ਡਿਪਟੀ ਕਮਿਸ਼ਨਰ ਵੱਲੋਂ ਜਗਤਪੁਰਾ ਦੀ ਪੰਚਾਇਤ ਚੋਣ ’ਤੇ ਰੋਕ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 5 ਅਕਤੂਬਰ
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਬੀਤੇ ਦਿਨੀਂ ਨਾਮਜ਼ਦਗੀ ਪੱਤਰ ਜਮ੍ਹਾਂ ਹੋਣ ਤੋਂ ਬਾਅਦ ਤਾਜ਼ਾ ਹੁਕਮ ਜਾਰੀ ਕਰ ਕੇ ਨੇੜਲੇ ਪਿੰਡ ਜਗਤਪੁਰਾ ਦੀ ਪੰਚਾਇਤ ਦੀ ਚੋਣ ’ਤੇ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਅਧਿਕਾਰਤ ਪੰਚ ਕੁਲਦੀਪ ਸਿੰਘ ਧਨੋਆ ਦੀ ਸ਼ਿਕਾਇਤ ’ਤੇ ਕੀਤੀ ਹੈ। ਡੀਸੀ ਮੁਹਾਲੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਚੋਣ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਵੋਟਰ ਸੂਚੀਆਂ ਵਿੱਚ ਜ਼ਰੂਰੀ ਸੋਧ ਕਰਨ ਮਗਰੋਂ ਪਿੰਡ ਜਗਤਪੁਰਾ ਦੀ ਪੰਚਾਇਤ ਦੀ ਚੋਣ ਕਰਵਾਈ ਜਾਵੇਗੀ। ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਕੁਲਦੀਪ ਸਿੰਘ ਧਨੋਆ ਨੇ ਚੋਣ ਕਮਿਸ਼ਨਰ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਪਿੰਡ ਜਗਤਪੁਰਾ ਦੀ ਵੋਟਰ ਸੂਚੀ ਵਿੱਚ ਗੁਰੂ ਨਾਨਕ ਕਲੋਨੀ ਦੀਆਂ ਲਗਪਗ 5500 ਤੋਂ ਵੱਧ ਵੋਟਾਂ ਸ਼ਾਮਲ ਕਰਨ ’ਤੇ ਇਤਰਾਜ਼ ਕੀਤਾ ਹੈ। ਇਸ ਤੋਂ ਪਹਿਲਾਂ ਧਨੋਆ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸਡੀਐੱਮ ਕੋਲ ਵੀ ਨਾਜਾਇਜ਼ ਵੋਟਾਂ ਬਣਾਉਣ ਦਾ ਮੁੱਦਾ ਚੁੱਕਿਆ ਸੀ ਪਰ ਉਸ ਦੀ ਸ਼ਿਕਾਇਤ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਉਨ੍ਹਾਂ ਚੋਣ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਦੇ ਮੂਲ ਵਸਨੀਕਾਂ ਦੀਆਂ ਮਹਿਜ਼ 900 ਕੁ ਹੀ ਵੋਟਾਂ ਹਨ, ਜਦਕਿ ਪਰਵਾਸੀ ਮਜ਼ਦੂਰਾਂ ਦੀਆਂ ਥੋਕ ਵਿੱਚ ਵੋਟਾਂ ਬਣਾਈਆਂ ਗਈਆਂ ਹਨ। ਇਸ ਤਰ੍ਹਾਂ ਪਿੰਡ ਦੇ ਮੂਲ ਵਸਨੀਕ ਇੱਕ ਤਰ੍ਹਾਂ ਨਾਲ ਸਿੱਧੇ ਤੌਰ ’ਤੇ ਚੋਣ ਤੋਂ ਬਾਹਰ ਹੀ ਹੋ ਗਏ ਹਨ ਅਤੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਬੰਦੇ ਚੁਣਨ ਦਾ ਰਾਹ ਪੱਧਰਾ ਹੋ ਗਿਆ ਹੈ। ਉਂਝ ਵੀ ਪਰਵਾਸੀ ਮਜ਼ਦੂਰਾਂ ਦੀ ਕਲੋਨੀ ਦੇ ਪੰਜ ਉਮੀਦਵਾਰਾਂ ਨੇ ਸਰਪੰਚੀ ਲਈ ਫਾਰਮ ਭਰੇ ਸਨ ਅਤੇ ਉਨ੍ਹਾਂ ਨੂੰ ਚੁੱਲ੍ਹਾ ਟੈਕਸ ਅਤੇ ਐੱਨਓਸੀ ਵੀ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਸਾਰੇ ਪੱਖਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਚੋਣ ਕਮਿਸ਼ਨ ਨੇ ਪਿੰਡ ਜਗਤਪੁਰਾ ਦੀ ਪੰਚਾਇਤ ਦੀ ਚੋਣ ਰੋਕ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੋਟਰ ਸੂਚੀਆਂ ਵਿੱਚ ਜ਼ਰੂਰੀ ਤੇ ਲੋੜੀਂਦੀ ਸੋਧ ਕਰ ਕੇ ਨਵੇਂ ਸਿਰਿਓਂ ਚੋਣ ਕਰਵਾਉਣ ਦੇ ਹੁਕਮ ਦਿੱਤੇ। ਇਸ ਤਰ੍ਹਾਂ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਜਗਤਪੁਰਾ ਪੰਚਾਇਤ ਦੀ ਚੋਣ ਰੋਕਣ ਦੇ ਹੁਕਮ ਦਿੱਤੇ ਹਨ।