ਬਲਵੰਤ ਸਿੰਘ ਕਪੂਰ ਹਾਕੀ: ਰਾਊਂਡ ਗਲਾਸ ਅਕੈਡਮੀ ਕੁਆਰਟਰ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 19 ਨਵੰਬਰ
ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਪੀਆਈਐੱਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ 7-1 ਨਾਲ ਹਰਾ ਕੇ ਅੱਜ ਇੱਥੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਗੇੜ ਦੇ ਚਾਰ ਮੈਚ ਖੇਡੇ ਗਏ। ਪਹਿਲੇ ਮੈਚ ਵਿੱਚ ਨਾਮਧਾਰੀ ਇਲੈਵਨ ਅਤੇ ਏਕਨੂਰ ਹਾਕੀ ਅਕੈਡਮੀ ਤੇਹਿੰਗ ਦੀਆਂ ਟੀਮਾਂ 1-1 ਨਾਲ ਬਰਾਬਰ ਰਹੀਆਂ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਦੂਜੇ ਮੈਚ ਵਿੱਚ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਸੋਨੀਪਤ ਨੇ ਐੱਸਜੀਪੀਸੀ ਅੰਮ੍ਰਿਤਸਰ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਦੋ ਗੋਲ ਕਰਨ ਲਈ ਸੋਨੀਪਤ ਦੇ ਆਸ਼ੂ ਮੌਰਿਆ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਤੀਜੇ ਮੈਚ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਪੀਆਈਐੱਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਨੂੰ 7-1 ਨਾਲ ਹਰਾ ਕੇ 6 ਅੰਕਾਂ ਨਾਲ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਰਾਊਂਡ ਗਲਾਸ ਦੇ ਗੁਰਸੇਵਕ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੇਫਈ ਨੂੰ 4-0 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।