ਬਲਕਾਰ ਸਿੱਧੂ ਤੇ ਮਨਜੀਤ ਦਾ ‘ਮਾਣ ਪੰਜਾਬੀ ਦਾ’ ਐਵਾਰਡ ਨਾਲ ਸਨਮਾਨ
ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੂਨ
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਅਦਾਰਾ ਸੈਣੀ ਦੁਨੀਆਂ ਪੱਤ੍ਰਿਕਾ ਵੱਲੋਂ ਸਾਂਝੇ ਤੌਰ ‘ਤੇ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿੱਚ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਕਰਨਲ ਰੁਪਿੰਦਰਜੀਤ ਕੌਰ ਰੰਧਾਵਾ ਨੇ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਨੇ ਕੀਤੀ। ਜਸਟਿਸ ਟਿਵਾਣਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰਧਾਨਗੀ ਮੰਡਲ ਵਿੱਚ ਬਲਕਾਰ ਸਿੰਘ ਸਿੱਧੂ ਤੇ ਮਨਜੀਤ ਸਿੰਘ ਸੈਣੀ ਸਣੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਮਹਿਤਪੁਰੀ, ਕੈਪਟਨ (ਸੇਵਾਮੁਕਤ) ਨਵਨੀਤ ਕੌਰ ਸ਼ਾਮਲ ਸਨ।
ਸਮਾਗਮ ਦੀ ਸ਼ੁਰੂਆਤ ਜਗਤਾਰ ਸਿੰਘ ਜੋਗ ਵੱਲੋਂ ਪ੍ਰਿੰਸੀਪਲ ਗੋਸਲ ਰਚਿਤ ਗੀਤ ‘ਵਿਆਹ ਨਿੱਤ ਹੀ ਟੁੱਟੀ ਜਾਂਦੇ ਨੇ’ ਨਾਲ ਕੀਤੀ ਗਈ। ਉਪਰੰਤ ਸਮਾਗਮ ਦੇ ਪਹਿਲੇ ਪੜਾਅ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨ ਵਾਲੀਆਂ ਦੋ ਸ਼ਖ਼ਸੀਅਤਾਂ ਸੰਗੀਤ ਨਾਟਕ ਅਕੈਡਮੀ ਦੇ ਵਾਈਸ ਚੇਅਰਮੈਨ ਬਲਕਾਰ ਸਿੰਘ ਸਿੱਧੂ ਅਤੇ ਸਕੂਲ ਬੱਸ ਆਪ੍ਰੇਟਰਜ਼ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਨੂੰ ‘ਮਾਣ ਪੰਜਾਬੀ ਦਾ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਮਹਿਤਪੁਰੀ ਨੇ ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਬਾਰੇ ਪਰਚਾ ਪੜ੍ਹਿਆ।
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਮੁੱਖ ਮਹਿਮਾਨ ਕਰਨਲ ਰੁਪਿੰਦਰਜੀਤ ਕੌਰ ਰੰਧਾਵਾ, ਜਸਟਿਸ ਟਿਵਾਣਾ, ਕਰਮਜੀਤ ਸਿੰਘ ਬੱਗਾ, ਕੈਪਟਨ (ਸੇਵਾਮੁਕਤ) ਨਵਨੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੇ ਦੂਜੇ ਪੜਾਅ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਟਰਾਈਸਿਟੀ ਅਤੇ ਦੂਰੋਂ ਆਏ ਕਵੀਆਂ ਨੇ ਆਪੋ-ਆਪਣੀਆਂ ਨਵੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ।
ਕਵੀ ਦਰਬਾਰ ਦੌਰਾਨ ਕਰਮਜੀਤ ਸਿੰਘ ਬੱਗਾ ਵੱਲੋਂ ਅਲਗੋਜ਼ਾ ਵਾਦਨ ਰਾਹੀਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ ਅਤੇ ਮੁੱਖ ਮਹਿਮਾਨ ਕਰਨਲ ਰੁਪਿੰਦਰਜੀਤ ਰੰਧਾਵਾ ਨੇ ਆਪਣੀ ਧੀ ਦੀ ਲਿਖਤ ਅੰਗਰੇਜ਼ੀ ਪੁਸਤਕ ਵਿੱਚੋਂ ਕਵਿਤਾ ਪੜ੍ਹ ਕੇ ਸੁਣਾਈ।