ਬਲਕੌਰ ਸਿੱਧੂ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ’ਚ ਪ੍ਰਚਾਰ ਲਈ ਜੁਟੇ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਪੰਜਾਬ ਦੇ ਗੁਆਂਢੀ ਸੂਬੇ ਵਿੱਚ ਹੁਣ ਜਦੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਜ਼ੋਰਾਂ ’ਤੇ ਹੈ ਤਾਂ ਉਸ ਵੇਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਕਾਂਗਰਸ ਪਾਰਟੀ ਲਈ ਲਗਾਤਾਰ ਚੋਣ ਪ੍ਰਚਾਰ ਕਰਨ ਲੱਗੇ ਹਨ। ਇਨ੍ਹਾਂ ਪੰਜਾਬੀ ਇਲਾਕਿਆਂ ਵਿੱਚ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਭਾਜਪਾ ਜਾਂ ਇੰਡੀਅਨ ਨੈਸ਼ਨਲ ਲੋਕ ਪਾਰਟੀ (ਇਨੈਲੋ) ਨਾਲ ਚੋਣ ਸਮਝੌਤੇ ਤਹਿਤ ਜਲਸਿਆਂ ਨੂੰ ਸੰਬੋਧਨ ਕਰਦੇ ਰਹੇ ਹਨ, ਪਰ ਇਸ ਵਾਰ ਨਾ ਤਾਂ ਸ਼੍ਰੋਮਣੀ ਅਕਾਲੀ ਦਲ, ਹਰਿਆਣਾ ’ਚੋਂ ਕਿਤੋਂ ਚੋਣ ਲੜ ਰਿਹਾ ਹੈ ਅਤੇ ਨਾ ਹੀ ਪਾਰਟੀ ਦੇ ਮੁੱਖ ਆਗੂ ਸੰਬੋਧਨ ਕਰਨ ਲੱਗੇ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਜਾ ਕੇ ਆਪਣੇ ਪੁੱਤਰ ਦੇ ਕਤਲ ਮਾਮਲੇ ਵਿੱਚ ਇਨਸਾਫ਼ ਲਈ ਵਾਸਤਾ ਪਾ ਕੇ ਉੱਥੋਂ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਬਾਕਾਇਦਾ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਲੱਗੇ ਹਨ। ਉਨ੍ਹਾਂ ਵੱਲੋਂ ਮਾਨਸਾ ਦੇ ਨਾਲ ਲੱਗਦੇ ਸਿਰਸਾ ਜ਼ਿਲ੍ਹੇ ਦੇ ਏਲਨਾਬਾਦ, ਸਿਰਸਾ, ਕਾਲਿਆਂਵਾਲੀ, ਡੱਬਵਾਲੀ ਅਤੇ ਫ਼ਤਿਆਬਾਦ ਸਮੇਤ ਰਤੀਆ, ਪਿਹੋਵਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਚੋਣ ਜਲਸਿਆਂ ਸਮੇਤ ਪਿੰਡਾਂ ਵਿੱਚ ਸੰਬੋਧਨ ਕਰਨ ਲਈ ਲਗਾਤਾਰ ਜਾਣਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਵੱਲੋਂ ਸੰਬੋਧਨ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਵੱਲੋਂ ਵਿਸ਼ੇਸ਼ ਤੌਰ ’ਤੇ ਡਿਊਟੀ ਲਾਈ ਗਈ ਹੈ।
ਉਹ ਜਦੋਂ ਪਿੰਡਾਂ ਵਿੱਚ ਸੰਬੋਧਨ ਕਰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਣਨ ਲਈ ਪੰਜਾਬੀ ਇਲਾਕਿਆਂ ਦੇ ਲੋਕਾਂ ਸਮੇਤ ਮਾਈਆਂ ਅਤੇ ਨੌਜਵਾਨ ਵੱਡੀ ਪੱਧਰ ’ਤੇ ਆਉਂਦੇ ਹਨ।
‘ਪੇਂਡੂ ਲੋਕਾਂ ਵੱਲੋਂ ਦਿੱਤਾ ਜਾ ਰਿਹੈ ਅਥਾਹ ਪਿਆਰ’
ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਹਰਿਆਣਾ ਦੇ ਲੋਕਾਂ ਵੱਲੋਂ ਇਸ ਚੋਣ ਪ੍ਰਚਾਰ ਦੌਰਾਨ ਜਿਵੇਂ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹੱਥਾਂ ਉੱਤੇ ਚੁੱਕ ਕੇ ਪੰਜਾਬੀ ਇਲਾਕਿਆਂ ਵਿੱਚ ਸੰਬੋਧਨ ਕਰਨ ਲਈ ਵਾਰ-ਵਾਰ ਕਿਹਾ ਜਾਂਦਾ ਸੀ, ਉਵੇਂ ਹੀ ਹੁਣ ਉਨ੍ਹਾਂ ਨੂੰ ਪਿੰਡਾਂ ਵਿੱਚ ਬੋਲਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਇਲਾਕਿਆਂ ਵਿੱਚ ਮਰਹੂਮ ਮੂਸੇਵਾਲਾ ਦੀਆਂ ਫੋਟੋਆਂ ਨੂੰ ਵੀ ਕਾਂਗਰਸ ਦੀਆਂ ਚੋਣ ਰੈਲੀਆਂ ਦੌਰਾਨ ਲਾਇਆ ਜਾਂਦਾ ਹੈ।