ਬਲਵੰਤ ਸਿੰਘ
ਦਵਿੰਦਰ ਸਤਿਆਰਥੀ
ਇਹ ਗੱਲ ਉਰਦੂ ਦੇ ਉਸ ਕਹਾਣੀਕਾਰ ਦੀ ਹੈ ਜਿਸ ਨੇ ਇਕ ਥਾਂ ਆਪਣੀ ਉਪਮਾ ਲੱਕਾ ਕਬੂਤਰ ਨਾਲ ਕੀਤੀ ਹੈ। ਹੁਣ ਮੈਂ ਹਾਸਾ ਕਿਵੇਂ ਰੋਕਾਂ? ਸ਼ਾਇਦ ਉਸ ਨੇ ਇਹ ਗੱਲ ਆਸਾਨੀ ਨਾਲ ਸਵੀਕਾਰ ਨਹੀਂ ਕੀਤੀ ਹੋਵੇਗੀ। ਪਰ ਜਨਾਬ, ਸੱਚੀ ਗੱਲ ਮੂੰਹੋਂ ਨਿਕਲ ਹੀ ਜਾਂਦੀ ਹੈ। ਰਾਜਿੰਦਰ ਸਿੰਘ ਬੇਦੀ ਦੀ ਚਰਚਾ ਕਰਦਿਆਂ ਬਲਵੰਤ ਸਿੰਘ ਨੇ ਲਿਖਿਆ ਹੈ, ‘‘ਰਾਜਿੰਦਰ ਸਿੰਘ ਬੇਦੀ ਇਕ ਕਦਮ ਪਿੱਛੇ ਆ ਰਿਹਾ ਸੀ... ਅਸੀਂ ਇਕ ਦੂਜੇ ਦੀਆਂ ਦਾਹੜੀਆਂ ਦੇਖ ਹੀ ਰੁਕ ਗਏ... ਇਕ ਪਾਸੇ ਮੈਂ ਲੱਕਾ ਕਬੂਤਰ ਵਾਂਗ ਆਕੜਿਆ ਹੋਇਆ ਸੀ। ਦੂਜੇ ਪਾਸੇ ਬੇਦੀ ਮਸਜਿਦਾਂ ਵਿਚ ਦਾਣੇ ਚੁਗਣ ਵਾਲੇ ਕਬੂਤਰਾਂ ਵਾਂਗ ਅਡੋਲ ਅਤੇ ਆਰਾਮ ਨਾਲ ਖੜ੍ਹਾ।’’ ਦੂਸਰਿਆਂ ’ਤੇ ਵਿਅੰਗ ਵਰਤਣ ਦੀ ਪਹਿਲੀ ਸ਼ਰਤ ਇਹ ਹੈ ਕਿ ਵਿਅਕਤੀ ਇਸ ਦੇ ਹਮਲੇ ਨੂੰ ਆਪਣੇ ’ਤੇ ਵੀ ਝੱਲਣ ਲਈ ਤਿਆਰ ਹੋਵੇ। ਬਲਵੰਤ ਸਿੰਘ ਸੱਚਮੁੱਚ ਇਸ ਕਲਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਜਦੋਂ ਬਲਵੰਤ ਸਿੰਘ ਲਾਹੌਰ ਵਿਚ ਮੈਨੂੰ ਪਹਿਲੀ ਵਾਰ ਮਿਲਿਆ ਤਾਂ ਉਸ ਨੇ ਜਾਂਦੇ ਸਾਰ ਹੀ ਕਿਹਾ, ‘‘ਸਤਿਆਰਥੀ ਦੇਖੋ, ਮੈਂ ਤੁਹਾਡੀ ‘ਹਾਰਸ ਸੈਂਸ’ ਭਾਵ ਘੋੜੇ ਦੀ ਅਕਲ ਦਾ ਪ੍ਰਸੰਸਕ ਹਾਂ।’’ ਮੈਂ ਥੋੜ੍ਹਾ ਘਬਰਾ ਗਿਆ ਕਿਉਂਕਿ ਪਹਿਲੀ ਮੁਲਾਕਾਤ ਵਿਚ ਮੈਨੂੰ ਇਹ ਉਮੀਦ ਨਹੀਂ ਸੀ। ਉਸ ਨੇ ਫਿਰ ਕਿਹਾ, ‘‘ਤੂੰ ਸ਼ਾਇਦ ਸਮਝ ਨਹੀਂ ਰਿਹਾ ਕਿ ਮੇਰਾ ਕੀ ਮਤਲਬ ਹੈ। ‘ਯੈੱਸ ਮਾਈ ਡੀਅਰ’ ਇਹ ਸਾਰਾ ਕੁਝ ਘੋੜੇ ਦੀ ਅਕਲ ਕਾਰਨ ਸੰਭਵ ਹੋਇਆ ਹੈ ਕਿ ਤੂੰ ਬਚਪਨ ਵਿਚ ਹੀ ਲੋਕ ਗੀਤਾਂ ਨਾਲ ਜੁੜ ਗਿਆ। ਵੈਸੇ, ਉਸ ਸਮੇਂ ਤੈਨੂੰ ਕੀ ਪਤਾ ਸੀ ਕਿ ਇਕ ਦਿਨ ਟੈਗੋਰ ਅਤੇ ਗਾਂਧੀ ਵੀ ਤੇਰੇ ਕੰਮ ਦੀ ਤਾਰੀਫ਼ ਕਰਨਗੇ।’’ ਮੈਨੂੰ ਥੋੜ੍ਹੀ ਸ਼ਰਮ ਮਹਿਸੂਸ ਹੋਈ। ਉਹ ਉਛਲ ਕੇ ਬੋਲਿਆ, ‘‘ਹਾਂ, ਮੇਰੇ ਪਿਆਰੇ, ਤੂੰ ਤਾਂ ਘਬਰਾ ਗਿਆ। ਮੈਂ ਤੇਰੀ ਤਾਰੀਫ਼ ਕਰ ਰਿਹਾ ਸੀ।’’ ਹਾਂ, ਬਲਵੰਤ ਸਿੰਘ ਦੇ ਮੂੰਹੋਂ ‘ਯੈੱਸ ਮਾਈ ਡੀਅਰ’ ਦਾ ਸੰਬੋਧਨ ਮੈਨੂੰ ਬੁਰਾ ਕਿਵੇਂ ਲੱਗ ਸਕਦਾ ਸੀ। ਉਸ ਸਮੇਂ ਮੈਨੂੰ ਯਾਦ ਆਇਆ ਕਿ ਇਹ ਕੰਮਬਖ਼ਤ ਉਹੀ ਬਲਵੰਤ ਸਿੰਘ ਹੈ ਜਿਸ ਦੀ ਕਹਾਣੀ ਦਾ ਜ਼ਿਕਰ ਕ੍ਰਿਸ਼ਨ ਚੰਦਰ ਨੇ ਕੀਤਾ ਸੀ ਤੇ ਮੈਂ ਉਸ ਨੂੰ ਮਿਲਣ ਨੂੰ ਉਤਾਵਲਾ ਹੋ ਗਿਆ ਸੀ।
ਫਿਰ ਜਦੋਂ ਬਲਵੰਤ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ‘ਜੱਗਾ’ ਪ੍ਰਕਾਸ਼ਿਤ ਹੋਇਆ ਤਾਂ ਉਹ ਲਾਹੌਰ ਦੇ ਦੋਸਤਾਂ ਵਿਚ ਬਲਵੰਤ ਸਿੰਘ ਜੱਗਾ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਜੱਗਾ ਪੰਜਾਬ ਦਾ ਮਸ਼ਹੂਰ ਡਾਕੂ, ਪਰ ਬਲਵੰਤ ਸਿੰਘ ਨੂੰ ‘ਜੱਗਾ’ ਕਹਿਣਾ ਮੇਰੇ ਲਈ ਸੰਭਵ ਨਹੀਂ ਸੀ।
ਮੈਂ ਸੋਚਦਾ ਸੀ ਕਿ ਕੌਣ ਖ਼ਾਹਮਖ਼ਾਹ ਮੁਸੀਬਤ ਮੁੱਲ ਲਏ। ਗੱਲ ਇਹ ਸੀ ਕਿ ਮੈਂ ਉਸ ਦੀ ਸਰੀਰਕ ਤਾਕਤ ਦਾ ਕਾਇਲ ਸੀ ਤੇ ਕ੍ਰਿਸ਼ਨ ਚੰਦਰ ਵੱਲੋਂ ਉਸ ਬਾਰੇ ਦਿੱਤੀ ਗਈ ਰਾਇ ਵੀ ਗ਼ਲਤ ਨਹੀਂ ਸੀ- ‘‘ਬਲਵੰਤ ਸਿੰਘ ਤਾਂ ਦੇਖਣ ਵਿਚ ਪਹਿਲਵਾਨ ਕਿਸਮ ਦਾ ਸਰਦਾਰ ਜੀ ਲੱਗਦਾ ਹੈ। ਉਸ ਨੂੰ ਦੇਖ ਕੇ ਕੋਈ ਕਹਾਣੀ ਦੀ ਕਲਪਨਾ ਤਾਂ ਕਰ ਸਕਦਾ ਹੈ ਪਰ ਕਿਸੇ ਕਹਾਣੀਕਾਰ ਦੀ ਨਹੀਂ, ਪਰ ਸੱਚ ਹਮੇਸ਼ਾ ਕਲਪਨਾ ਤੋਂ ਉੱਚਾ ਹੁੰਦਾ ਹੈ, ਮਹਾਨ ਹੁੰਦਾ ਹੈ, ਇਹ ਵੱਖਰਾ ਹੁੰਦਾ ਹੈ। ਬਲਵੰਤ ਸਿੰਘ ਉਨ੍ਹਾਂ ਕਿਸਮਤ ਵਾਲੇ ਲੋਕਾਂ ਵਿਚੋਂ ਹੈ ਜੋ ਇਕ ਕਹਾਣੀ ਲਿਖ ਕੇ ਅਮਰ ਹੋ ਜਾਂਦੇ ਹਨ।’’
ਇਕ ਵਾਰ ਬਲਵੰਤ ਸਿੰਘ ਬਹੁਤ ਦੇਰ ਤੱਕ ਲਾਹੌਰ ਦੇ ਸਾਹਿਤਕ ਸਮਾਗਮਾਂ ਵਿਚ ਕਿਤੇ ਨਜ਼ਰ ਨਹੀਂ ਆਇਆ ਅਤੇ ਮੈਂ ਸੱਚਮੁੱਚ ਉਸ ਬਾਰੇ ਚਿੰਤਤ ਸੀ। ਪਰ ਬਲਵੰਤ ਸਿੰਘ ਦਾ ਇਹ ਵਿਚਾਰ ਹੈ ਕਿ ਮੈਂ ਆਪਣੇ ਤੋਂ ਬਿਨਾਂ ਕਿਸੇ ਦੀ ਚਿੰਤਾ ਨਹੀਂ ਕਰ ਸਕਦਾ। ਖ਼ੈਰ, ਇਕ ਦਿਨ ਬਲਵੰਤ ਸਿੰਘ ਅਚਾਨਕ ਮੇਰੇ ਘਰ ਆਇਆ ਤੇ ਬੋਲਿਆ, ‘‘ਮੈਂ ਸਟੇਸ਼ਨ ਤੋਂ ਸਿੱਧਾ ਤੇਰੇ ਘਰ ਆਇਆ ਹਾਂ। ‘ਯੈੱਸ ਮਾਈ ਡੀਅਰ’, ਕੁਝ ਨਾ ਪੁੱਛੋ। ਮੈਨੂੰ ਏਧਰ ਨਾ ਤਾਂ ਕਹਾਣੀਆਂ ਦੀ ਹੋਸ਼ ਹੈ ਅਤੇ ਨਾ ਹੀ ਕਿਸੇ ਹੋਰ ਚੀਜ਼ ਦੀ। ਮੈਂ ਲਾਹੌਰ ਛੱਡਣਾ ਵੀ ਚਾਹਾਂ ਤਾਂ ਲਾਹੌਰ ਮੈਨੂੰ ਨਹੀਂ ਛੱਡ ਸਕਦਾ। ਕੁਝ ਇਹੋ ਜਿਹਾ ਹੈ ਸਾਡਾ ਲਾਹੌਰ।’’ ਮੈਂ ਕਿਹਾ, ‘‘ਭਾਈ, ਤੁਸੀਂ ਇੰਨੇ ਦਿਨ ਕਿੱਥੇ ਡੁਬਕੀ ਮਾਰ ਗਏ ਸੀ?’’
