Punjab News ਧਰਮਕੋਟ ਨਗਰ ਕੌਂਸਲ ਦੇ 8 ਵਾਰਡਾਂ ਦੀ ਚੋਣ ’ਤੇ ਲੱਗੀ ਰੋਕ ਬਰਕਰਾਰ
ਹਰਦੀਪ ਸਿੰਘ
ਧਰਮਕੋਟ, 3 ਫ਼ਰਵਰੀ
ਸੁਪਰੀਮ ਕੋਰਟ ਨੇ ਨਗਰ ਕੌਂਸਲ ਧਰਮਕੋਟ ਦੇ 8 ਵਾਰਡਾਂ ਦੀ ਚੋਣ ’ਤੇ ਰੋਕ ਨੂੰ ਬਰਕਰਾਰ ਰੱਖਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਕਾਂਗਰਸ ਪੱਖੀ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਤਿੰਨ ਉਮੀਦਵਾਰਾਂ ਨੇ ਚੋਣ ਪ੍ਰਕਿਰਿਆਂ ਦੌਰਾਨ ਇਕ ਰਿਟ ਪਟੀਸ਼ਨ ਹਾਈਕੋਰਟ ਵਿਚ ਦਾਖਲ ਕੀਤੀ ਸੀ, ਜਿਸ ਉੱਤੇ ਹਾਈਕੋਰਟ ਨੇ 20 ਦਸੰਬਰ ਨੂੰ ਕੌਂਸਲ ਦੇ 8 ਵਾਰਡਾਂ ਦੀ ਚੋਣ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਸੀ। ਪਟੀਸ਼ਨ ਵਿਚ ਉਨ੍ਹਾਂ ਆਪਣੇ ਨਾਮਜ਼ਦਗੀ ਪੱਤਰ ਨਾ ਭਰਨ ਦਾ ਖਦਸ਼ਾ ਜ਼ਾਹਰ ਕੀਤਾ ਸੀ। ਹਾਈਕੋਰਟ ਵਲੋਂ ਮਿਲੀ ਸੁਰੱਖਿਆ ਦੇ ਬਾਵਜੂਦ ਵੀ ਉਕਤ ਉਮੀਦਵਾਰਾਂ ਨੂੰ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਗਏ ਸਨ, ਜਾਂ ਰੱਦ ਕਰ ਦਿੱਤੇ ਗਏ ਸਨ। 21 ਦਸੰਬਰ ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸੱਤਾਧਾਰੀ ਧਿਰ ਦੇ ਸਾਰੇ ਵਾਰਡਾਂ ਤੋਂ ਹੀ ਉਮੀਦਵਾਰਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਇਨ੍ਹਾਂ ਵਾਰਡਾਂ ਉੱਤੇ ਲੱਗੀ ਰੋਕ ਸਦਕਾ ਨਗਰ ਕੌਂਸਲ ਦਾ ਗਠਨ ਨਹੀਂ ਹੋ ਸਕਿਆ ਸੀ। 16 ਜਨਵਰੀ ਨੂੰ ਹਾਈਕੋਰਟ ਵਲੋਂ ਲੱਗੀ ਰੋਕ ਹਟ ਜਾਣ ਤੋਂ ਬਾਅਦ ਕਮੇਟੀ ਦੇ ਗਠਨ ਦਾ ਰਾਹ ਪੱਧਰਾ ਹੋ ਗਿਆ ਸੀ, ਪਰ ਇਨ੍ਹਾਂ ਅੱਠ ਵਾਰਡਾਂ ਦੇ ਕਾਂਗਰਸ ਉਮੀਦਵਾਰਾਂ ਨੇ ਮਾਣਯੋਗ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਸੀ। ਅੱਜ ਸੁਪਰੀਮ ਕੋਰਟ ਦੇ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ ਦੇ ਡਬਲ ਬੈਂਚ ਨੇ ਪਟੀਸ਼ਨਰਾਂ ਨਵਦੀਪ ਕੌਰ, ਚੰਚਲਾ ਰਾਣੀ, ਗੀਤਾ ਰਾਣੀ, ਸੁਖਦੇਵ ਸਿੰਘ, ਇੰਦਰਪ੍ਰੀਤ ਸਿੰਘ, ਗੁਰਪਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਚਾਹਲ ਨੂੰ ਵੱਡੀ ਰਾਹਤ ਦਿੱਤੀ ਅਤੇ ਹਾਈਕੋਰਟ ਦੇ ਫੈਸਲੇ ਨੂੰ ਪਲਟ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉਕਤ 8 ਵਾਰਡਾਂ ਲਈ ਸਟੇਅ ਆਰਡਰ ਜਾਰੀ ਕਰ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 18 ਫਰਵਰੀ ਨੂੰ ਹੋਵੇਗੀ।