ਅਣ-ਅਧਿਕਾਰਤ ਸਥਾਨਾਂ ’ਤੇ ਮੁਰਦਾ ਪਸ਼ੂ ਸੁੱਟਣ ’ਤੇ ਪਾਬੰਦੀ
ਖੇਤਰੀ ਪ੍ਰ੍ਤੀਨਿਧ
ਪਟਿਆਲਾ, 13 ਨਵੰਬਰ
ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ/ਪੰਚਾਇਤਾਂ ਵੱਲੋਂ ਹੱਡਾ ਰੋੜੀ ਲਈ ਨਿਰਧਾਰਤ ਕੀਤੇ ਸਥਾਨ ਤੋਂ ਇਲਾਵਾ ਅਣ ਅਧਿਕਾਰਤ ਸਥਾਨਾਂ ’ਤੇ ਮੁਰਦਾ ਪਸ਼ੂ/ਜਾਨਵਰ ਨੂੰ ਸੁੱਟਣ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮੁਰਦਾ ਪਸ਼ੂ ਨੂੰ ਸਰਕਾਰ ਵੱਲੋਂ ਨਿਰਧਾਰਤ ਸਥਾਨ (ਹੱਡਾ ਰੋੜੀ) ’ਤੇ ਹੀ ਸੁੱਟਿਆ ਜਾਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਕਈ ਵਿਅਕਤੀਆਂ ਵੱਲੋਂ ਆਪਣੇ ਪਾਲਤੂ ਜਾਨਵਰਾਂ/ਪਸ਼ੂ ਦੀ ਮੌਤ ਹੋਣ ਉਪਰੰਤ ਮੁਰਦਾ ਪਸ਼ੂ/ਜਾਨਵਰ ਨੂੰ ਸਰਕਾਰ ਵੱਲੋਂ ਨਿਰਧਾਰਤ ਸਥਾਨ (ਹੱਡਾ ਰੋੜੀ) ’ਤੇ ਸੁੱਟਣ ਦੀ ਥਾਂ ’ਤੇ ਅਣ ਅਧਿਕਾਰਤ (ਜਨਤਕ/ਰਿਹਾਇਸ਼ੀ) ਸਥਾਨਾਂ ਦੇ ਨਜਦੀਕ ਸੁੱਟ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਉਸ ਸਥਾਨ ਦੇ ਆਲੇ ਦੁਆਲੇ ਬਦਬੂ ਅਤੇ ਗੰਦਗੀ ਫੈਲਦੀ ਹੈ ਅਤੇ ਬਿਮਾਰੀ ਫੈਲਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਆਮ ਪਬਲਿਕ ਦੇ ਜਾਨੀ ਮਾਲੀ ਨੁਕਸਾਨ ਅਤੇ ਅਸੁਵਿਧਾ ਨੂੰ ਦੇਖਦੇ ਹੋਏ ਸਖਤ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਉਕਤ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।