ਬਲਵੰਤ ਕਪੂਰ ਹਾਕੀ ਕੱਪ: ਜਲੰਧਰ ਤੇੇ ਸੋਨੀਪਤ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
ਪਾਲ ਸਿੰਘ ਨੌਲੀ
ਜਲੰਧਰ, 25 ਨਵੰਬਰ
17ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਖਿਤਾਬ ਲਈ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਸਟੇਟ ਸਪੋਰਟਸ ਹੋਸਟਲ ਲਖਨਊ ਨੂੰ 4-3 ਦੇ ਫਰਕ ਨਾਲ ਹਰਾ ਕੇ ਅਤੇ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਨੇ ਸਰਕਾਰੀ ਮਾਡਲ ਸਕੂਲ ਸੈਕਟਰ-37 ਚੰਡੀਗੜ੍ਹ ਨੂੰ 7-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਫਾਈਨਲ ਮੈਚ ਐਤਵਾਰ 26 ਨਵੰਬਰ ਨੂੰ ਬਾਅਦ ਦੁਪਹਿਰ 2 ਵਜੇ ਖੇਡਿਆ ਜਾਵੇਗਾ।
ਫਾਈਨਲ ਮੈਚ ਤੋਂ ਬਾਅਦ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐੱਮਐੱਫ ਫਾਰੂਕੀ ਏਡੀਜੀਪੀ ਸਟੇਟ ਆਰਮਡ ਫੋਰਸ ਕਰਨਗੇ, ਜਦੋਂਕਿ ਇੰਦਰਬੀਰ ਸਿੰਘ ਡੀਆਈਜੀ ਪੰਜਾਬ ਪੁਲੀਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਜੇਤੂ ਟੀਮ ਨੂੰ ਮਾਤਾ ਪ੍ਰਕਾਸ਼ ਕੌਰ ਕੱਪ, ਜੇਤੂ ਟਰਾਫੀ ਅਤੇ 1.50 ਲੱਖ ਰੁਪਏ ਨਕਦ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦੋਂਕਿ ਉਪ ਜੇਤੂ ਟੀਮ ਨੂੰ ਟਰਾਫੀ ਦੇ ਨਾਲ ਇਕ ਲੱਖ ਰੁਪਏ, ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 80,000 ਰੁਪਏ ਨਕਦ ਅਤੇ ਟਰਾਫੀ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 60,000 ਰੁਪਏ ਨਕਦ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਕਮੇਟੀ ਵਲੋਂ 6 ਬੇਹਤਰੀਨ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਦਸ-ਦਸ ਹਜ਼ਾਰ ਰੁਪਏ ਨਕਦ ਨਾਲ ਸਨਮਾਨਿਤ ਕੀਤਾ ਜਾਵੇਗਾ। ਫੇਅਰ ਪਲੇਅ ਟਰਾਫੀ ਹਰਮੋਹਿੰਦਰ ਕੌਰ ਦੀ ਯਾਦ ਵਿੱਚ ਦਿੱਤੀ ਜਾਵੇਗੀ।
ਅੱਜ ਮੁੱਖ ਮਹਿਮਾਨ ਓਲੰਪੀਅਨ ਚਰਨਜੀਤ ਕੁਮਾਰ, ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਅਤੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।