ਉਸ ਨੇ ਕਿਹਾ, ‘‘ਪਹਿਲਾਂ ਮੇਰੇ ਲਈ ਪਰਾਂਠੇ ਬਣਾਉਣ ਦਾ ਪ੍ਰਬੰਧ ਕਰ। ਜੇ ਨਾਲ ਹੀ ਨਿੰਬੂ ਦਾ ਅਚਾਰ ਵੀ ਹੋਵੇ ਤਾਂ ਕੀ ਗੱਲ ਹੈ।’’ ਹੁਣ ਮੈਂ ਖੁੱਲ੍ਹ ਕੇ ਨਹੀਂ ਕਹਿ ਸਕਿਆ ਕਿ ਜੱਗੇ ਦੇ ਹੁਕਮ ਨੂੰ ਟਾਲਣਾ ਮੇਰੇ ਲਈ ਬਿਲਕੁਲ ਅਸੰਭਵ ਹੈ। ਮੈਂ ਬਿਨਾਂ ਕੁਝ ਕਹੇ ਰਸੋਈ ਵਿਚ ਆ ਗਿਆ ਅਤੇ ਉਸ ਦਾ ਸੁਨੇਹਾ ਦੇ ਦਿੱਤਾ। ਉੱਥੇ ਹੀ ਗੱਲਬਾਤ ਸ਼ੁਰੂ ਹੋਈ, ਮੈਂ ਕਿਹਾ, ‘‘ਦੇਖ ਭਰਾ, ਇੱਥੇ ਮੈਂ ਤੇਰੀਆਂ ਕਈ ਕਹਾਣੀਆਂ ਪੜ੍ਹੀਆਂ ਹਨ। ‘ਗ੍ਰੰਥੀ ਤੇ ਦੀਮਕ’ ਲਾਜਵਾਬ ਹਨ। ‘ਸਹਿਨਾਜ਼’ ਦਾ ਰੰਗ ਉਨ੍ਹਾਂ ਤੋਂ ਵੱਖਰਾ ਹੈ। ਪਰ ਭਰਾ, ਸੱਚ ਜਾਣੀਂ, ਇੱਥੇ ਤੇਰੇ ਲਿਖੇ ਦਾ ਸਿੱਕਾ ਮੰਨ ਰਿਹਾ ਹਾਂ।’’
ਉਹ ਬੋਲਿਆ, ‘‘ਸੱਚ ਕਹਿ ਰਹੇ ਹੋ?’’ ‘‘ਹਾਂ ਭਾਈ’’, ਮੈਂ ਜ਼ੋਰ ਦੇ ਕੇ ਕਿਹਾ, ‘‘ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ?’’
ਉਸ ਨੇ ਕਿਹਾ, ‘‘ਇਸ ਦਾ ਸਬੂਤ?’’ ‘‘ਸਬੂਤ?’’ ਮੈਂ ਹੈਰਾਨ ਹੋ ਕੇ ਕਿਹਾ, ‘‘ਕੀ ਇਹ ਵੀ ਜ਼ਰੂਰੀ ਹੈ?’’
ਉਸ ਨੇ ਕਿਹਾ, ‘‘ਮੈਨੂੰ ਯਕੀਨਨ ਸਬੂਤ ਚਾਹੀਦਾ ਹੈ।’’
ਮੈਂ ਸੱਚਮੁੱਚ ਡਰ ਗਿਆ ਸੀ, ਮੈਨੂੰ ਲੱਗਾ ਕਿ ਜੇ ਮੈਂ ਹੁਣ ਸਬੂਤ ਨਾ ਦਿੱਤਾ ਤਾਂ ‘ਜੱਗਾ’ ਮੈਨੂੰ ਚੁੱਕ ਕੇ ਖਿੜਕੀ ਵਿਚੋਂ ਬਾਹਰ ਗਲੀ ਵਿਚ ਵੀ ਸੁੱਟ ਸਕਦਾ ਹੈ।
ਇਕ ਪਾਸੇ ‘ਜੱਗਾ’ ਪਰਾਂਠੇ ਅਤੇ ਨਿੰਬੂ ਦੇ ਅਚਾਰ ਦੀ ਉਡੀਕ ਕਰ ਰਿਹਾ ਸੀ, ਦੂਜੇ ਪਾਸੇ ਉਹ ਮੇਰੇ ਤੋਂ ਸਬੂਤ ਚਾਹੁੰਦਾ ਸੀ ਕਿ ਮੈਨੂੰ ਉਸ ਦੀਆਂ ਕਹਾਣੀਆਂ ਬਹੁਤ ਪਸੰਦ ਹਨ। ਮੈਂ ਕੋਈ ਹੱਲ ਨਹੀਂ ਸੋਚ ਸਕਿਆ। ਉਸ ਨੇ ਮੈਨੂੰ ਪੈੱਨ ਚੁੱਕਣ ਲਈ ਇਸ਼ਾਰਾ ਕੀਤਾ। ਫਿਰ ਉਸ ਨੇ ਇਕ ਕਾਗ਼ਜ਼ ਦਾ ਟੁਕੜਾ ਮੇਰੇ ਸਾਹਮਣੇ ਰੱਖ ਕੇ ਕਿਹਾ, ‘‘ਹਾਂ, ਮੈਨੂੰ ਤਾਂ ਸਬੂਤ ਚਾਹੀਦਾ ਹੈ।’’ ਮੈਂ ਉਸ ਕਾਗ਼ਜ਼ ’ਤੇ ਕੁਝ ਲਾਈਨਾਂ ਲਿਖ ਕੇ ਉਸ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਪਰਾਂਠੇ ਵੀ ਆ ਗਏ ਤੇ ‘ਜੱਗਾ’ ਉਨ੍ਹਾਂ ’ਤੇ ਟੁੱਟ ਕੇ ਪੈ ਗਿਆ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਤੋਂ ਕਿੰਨਾ ਵੱਖਰਾ ਹਾਂ? ਜਿਸ ਦੀ ਖੁਰਾਕ ਬਹੁਤ ਹੀ ਘੱਟ ਹੈ, ਉਹ ਕੀ ਲਿਖੇਗਾ? ਫਿਰ ਕਰੀਬ ਡੇਢ ਸਾਲ ਬਲਵੰਤ ਸਿੰਘ ਪੂਰੀ ਤਰ੍ਹਾਂ ਗਾਇਬ ਹੋ ਗਿਆ। ਹਜ਼ਾਰ ਢੂੰਡਣ ਦੇ ਬਾਅਦ ਵੀ ਉਸ ਦਾ ਕੋਈ ਪਤਾ ਨਾ ਲੱਗਾ।
