ਕੈਨੇਡਾ ਦੇ ਪਹਿਲੇ ਦਸਤਾਰਧਾਰੀ ਪੁਲੀਸ ਅਫਸਰ ਬਲਤੇਜ ਢਿੱਲੋਂ ‘ਵਰਕਸੇਫ ਬੀਸੀ’ ਦੇ ਮੁਖੀ ਬਣੇ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਜੁਲਾਈ
ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਕੇਂਦਰੀ ਪੁਲੀਸ ਵਿਚ ਭਰਤੀ ਹੋਏ ਬਲਤੇਜ ਸਿੰਘ ਢਿੱਲੋਂ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ‘ਵਰਕਸੇਫ ਬੀਸੀ’ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਤਿੰਨ ਸਾਲ ਇਸ ਅਹਿਮ ਅਹੁਦੇ ’ਤੇ ਰਹਿਣਗੇ। ‘ਵਰਕਸੇਫ’ ਸੂਬੇ ਦੇ ਹਰ ਤਰ੍ਹਾਂ ਦੇ ਕਾਮਿਆਂ ਦੀਆਂ ਕੰਮ ਵਾਲੀਆਂ ਥਾਵਾਂ ਉੱਤੇ ਸੁਰੱਖਿਆ ਪ੍ਰਬੰਧ ਠੀਕ ਹੋਣਾ ਯਕੀਨੀ ਬਣਾਉਂਦਾ ਹੈ ਅਤੇ ਕਿਸੇ ਹਾਦਸੇ ਦੀ ਹਾਲਤ ਵਿਚ ਕਾਮੇ ਦੇ ਅੰਗਹੀਣ ਹੋਣ ਕਾਰਨ ਉਸ ਦੇ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਕਰਦਾ ਹੈ। ਬਲਤੇਜ ਸਿੰਘ ਢਿੱਲੋਂ ਦੇ ਵਰਕਸੇਫ ਬੀਸੀ ਦੇ ਡਾਇਰੈਕਟਰ ਬਣਨ ਨਾਲ ਇਸ ਅਹੁਦੇ ਉਤੇ ਪਹਿਲੀ ਵਾਰ ਕਿਸੇ ਦੱਖਣ ਏਸ਼ਿਆਈ ਮੂਲ ਦੇ ਵਿਅਕਤੀ ਦੀ ਨਿਯੁਕਤੀ ਹੋੲੀ ਹੈ। ਉਹ ਜੂਨ 2026 ਤੱਕ ਇਸ ਅਹੁਦੇ ’ਤੇ ਰਹਿਣਗੇ, ਜਿਸ ਵਿਚ ਮੁੜ ਵਾਧਾ ਵਿਅਕਤੀ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਮਰਜ਼ੀ ਉਤੇ ਨਿਰਭਰ ਕਰੇਗਾ। ਪੁਲੀਸ ’ਚੋਂ ਸੇਵਾਮੁਕਤੀ ਤੋਂ ਬਾਅਦ 2017 ’ਚ ਉਨ੍ਹਾਂ ਨੂੰ ਕਾਮਿਆਂ ਦੀ ਸੁਰੱਖਿਆ ਬਾਰੇ ਬਣੀ ਸੰਸਥਾ ਦੀ ਕਾਰਜਕਾਰਨੀ ਦਾ ਮੈਂਬਰ ਲਿਆ ਗਿਆ ਸੀ। ਪੁਲੀਸ ਨੌਕਰੀ ਦੌਰਾਨ ਉਨ੍ਹਾਂ ਦਾ ਪੁਲੀਸ ਕਾਰਜਕਾਲ ਜ਼ਿਆਦਾਤਰ ਸਰੀ ਵਿਚ ਰਿਹਾ। ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ ਨੇ ਦੱਸਿਆ ਕਿ ਵਰਕਸੇਫ ਬੀਸੀ ਦੇ ਮੈਂਬਰ ਬਣਨ ਤੋਂ ਬਾਅਦ ਢਿੱਲੋਂ ਦੀਆਂ ਸਿਫਾਰਿਸ਼ਾਂ ’ਤੇ ਉੱਥੇ ਹੋਏ ਸੁਧਾਰਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਕਿ ਉਹ ਹੋਰ ਸੁਧਾਰ ਕਰ ਸਕਣ।