟਿਸ ਅਨੂਪ ਕੁਮਾਰ ਮੈਂਦੀਰੱਤਾ, ਜੋ ਦਿੱਲੀ ਹਾਈ ਕੋਰਟ ਦੇ ਮੌਜੂਦਾ ਜੱਜ ਵੀ ਹਨ, ਦੇ ਯੂਏਪੀਏ ਟ੍ਰਿਬਿਊਨਲ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤੇ ਸਬੂਤਾਂ ਨਾਲ ਐੱਸਐੱਫਜੇ ਦੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਟਾਈਗਰ ਫੋਰਸ ਜਿਹੀਆਂ ਖਾਲਿਸਤਾਨੀ ਦਹਿਸ਼ਤੀ ਜਥੇਬੰਦੀਆਂ ਨਾਲ ਸਬੰਧਾਂ ਅਤੇ ਪੰਜਾਬ ਵਿਚ ਅਤਿਵਾਦ ਦੀ ਸੁਰਜੀਤੀ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੈੱਸਆਈ ਨਾਲ ਸਾਂਝ ਦੀ ਪੁਸ਼ਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਐੱਸਐੱਫਜੇ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਭਰਤੀ ਕਰਨ, ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਤਸਕਰੀ ਰਾਹੀਂ ਖ਼ਰੀਦਣ ਲਈ ਅਤਿਵਾਦ ਦੀ ਫੰਡਿੰਗ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸਮੇਤ ਹੋਰ ਸਿਆਸੀ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੂਤ ਵੀ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਜੁਲਾਈ 2024 ਨੂੰ ਜਾਰੀ ਨੋਟੀਫਿਕੇਸ਼ਨ ਵਿਚ ਐੱਸਐੱਫਜੇ ਨੂੰ ਗ਼ੈਰਕਾਨੂੰਨੀ ਜਥੇਬੰਦੀ ਐਲਾਨੇ ਜਾਣ ਦੀ ਮਿਆਦ ਨੂੰ ਹੋਰ ਪੰਜ ਸਾਲਾਂ ਲਈ ਵਧਾ ਦਿੱਤਾ ਸੀ। ਇਸ ਮਗਰੋਂ ਇਹ ਕੇਸ ਯੂਏਪੀਏ ਟ੍ਰਿਬਿਊਨਲ ਦੇ ਹਵਾਲੇ ਕੀਤਾ ਗਿਆ ਸੀ। -ਆਈਏਐੱਨਐੱਸ