ਇਸ ਦੌਰਾਨ ਮੈਂ ਦਿੱਲੀ ਆ ਗਿਆ ਸੀ। ਇਕ ਦਿਨ ਕਨਾਟ ਪਲੇਸ ਵਿਚ ‘ਜੱਗੇ’ ਨਾਲ ਮੇਲ ਹੋ ਗਿਆ। ਉਸ ਦੇ ਹੱਥ ਵਿਚ ਇਕ ਕਿਤਾਬ ਸੀ ਜੋ ਉਹ ਮੈਨੂੰ ਦਿਖਾਉਣਾ ਵੀ ਨਹੀਂ ਚਾਹੁੰਦਾ ਸੀ। ਆਖ਼ਰਕਾਰ ਮੈਂ ਕਿਸੇ ਤਰ੍ਹਾਂ ਉਸ ਦੇ ਹੱਥੋਂ ਕਿਤਾਬ ਖੋਹ ਲਈ ਅਤੇ ਮੈਂ ਦੇਖਿਆ ਇਸ ਦੇ ਡਸਟਕਵਰ ’ਤੇ ਕੁਝ ਸਤਰਾਂ ਛਪੀਆਂ ਹਨ:
‘‘ਬਲਵੰਤ ਸਿੰਘ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਉਸ ਦੀ ਸ਼ਖ਼ਸੀਅਤ ਦਾ ਸਪਸ਼ਟ ਸੰਕੇਤ ਦਿੰਦੀਆਂ ਹਨ। ਉਹ ਜੀਵਨ ਦਾ ਕਲਾਕਾਰ ਹੈ, ਜੋ ਉਸ ਦੇ ਜਿਉਂਦੇ ਪਾਤਰਾਂ ਵਾਂਗ ਵਹਿੰਦਾ ਹੈ। ਉਹ ਕਹਾਣੀਕਾਰ ਨਾਲੋਂ ਚਿੱਤਰਕਾਰ ਜ਼ਿਆਦਾ ਹੈ। ਉਸ ਵਿਚਲੇ ਵੱਖ-ਵੱਖ ਰੰਗ ਇਕਮੁੱਠ ਹੋ ਅਜਿਹਾ ਰੰਗ ਪੈਦਾ ਕਰਦੇ ਹਨ ਕਿ ਹਰ ਰੰਗ ਕਲਾਕਾਰ ਦੀ ਰੂਹ ਦਾ ਪ੍ਰਤੀਬਿੰਬ ਜਾਪਦਾ ਹੈ। ਉਸ ਦੀ ਲਿਖਤ ਜ਼ਿੰਦਗੀ ਦੇ ਕਿਸੇ ਵਿਸ਼ੇਸ਼ ਕੋਨੇ ਤੱਕ ਸੀਮਤ ਨਹੀਂ ਹੈ। ਹਰ ਪਲ ਮਨ ਦੀਆਂ ਸੀਮਾਵਾਂ ਵਿਸਤ੍ਰਿਤ ਹੁੰਦੀਆਂ ਹਨ। ਪਾਠਕ ਦੇ ਮਾਨਸਿਕ ਦਾ ਮੇਲ ਵੀ ਕਲਾਕਾਰ ਦੀ ਪ੍ਰਤਿਭਾ ਨੂੰ ਛੋਹ ਲੈਂਦਾ ਹੈ। ਜੇਕਰ ‘ਤਾਰੋ’ ਪੁਦ ਦੀਆਂ ਕੁਝ ਕਹਾਣੀਆਂ ਪੇਂਡੂ ਜੀਵਨ ਨੂੰ ਦਰਸਾਉਂਦੀਆਂ ਹਨ ਤਾਂ ਉਸ ਦਾ ਕੁਝ ਅਧਿਐਨ ਸ਼ਹਿਰੀ ਪਾਤਰਾਂ ਦੇ ਆਲੇ-ਦੁਆਲੇ ਘੁੰਮਦਾ ਹੈ। ਉਸ ਦੀ ਸਚਾਈ ਹਰ ਪਾਸੇ ਸਰਗਰਮ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਸ ਦੀਆਂ ਵਧੀਆਂ ਰਚਨਾਵਾਂ ਉਰਦੂ ਕਹਾਣੀ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨਗੀਆਂ।’’ ਇਨ੍ਹਾਂ ਸਤਰਾਂ ਦੇ ਹੇਠਾਂ ਮੇਰਾ ਨਾਮ ਛਪਿਆ ਹੋਇਆ ਸੀ। ਇਨ੍ਹਾਂ ਸਤਰਾਂ ਨਾਲ ਹੀ ਮੈਂ ਉਸ ਸ਼ਾਮ ‘ਜੱਗਾ’ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਸੀ। ਫਿਰ ਵੀ ਮੈਂ ਇਹ ਨਹੀਂ ਸਮਝ ਸਕਿਆ ਕਿ ਇਨ੍ਹਾਂ ਪੰਕਤੀਆਂ ਵਿਚ ਤਾਰੋ ਪੁਦ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਿਵੇਂ ਕੀਤਾ ਗਿਆ ਹੈ।
