ਚੌਲ ਬਰਾਮਦ ’ਤੇ ਪਾਬੰਦੀ ਕੋਈ ਰੋਕ ਨਹੀਂ: ਭਾਰਤ
ਨਵੀਂ ਦਿੱਲੀ, 28 ਸਤੰਬਰ
ਭਾਰਤ ਨੇ ਕਿਹਾ ਕਿ ਚੌਲਾਂ ਦੀ ਬਰਾਮਦ ’ਤੇ ਲਾਈ ਗਈ ਪਾਬੰਦੀ, ਰੋਕ ਦੀ ਥਾਂ ਉਸ ਨੂੰ ਨਿਯਮਬੱਧ ਕਰਨਾ ਹੈ ਜੋ 1.4 ਅਰਬ ਲੋਕਾਂ ਦੀ ਖੁਰਾਕ ਸੁਰੱਖਿਆ ਦੇ ਨਜ਼ਰੀਏ ਤੋਂ ਮਹੱਤਵਪੂਰਨ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਜਨੇਵਾ ’ਚ 27 ਸਤੰਬਰ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੀ ਖੇਤੀ ਕਮੇਟੀ ਦੀ ਮੀਟਿੰਗ ਦੌਰਾਨ ਅਮਰੀਕਾ ਸਮੇਤ ਕੁਝ ਮੁਲਕਾਂ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਦੇ ਜਵਾਬ ’ਚ ਭਾਰਤ ਨੇ ਇਹ ਗੱਲ ਕਹੀ। ਜਨੇਵਾ ਸਥਿਤ ਅਧਿਕਾਰੀ ਨੇ ਕਿਹਾ ਕਿ ਮੀਟਿੰਗ ’ਚ ਭਾਰਤ ਨੇ ਦਰਾਮਦਕਾਰ ਮੁਲਕਾਂ ’ਚ ਉਨ੍ਹਾਂ ਦੀਆਂ ਸਰਕਾਰਾਂ ਦੀ ਅਪੀਲ ’ਤੇ ਲੋੜਵੰਦਾਂ ਨੂੰ ਛੋਟ ਦੇ ਕੇ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਭਾਰਤ ਪਹਿਲਾਂ ਹੀ ਨੈਸ਼ਨਲ ਕੋਆਪਰੇਟਵਿ ਐਕਸਪੋਰਟਸ ਲਿਮਿਟਡ (ਐੱਨਸੀਈਐੱਲ) ਰਾਹੀਂ ਭੂਟਾਨ (79 ਹਜ਼ਾਰ ਟਨ), ਸੰਯੁਕਤ ਅਰਬ ਅਮੀਰਾਤ (75 ਹਜ਼ਾਰ ਟਨ), ਮੌਰੀਸ਼ਸ (14 ਹਜ਼ਾਰ ਟਨ) ਅਤੇ ਸਿੰਗਾਪੁਰ (50 ਹਜ਼ਾਰ ਟਨ) ਨੂੰ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਪ੍ਰਵਾਨਗੀ ਦੇ ਚੁੱਕਾ ਹੈ। ਇਸ ਸਾਲ ਜੁਲਾਈ ਵਿੱਚ ਭਾਰਤ ਨੇ ਘਰੇਲੂ ਸਪਲਾਈ ਨੂੰ ਹੁਲਾਰਾ ਦੇਣ ਅਤੇ ਆਉਂਦੇ ਤਿਉਹਾਰੀ ਸੀਜ਼ਨ ਦੌਰਾਨ ਪ੍ਰਚੂਨ ਕੀਮਤਾਂ ਨੂੰ ਕੰਟਰੋਲ ਹੇਠ ਰੱਖਣ ਲਈ ਗ਼ੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ। ਅਧਿਕਾਰੀ ਨੇ ਕਿਹਾ, ‘ਭਾਰਤ ਸਰਕਾਰ ਦੀ ਪ੍ਰਤੀਬੱਧਤਾ ਹੈ ਕਿ ਖੁਰਾਕ ਅਸੁਰੱਖਿਆ, ਕਮਜ਼ੋਰ ਮੁਲਕਾਂ ਤੇ ਗੁਆਂਢੀ ਮੁਲਕਾਂ ਦੀ ਅਪੀਲ ਦੇ ਮਾਮਲੇ ਵਿੱਚ ਉਹ ਲੋੜੀਂਦੀ ਮਾਤਰਾ ’ਚ ਚੌਲ ਜਾਂ ਕਣਕ ਮੁਹੱਈਆ ਕਰਵਾਏਗੀ।’ -ਪੀਟੀਆਈ