ਬਲੋਚਿਸਤਾਨ: ਚਾਰ ਦਹਿਸ਼ਤੀ ਹਮਲਿਆਂ ’ਚ 37 ਹਲਾਕ
* ਫੌਜ ਵੱਲੋਂ ਜਵਾਬੀ ਕਾਰਵਾਈ ’ਚ 21 ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ
* ਕਈ ਵਾਹਨਾਂ ਨੂੰ ਅੱਗ ਲਾਈ
* ਬਲੋਚ ਲਿਬਰੇਸ਼ਨ ਆਰਮੀ ਨੇ ਹਮਲਿਆਂ ਦੀ ਲਈ ਜ਼ਿੰਮੇਵਾਰੀ
ਕਰਾਚੀ, 26 ਅਗਸਤ
ਪਾਕਿਸਤਾਨ ਦੇ ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿਚ ਹਥਿਆਰਬੰਦ ਹਮਲਾਵਰਾਂ ਨੇ ਚਾਰ ਵੱਖ ਵੱਖ ਘਟਨਾਵਾਂ ਵਿਚ ਪੈਰਾਮਿਲਟਰੀ ਦੇ ਜਵਾਨ ਤੇ ਪੁਲੀਸ ਕਰਮੀਆਂ ਸਣੇ ਘੱਟੋ-ਘੱਟ 37 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹੀ ਨਹੀਂ ਦਹਿਸ਼ਤਗਰਦਾਂ ਨੇ ਮੂਸਾਖੇਲ ਹਾਈਵੇਅ ’ਤੇ 12 ਦੇ ਕਰੀਬ ਵਾਹਨਾਂ ਨੂੰ ਵੀ ਅੱਗ ਲਾ ਦਿੱਤੀ। ਸਰਕਾਰ ਤੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਵੱਖਵਾਦੀ ਸਮੂਹਾਂ ਨਾਲ ਸਬੰਧਤ ਦਹਿਸ਼ਤਗਰਦਾਂ ਨੇ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਚਾਰ ਹਮਲਿਆਂ ਨੂੰ ਅੰਜਾਮ ਦਿੱਤਾ, ਜਿਸ ਵਿਚ 37 ਵਿਅਕਤੀ ਮਾਰੇ ਗਏ ਹਨ। ਉਧਰ ਪਾਕਿਸਤਾਨੀ ਫੌਜ ਨੇ ਇਨ੍ਹਾਂ ਹਮਲਿਆਂ ਮਗਰੋਂ ਵਿੱਢੀ ਕਾਰਵਾਈ ਦੌਰਾਨ 21 ਦਹਿਸ਼ਤਗਰਦਾਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਮਲਿਆਂ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਿਯੋਗ ਤੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਬੰਧਤ ਏਜੰਸੀਆਂ ਨੂੰ ਘਟਨਾ ਦੀ ਜਾਂਚ ਲਈ ਵੀ ਕਿਹਾ ਹੈ।
ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਵੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਬਲੋਚਿਸਤਾਨ ਸਭ ਤੋਂ ਵੱਧ ਸਰਗਰਮ ਦਹਿਸ਼ਤੀ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲੇ ਅਜਿਹੇ ਮੌਕੇ ਕੀਤੇ ਗਏ ਹਨ ਜਦੋਂ ਜਥੇਬੰਦੀ ਨਸਲੀ ਬਲੋਚ ਕਬਾਇਲੀ ਆਗੂ ਨਵਾਬ ਅਕਬਰ ਖ਼ਾਨ ਬੁਗਤੀ ਦੀ 18ਵੀਂ ਬਰਸੀ ਮਨਾ ਰਹੀ ਹੈ। ਪਹਿਲੀ ਘਟਨਾ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ਦੀ ਹੈ ਜਿੱਥੇ ਦਸ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਨੇ ਬੱਸ ਸਵਾਰ 23 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਨ੍ਹਾਂ ਹਮਲਾਵਰਾਂ ਨੇ ਪਹਿਲਾਂ ਕਈ ਬੱਸਾਂ ਨੂੰ ਰੋਕਣ ਮਗਰੋਂ ਉਨ੍ਹਾਂ ਵਿਚੋਂ ਯਾਤਰੀਆਂ ਨੂੰ ਹੇਠਾ ਉਤਾਰਿਆ ਤੇ ਉਨ੍ਹਾਂ ਦੇ ਪਛਾਣ ਪੱਤਰ ਦੇਖਣ ਉਪਰੰਤ 23 ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐੱਸਐੱਸਪੀ ਅਯੂਬ ਖੋਸੋ ਨੇ ਕਿਹਾ ਕਿ ਮ੍ਰਿਤਕਾਂ ਵਿਚੋਂ ਬਹੁਗਿਣਤੀ ਦੱਖਣੀ ਪੰਜਾਬ ਨਾਲ ਸਬੰਧਤ ਹਨ ਤੇ ਕੁਝ ਕੁ ਖੈਬਰ ਪਖਤੂਨਖਵਾ ਨਾਲ ਸਬੰਧਤ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨਸਲੀ ਪਿਛੋਕੜ ਕਰਕੇ ਕਤਲ ਕਰ ਦਿੱਤਾ ਗਿਆ। ਮੂਸਾਖੇਲ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਕੋਈ 450 ਕਿਲੋਮੀਟਰ ਉੱਤਰ ਪੂਰਬ ਵਿਚ ਹੈ।
ਇਕ ਹੋਰ ਹਮਲੇ ਵਿਚ ਹਥਿਆਰਬੰਦ ਹਮਲਾਵਰਾਂ ਨੇ ਬਲੋਚਿਸਤਾਨ ਦੇ ਕਲਾਤ ਜ਼ਿਲ੍ਹੇ ਵਿਚ ਛੇ ਸੁਰੱਖਿਆ ਕਰਮੀਆਂ ਸਣੇ ਘੱਟੋ-ਘੱਟ 11 ਲੋਕਾਂ ਨੂੰ ਮਾਰ ਮੁਕਾਇਆ। ਕਲਾਤ, ਕੋਇਟਾ ਤੋਂ ਕੋਈ 150 ਕਿਲੋਮੀਟਰ ਦੱਖਣ ਵਿਚ ਹੈ ਤੇ ਨਸਲੀ ਬਲੋਚ ਕਬਾਇਲੀਆਂ ਦੇ ਕਬਜ਼ੇ ਵਾਲਾ ਇਲਾਕਾ ਹੈ। ਸੁਰੱਖਿਆ ਦਸਤਿਆਂ ਵਿਚਲੇ ਸੂਤਰਾਂ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਦਹਿਸ਼ਤਗਰਦਾਂ ਨੇ ਬਲੋਚਿਸਤਾਨ ਵਿਚ 24 ਤੇ 25 ਅਗਸਤ ਦੀ ਰਾਤ ਨੂੰ ਕਈ ਥਾਵਾਂ ’ਤੇ ਹਮਲੇ ਕੀਤੇ। ਇਸੇ ਤਰ੍ਹਾਂ ਬੋਲਾਨ ਜ਼ਿਲ੍ਹੇ ਦੇ ਕੋਲਪੁਰ ਇਲਾਕੇ ਵਿਚ ਇਕ ਹੋਰ ਦਹਿਸ਼ਤੀ ਹਮਲੇ ਵਿਚ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਜਦੋਂਕਿ ਮਸਤੰਗ ਜ਼ਿਲ੍ਹੇ ਦੇ ਕਾੜਕੂਚਾ ਇਲਾਕੇ ਵਿਚ ਦਹਿਸ਼ਤਗਰਦਾਂ ਨੇ ਇਕ ਪੈਰਾਮਿਲਟਰੀ ਚੌਕੀ ’ਤੇ ਹਮਲਾ ਕੀਤਾ ਤੇ ਇਕ ਲਾਸ਼ ਪਿੱਛੇ ਛੱਡ ਗਏ। ਦਹਿਸ਼ਗਰਦਾਂ ਨੇ ਬੋਲਾਨ ਜ਼ਿਲ੍ਹੇ ਦੇ ਦੋਜ਼ਾਨ ਇਲਾਕੇ ਵਿਚ ਪ੍ਰਮੁੱਖ ਰੇਲਵੇ ਪੁਲ ਨੂੰ ਵੀ ਉਡਾ ਦਿੱਤਾ। ਰਾਸ਼ਟਰਪਤੀ ਜ਼ਰਦਾਰੀ ਨੇ ਕਿਹਾ ਕਿ ਬੇਕਸੂਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਪੂਰੀ ਮਾਨਵਤਾ ਦੀ ਹੱਤਿਆ ਹੈ। ਉਨ੍ਹਾਂ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾਉਣ ਦਾ ਸੱਦਾ ਦਿੱਤਾ। -ਪੀਟੀਆਈ