ਉਹ ਸਾਹਮਣਿਉਂ ਹੱਸਦਾ ਰਿਹਾ। ਫਿਰ ਉਸ ਨੇ ਕਿਹਾ, ‘‘ਯੈੱਸ ਮਾਈ ਡੀਅਰ, ਇਹਦੇ ’ਚ ਚਿੰਤਾ ਕਰਨ ਦੀ ਕੀ ਗੱਲ ਹੈ? ‘ਤਾਰੋ ਪੁਦ’ ਦੀ ਬਜਾਏ ਤੂੰ ਮੇਰਾ ਨਾਮ ਲਿਖਿਆ ਸੀ। ਮੇਰੇ ਪ੍ਰਕਾਸ਼ਕ ਨੇ ਮੇਰਾ ਨਾਮ ਬਦਲ ਕੇ ‘ਤਾਰੋ ਪੁਦ’ ਰੱਖਿਆ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵਿਚ ਸਾਰੀਆਂ ਕਹਾਣੀਆਂ ਸ਼ਾਮਿਲ ਹਨ ਜਿਨ੍ਹਾਂ ਦੀ ਤੂੰ ਪ੍ਰਸ਼ੰਸਾ ਕਰਦਾ ਰਿਹਾ ਏਂ।’’
ਫਿਰ ਜਦੋਂ ਬਲਵੰਤ ਸਿੰਘ ਵੀ ਦਿੱਲੀ ਵਿਚ ਪ੍ਰਕਾਸ਼ਨ ਵਿਭਾਗ ਵਿਚ ਸ਼ਾਮਲ ਹੋ ਗਿਆ ਤਾਂ ਅਸੀਂ ਸੱਚਮੁੱਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਏ। ਕਈ ਵਾਰ ਸਾਡੇ ਦੋਸਤਾਂ ਨੇ ਸਾਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਬਚ ਗਏ। ਇਸ ਵਿਚ ਮੈਂ ਆਪ ਵੱਧ ਤੋਂ ਵੱਧ ਕ੍ਰੈਡਿਟ ਲੈਣਾ ਚਾਹੁੰਦਾ ਹਾਂ।
ਭਾਵੇਂ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ ਕਿ ਬਲਵੰਤ ਸਿੰਘ, ਜਿਹੜਾ ਝਗੜਾਲੂ ਕਿਸਮ ਦਾ ਸਾਹਿਤਕਾਰ ਹੈ, ਅੰਦਰੋਂ ਇਕ ਬਹੁਤ ਹੀ ਸੁਲਝਿਆ ਵਿਅਕਤੀ ਹੈ। ਮੈਂ ਹੈਰਾਨ ਹਾਂ ਕਿ ਉਹ ਡਾਂਗ ਕਿਵੇਂ ਚਲਾਉਂਦਾ ਹੋਵੇਗਾ। ਜਿਵੇਂ ਕਿ ਉਹ ਦਾਅਵਾ ਕਰਦਾ ਹੈ।
ਇਕ ਦਿਨ ਮੈਂ ਬਲਵੰਤ ਸਿੰਘ ਨੂੰ ਦਿੱਲੀ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਲਾਅਨ ਵਿਚ ਦੇਖਿਆ। ਉਸ ਕਿਹਾ, ‘‘ਮੈਨੂੰ ਬੰਦੂਕ ਦਾ ਲਾਇਸੈਂਸ ਚਾਹੀਦਾ ਹੈ।’’
ਮੈਂ ਉਸ ਵੱਲ ਨਿਗਾਹ ਮਾਰੀ। ਉਸ ਨੇ ਕਿਹਾ, ‘‘ਯੈੱਸ ਮਾਈ ਡੀਅਰ, ਚਿੰਤਾ ਨਾ ਕਰ। ਮੈਨੂੰ ਸ਼ਿਕਾਰ ਕਰਨ ਦਾ ਸ਼ੌਕ ਹੈ। ਮੈਂ ਸੋਚਿਆ ਕਿ ਕਿਉਂ ਨਾ ਆਪਣੀ ਵੀ ਕੋਈ ਬੰਦੂਕ ਹੋਵੇ?’’
ਫਿਰ ਇਕ ਦਿਨ ਮੈਨੂੰ ਪਤਾ ਲੱਗਾ ਕਿ ਇਸੇ ਦੌਰਾਨ ‘ਜੱਗੇ’ ਨੇ ਬੰਦੂਕਾਂ ਬਾਰੇ ਦੁਨੀਆਂ ਭਰ ਦੀ ਜਾਣਕਾਰੀ ਹਾਸਲ ਕਰ ਲਈ ਸੀ। ਬਸ ਉਸੇ ਦਿਨ ਇਕ ਸੱਜਣ ਉਸ ਨੂੰ ਮਿਲਣ ਆਇਆ ਹੋਇਆ ਸੀ ਜੋ ਜੱਦੀ-ਪੁਸ਼ਤੀ ਸ਼ਿਕਾਰੀ ਜਾਪਦਾ ਸੀ। ਇਹ ਵੀ ਸਾਹਮਣੇ ਆਇਆ ਕਿ ਇਹ ਵਿਅਕਤੀ ਲਿਖਣ ਦਾ ਵੀ ਸ਼ੌਕੀਨ ਹੈ। ਇਸ ਨੂੰ ਸ਼ਿਕਾਰ ਕਰਨ ਦਾ ਵੀ ਚਸਕਾ ਹੈ। ਇਕ ਵਾਰ ਇਸ ਨੇ ਆਪਣੀ ਕਿਤਾਬ ਦੀ ਸਾਰੀ ਰਾਇਲਟੀ ਦੇ ਕਾਰਤੂਸ ਖਰੀਦ ਲਏ ਸਨ। ਪੂਰਾ ਇਕ ਘੰਟਾ ‘ਜੱਗਾ’ ਉਸ ਲੇਖਕ ਨਾਲ ਵੱਖ-ਵੱਖ ਕੰਪਨੀਆਂ ਵੱਲੋਂ ਬਣਾਈਆਂ ਬੰਦੂਕਾਂ ਅਤੇ ਉਨ੍ਹਾਂ ਵਿਚ ਵਰਤੇ ਜਾਂਦੇ ਕਾਰਤੂਸਾਂ ਬਾਰੇ ਗੱਲ ਕਰਦਾ ਰਿਹਾ। ਗੱਲ ਦੀ ਸੁਰ ਬਦਲਣ ਲਈ ਮੈਂ ਬਲਵੰਤ ਸਿੰਘ ਦੀ ਨਵੀਂ ਕਹਾਣੀ ‘ਕਾਲੇ ਕੋਸ’ ਦੀ ਚਰਚਾ ਸ਼ੁਰੂ ਕਰ ਦਿੱਤੀ ਜਿਹੜੀ ਲਾਹੌਰ ਤੋਂ ਛਪਦੇ ‘ਸਵੇਰਾ’ ਦੇ ਨਵੇਂ ਅੰਕ ਵਿਚ ਛਪੀ ਸੀ। ਪਾਕਿਸਤਾਨ ਬਣਨ ਤੋਂ ਬਾਅਦ ਕਿਵੇਂ ਇਕ ਸਿੱਖ ਇਕ ਗੁਆਂਢੀ ਮੁਸਲਿਮ ਪਰਿਵਾਰ ਨੂੰ ਆਪਣੀ ਰੱਖਿਆ ਹੇਠ ਪਾਕਿਸਤਾਨ ਦੀ ਸਰਹੱਦ ’ਤੇ ਛੱਡਣ ਜਾਂਦਾ ਹੈ। ਇਹ ਇਸ ਕਹਾਣੀ ਦਾ ਕਥਾਨਕ ਸੀ ਜਿਸ ਦੀ ਮੈਂ ਦਿਲੋਂ ਸ਼ਲਾਘਾ ਕੀਤੀ। ਮੈਨੂੰ ਇਸ ਦੀ ਸ਼ੈਲੀ ਅਤੇ ਸਥਾਈ ਪ੍ਰਭਾਵ ਪਸੰਦ ਆਇਆ, ਪਰ ਜੱਗੇ ਦਾ ਧਿਆਨ ਬੰਦੂਕ ਤੇ ਕਾਰਤੂਸ ਵੱਲ ਸੀ। ਮੈਂ ਖਿੱਝ ਕੇ ਕਿਹਾ, ‘‘ਇਕ ਗੱਲ ਸੁਣ ਲੋ, ਫਿਰ ਮੈਂ ਚਲਾ ਜਾਵਾਂਗਾ ਤਾਂ ਤੁਸੀਂ ਮਜ਼ੇ ਨਾਲ ਬੰਦੂਕ ਅਤੇ ਕਾਰਤੂਸ ਬਾਰੇ ਗੱਲਾਂ ਕਰਦੇ ਰਹਿਓ।’’ ‘‘ਹਾਂ, ਹਾਂ, ਦੱਸੋ ਸਾਹਬ’’, ਦੂਜੇ ਵਿਅਕਤੀ ਨੇ ਟੋਕਿਆ। ‘‘ਹਾਂ ਤਾਂ ਦੱਸ, ਤੂੰ ਅਗਲੇ ਨਾਵਲ ਦਾ ਪਲਾਟ ਕੀ ਸੋਚਿਆ ਹੈ? ਦੇਖ ਭਰਾਵਾ, ‘ਰਾਤ, ਚੋਰ ਤੇ ਚੰਦ’ ਦੇ ਰੁਮਾਂਟਿਕ ਮਾਹੌਲ ਦੀ ਥਾਂ ਹੁਣ ਆਪਣੇ ਨਾਵਲ ਨੂੰ ਕਿਸੇ ਲੋਕ ਲਹਿਰ ਦੇ ਆਲੇ-ਦੁਆਲੇ ਘੁੰਮਾ।’’
‘‘ਯੈੱਸ ਮਾਈ ਡੀਅਰ’’, ਬਲਵੰਤ ਸਿੰਘ ਨੇ ਮੈਨੂੰ ਛੁੱਟੀ ਦਿੰਦਿਆਂ ਕਿਹਾ, ‘‘ਮੈਂ ਉਨ੍ਹਾਂ ਵਿਚੋਂ ਨਹੀਂ ਹਾਂ ਜੋ ਨਾਵਲਾਂ ਨੂੰ ਸਿਰਫ਼ ‘ਚੂੰ ਚੂੰ ਦਾ ਮੁਰੱਬਾ’ ਸਮਝਦੇ ਹਨ। ਮੇਰੇ ਭਰਾ, ਮੈਂ ਆਪਣਾ ਕੰਮ ਯਕੀਨਨ ਚੰਗੀ ਤਰ੍ਹਾਂ ਜਾਣਦਾ ਹਾਂ।’’
ਬਲਵੰਤ ਸਿੰਘ ਦੇ ਚੁਟਕਲੇ ਹਰ ਵੇਲੇ ਹਵਾ ਵਿਚ ਤੈਰਦੇ ਜਾਪਦੇ ਹਨ। ਉਹ ਖ਼ੁਸ਼ ਰਹਿੰਦਾ ਹੈ। ਉਹ ਘੱਟ ਹੀ ਗੁੱਸੇ ਹੁੰਦਾ ਹੈ। ਜੇ ਗੁੱਸਾ ਆ ਜਾਏ ਤਾਂ ਉਹ ਉਸ ਨੂੰ ਅੰਦਰੋ-ਅੰਦਰ ਪੀਣ ਦੀ ਕਲਾ ਵੀ ਜਾਣਦਾ ਹੈ। ਉਸ ਦਾ ਬੋਲਣ ਦਾ ਆਪਣਾ ਹੀ ਅੰਦਾਜ਼ ਹੈ। ਕਿਤਾਬਾਂ ਦੀਆਂ ਦੁਕਾਨਾਂ ’ਤੇ ਪਈਆਂ ਨਵੀਆਂ ਕਿਤਾਬਾਂ ਵੱਲ ਉਸ ਦੀਆਂ ਨਜ਼ਰਾਂ ਨਵੇਂ ਸ਼ਿਕਾਰ ਦੀ ਖੋਜ ਕਰ ਰਹੇ ਸ਼ਿਕਾਰੀ ਵਾਂਗ ਉਨ੍ਹਾਂ ਉਪਰ ਟਿਕ ਜਾਂਦੀਆਂ ਹਨ। ਉਹ ਚਾਹ ਦਾ ਸ਼ੌਕੀਨ ਹੈ। ਜਦੋਂ ਚਾਹੋ, ਚਾਹ ਦੇ ਕੱਪ ’ਚ ਤੂਫ਼ਾਨ ਉੱਠਦਾ ਦੇਖ ਲਓ।
ਕਦੇ ਕਦੇ ਦੇਹਰਾਦੂਨ ਅਤੇ ਜੌਨਸਰ ਬਾਬਰ ਵਿਚਕਾਰ ਕਾਲਪਨਿਕ ਸੀਮਾ ਰੇਖਾ ਦਾ ਜ਼ਿਕਰ ਕਰਦਿਆਂ ਉਹ ਕਹੇਗਾ, ‘‘ਉਸ ਪਾਰ ਗਿਆ ਹੋਇਆ ਮਨੁੱਖ ਕਦੇ ਵਾਪਸ ਨਹੀਂ ਆਉਂਦਾ।’’ ‘‘ਹਾਂ, ਹਾਂ’’, ਮੈਂ ਕਿਹਾ, ‘‘ਕੀ ਕਿਸੇ ਕਹਾਣੀ ਵੱਲ ਇਸ਼ਾਰਾ ਕਰ ਰਿਹਾ ਏਂ ਬਲਵੰਤ?’’
‘‘ਕਹਾਣੀ ਨੂੰ ਗੋਲੀ ਮਾਰ।’’ ਆਖ਼ਰਕਾਰ ਮਾਮਲਾ ਰਾਜਿੰਦਰ ਸਿੰਘ ਬੇਦੀ ’ਤੇ ਹੀ ਫਸ ਜਾਂਦਾ ਹੈ। ਰਾਜਿੰਦਰ ਸਿੰਘ ਬੇਦੀ ਦੇ ਸਕੈਚ ਦਾ ਹਵਾਲਾ ਦੇ ਕੇ ਉਸ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਚਰਚਾ ਸ਼ੁਰੂ ਕਰ ਦਿੰਦਾ ਹੈ। ਚਾਹ ਦੇ ਕੱਪ ਵਿਚ ਤੂਫ਼ਾਨ ਹੋਰ ਵੀ ਤੇਜ਼ ਹੋ ਸਕਦਾ ਹੈ ਜੇਕਰ ਚਾਹ ਦੇ ਨਾਲ-ਨਾਲ ਗਰਮ ਸਮੋਸਿਆਂ ਅਤੇ ਰਸਗੁੱਲਿਆਂ ਦੇ ਇਲਾਵਾ ਬਲਵੰਤ ਸਿੰਘ ਵਾਸਤੇ ਆਮਲੇਟ ਵੀ ਆ ਜਾਵੇ। ਪਰ ਆਮਲੇਟ, ਮੈਨੂੰ ਸਵੀਕਾਰ ਨਹੀਂ।
ਗੱਲਬਾਤ ਦਾ ਰੁਖ਼ ਕ੍ਰਿਸ਼ਨ ਚੰਦਰ, ਮੰਟੋ ਅਤੇ ਇਸਮਤ ਵੱਲ ਹੋ ਜਾਂਦਾ ਹੈ, ਪਰ ਜਲਦੀ ਹੀ ਜਹਾਜ਼ ਫਿਰ ਪਹਿਲੀ ਬੰਦਰਗਾਹ ’ਤੇ ਪਹੁੰਚ ਜਾਂਦਾ ਹੈ। ਵਾਹ, ਇਹ ਕਿੰਨੀ ਸੋਹਣੀ ਬੰਦਰਗਾਹ ਹੈ। ਹਾਂ, ਵਿਸ਼ਾ ਫਿਰ ਬੇਦੀ ਨੂੰ ਛੂਹਣ ਲੱਗਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਬੇਦੀ ਦਾ ਮੁੱਦਾ ਵਾਰ-ਵਾਰ ਕਿਉਂ ਆਉਂਦਾ ਹੈ? ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ। ਜਾਂ ਤਾਂ ਅਸੀਂ ਦੋਵੇਂ ਇਕੱਠੇ ਬੇਦੀ ’ਤੇ ਮਰਦੇ ਹਾਂ, ਜਾਂ ਅਸੀਂ ਦੋਵੇਂ ਉਸ ਨੂੰ ਬਰਾਬਰ ਨਫ਼ਰਤ ਕਰਦੇ ਹਾਂ। ਮੈਂ ਸਿਰਫ਼ ਪਹਿਲੇ ਕਥਨ ਨੂੰ ਸੱਚ ਮੰਨਦਾ ਹਾਂ ਕਿਉਂਕਿ ਗ਼ਰੀਬ ਬੇਦੀ ਸਾਡਾ ਕਦੇ ਕੁਝ ਨਹੀਂ ਵਿਗਾੜ ਸਕਦਾ।
ਬਲਵੰਤ ਕਹਿੰਦਾ ਹੈ, ‘‘ਬੇਦੀ ਸਾਡਾ ਕੁਝ ਨੁਕਸਾਨ ਕਰਨਾ ਚਾਹੇ ਤਾਂ ਅਸੀਂ ਉਸ ਨੂੰ ਕਰਾਰੀ ਮੋੜਵੀਂ ਸੱਟ ਮਾਰ ਸਕਦੇ ਹਾਂ।’’ ਮੈਂ ਆਖਦਾ ਹਾਂ, ‘‘ਬੇਦੀ ਬਹੁਤ ਕਾਬਲ ਆਦਮੀ ਹੈ।’’ ‘‘ਹੈ ਜਾਂ ਸੀ?’’ ਬਲਵੰਤ ਪੁੱਛਦਾ ਹੈ।
‘‘ਅਜਿਹਾ ਨਾ ਕਹਿ ਭਰਾਵਾ, ਆਖ਼ਰਕਾਰ ਬੇਦੀ ਦੀਆਂ ਕਹਾਣੀਆਂ ਉਰਦੂ ਸਾਹਿਤ ਉੱਤੇ ਹਾਵੀ ਨੇ।’’
‘‘ਯੈੱਸ ਮਾਈ ਡੀਅਰ, ਤੁਸੀਂ ਵੀ ਅਜਿਹੇ ਹੀ ਹੋ। ਹੁਣ ਬੇਦੀ ਨੇ ਲਿਖਣਾ- ਪਬਲਿਸ਼ ਕਰਨਾ ਛੱਡ ਦਿੱਤਾ ਹੈ। ਹੁਣ ਉਸ ਨੂੰ ਸਿਨੇਮੇ ਤੋਂ ਹੀ ਵਿਹਲ ਨਹੀਂ ਹੈ। ਹਾਂ, ਉਹ ਬਹੁਤ ਪੈਸਾ ਕਮਾ ਰਿਹਾ ਹੈ ਹਾਲਾਂਕਿ ਉਸ ਨੂੰ ਮੇਰੇ ਨਾਲ ਸ਼ਿਕਾਇਤ ਹੈ। ਕੋਈ ਭਲਾ ਆਦਮੀ ਨੂੰ ਪੁੱਛੇ ਕਿ ਕੀ ਮੈਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੈ?’’
ਇਕ ਵਾਰ ਫਿਰ ਚਰਚਾ ਬੇਦੀ ਦੇ ਸਕੈੱਚ ਵੱਲ ਮੁੜਦੀ ਹੈ ਜੋ ਕਿ ਬਲਵੰਤ ਸਿੰਘ ਦੀ ਲੇਖਣੀ ਦਾ ਅਸਲ ਚਮਤਕਾਰ ਹੈ। ‘‘ਯੈੱਸ ਮਾਈ ਡੀਅਰ, ਮੈਂ ਲਿਖਿਆ ਹੈ,’’ ਬਲਵੰਤ ਅੱਖਾਂ ਝਪਕਦਿਆਂ ਕਹਿੰਦਾ ਹੈ, ‘‘ਮੈਂ ਲਿਖਿਆ ਹੈ ਕਿ ਬੇਦੀ ਦਾ ਕੱਦ ਛੋਟਾ, ਚੌਂਹਠ ਇੰਚ, ਪਤਲਾ ਜਿਹਾ ਸਰੀਰ ਹੈ। ਕੋਈ ਦੱਸੇ ਮੈਂ ਕਿਹੜਾ ਝੂਠ ਲਿਖਿਆ ਹੈ?’’
‘‘ਤੂੰ ਵੀ ਕਿਹੜਾ ਲੰਬਾ ਏਂ, ਮੇਰੇ ਦੋਸਤ। ਹਾਂ, ਤੈਨੂੰ ਦੁਬਲਾ-ਪਤਲਾ ਕਹਿਣ ਦੀ ਗ਼ਲਤੀ ਨਹੀਂ।’’
ਪਿੱਛੇ ਜਿਹੇ ਕ੍ਰਿਸ਼ਨ ਚੰਦਰ ਦਿੱਲੀ ਆਇਆ ਤਾਂ ਸਾਨੂੰ ਉਸ ਨਾਲ ਦੋ-ਤਿੰਨ ਸ਼ਾਮਾਂ ਬਿਤਾਉਣ ਦਾ ਮੌਕਾ ਮਿਲਿਆ ਜਿਸ ਨੂੰ ਬਲਵੰਤ ਅਕਸਰ ‘ਲਟਕਦੀਆਂ ਹੋਈਆਂ ਸ਼ਾਮਾਂ’ ਕਹਿਣਾ ਪਸੰਦ ਕਰਦਾ ਹੈ।
ਉਨ੍ਹਾਂ ਲਟਕਦੀਆਂ ਸ਼ਾਮਾਂ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ। ਮੈਂ ਦੇਖਿਆ ਕਿ ਬਲਵੰਤ ਹੋਰਾਂ ਨਾਲੋਂ ਵੱਧ ਚੁਟਕਲੇ ਸੁਣਾ ਰਿਹਾ ਸੀ। ਉਹ ਪੁਰਾਣੇ ਚੁਟਕਲਿਆਂ ਵਿਚ ਵੀ ਨਵਾਂ ਰੰਗ ਜੋੜਦਾ ਰਿਹਾ। ਉਸ ਨੇ ਕੁਝ ਪੰਜਾਬੀ ਲੋਕ ਗੀਤ ਵੀ ਸੁਣਾਏ ਜਿਨ੍ਹਾਂ ਦਾ ਪਾਠ ਵੱਡੇ ਇਕੱਠ ਵਿਚ ਨਹੀਂ ਕੀਤਾ ਜਾ ਸਕਦਾ।
ਸ਼ਾਇਦ ਇਹ ਚਾਹ ਦੇ ਕੱਪਾਂ ਦਾ ਤੂਫ਼ਾਨ ਸੀ। ਅਸੀਂ ਸਾਰੀ ਦੁਨੀਆਂ ਨੂੰ ਪੁੱਟ ਸੁੱਟਿਆ। ਅਨੇਕ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਾਡੀ ਗੱਲਬਾਤ ਨੂੰ ਛੋਹਿਆ। ਇਧਰ-ਉਧਰ ਭਟਕਣ ਤੋਂ ਬਾਅਦ ਗੱਲਬਾਤ ਫਿਰ ਕਿਸੇ ਮਜ਼ਾਕ ’ਤੇ ਅਟਕ ਜਾਂਦੀ ਅਤੇ ਬਲਵੰਤ ਕੁਰਸੀ ਤੋਂ ਉਛਲ ਕੇ ਪੁੱਛਦਾ, ‘‘ਹਾਂ, ਹੁਣ ਦੱਸੋ ਕ੍ਰਿਸ਼ਨ ਜੀ।’’
- ਅਨੁਵਾਦ: ਜਗਤਾਰਜੀਤ ਸਿੰਘ
ਸੰਪਰਕ: 98990-91186