For the best experience, open
https://m.punjabitribuneonline.com
on your mobile browser.
Advertisement

ਕਣਕ ਦੀਆਂ ਬੱਲਾਂ

07:42 AM Apr 19, 2024 IST
ਕਣਕ ਦੀਆਂ ਬੱਲਾਂ
Advertisement

ਸਤਵਿੰਦਰ ਸਿੰਘ ਮੜੌਲਵੀ

Advertisement

ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਮੁੱਢਲੀ ਸਿੱਖਿਆ ਪ੍ਰਾਪਤ ਕਰ ਰਹੇ ਸੀ ਤਾਂ ਵਾਢੀਆਂ ਦੇ ਦਿਨਾਂ ਵਿੱਚ ‘ਚਾਰ ਮਣ ਦਾਣੇ’ ਕਰਨ ਲਈ ਆਪਣੇ ਮਾਤਾ-ਪਿਤਾ ਨਾਲ ਹੱਥ ਵਟਾਉਂਦੇ ਹੁੰਦੇ ਸਾਂ। ਉਦੋਂ ਹੱਥੀਂ ਵਾਢੀ ਕਰਨ ਦਾ ਦੌਰ ਸੀ ਭਾਵੇਂ ਕੁਝ ਕੁ ਘਰ ਕੰਬਾਇਨਾਂ ਨਾਲ ਵੀ ਵਾਢੀ ਕਰਾਉਂਦੇ ਸਨ। ਡੰਗਰ ਵੱਛਾ ਲਗਭਗ ਹਰ ਘਰ ਹੁੰਦਾ ਸੀ ਅਤੇ ਤੂੜੀ ਦੀ ਵੀ ਲੋੜ ਪੈਂਦੀ ਸੀ। ਇਸ ਲਈ ਲੋਕ ਚਾਹੁੰਦੇ ਸਨ ਕਿ ਆਪਣੇ ਖਾਣ ਲਈ ਦਾਣੇ ਹੋਣ ਦੇ ਨਾਲ-ਨਾਲ ਡੰਗਰਾਂ ਪਸ਼ੂਆਂ ਲਈ ਸਾਰਾ ਸਾਲ ਚਾਰਾ ਬਣਿਆ ਰਹੇ।
ਪਿੰਡਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਜਾਂ ਤਾਂ ਇਕੱਲੇ ਜਾਂ ਫਿਰ ਇੱਕ-ਇੱਕ ਦੋ-ਦੋ ਇਕੱਠੇ ਹੋ ਕੇ ਕਣਕ ਦੀ ਵਾਢੀ ਕਰਦੇ ਅਤੇ ਆਪਣੇ ਵਿਤ ਮੁਤਾਬਿਕ ਕਣਕ ਦੇ ਏਕੜ ਵੱਢਣ ਲਈ ਖੇਤ ਦੇ ਮਾਲਕ ਨਾਲ ਗੱਲਬਾਤ ਤੈਅ ਕਰ ਲੈਂਦੇ। ਸਵੇਰੇ ਸਾਝਰੇ ਹੀ ਅਸੀਂ ਵਾਢੀ ਕਰਨ ਤੁਰ ਪੈਂਦੇ ਤੇ ਸ਼ਾਮ ਤੱਕ ਪੂਰਾ ਜ਼ੋਰ ਮਾਰ ਕੇ ਵਾਢੀ ਕਰਦੇ। ਕਣਕ ਦੀਆਂ ਭਰੀਆਂ ਬੰਨ੍ਹ ਸੁਆਰ ਕੇ ਮਾਲਕ ਦੇ ਹਵਾਲੇ ਕਰ ਦਿੰਦੇ। ਸਕੂਲਾਂ ਵਿੱਚ ਭਾਵੇਂ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੁੰਦਾ, ਫਿਰ ਵੀ ਬੱਚੇ ਸਕੂਲ ਤੋਂ ਛੁੱਟੀਆਂ ਲੈ ਕੇ ਆਪਣੇ ਮਾਤਾ-ਪਿਤਾ ਨਾਲ ਵਢਾਈ ਵਿੱਚ ਹੱਥ ਵਟਾਉਂਦੇ; ਸਭ ਨੂੰ ਇਨ੍ਹਾਂ ਦਿਨਾਂ ਦਾ ਲਾਹਾ ਜੋ ਹੁੰਦਾ ਸੀ। ਖੇਤਾਂ ਵਿੱਚ ਵਾਢੀ ਦੇ ਨਾਲ-ਨਾਲ ਬੱਲਾਂ ਚੁਗਣ ਦਾ ਕੰਮ ਵੀ ਨਾਲੋ-ਨਾਲ ਚੱਲਦਾ ਰਹਿੰਦਾ। ਛੋਟੇ ਬੱਚੇ ਜਿਹੜੇ ਮਾਂ-ਬਾਪ ਨਾਲ ਵਾਢੀ ਨਹੀਂ ਕਰਵਾ ਸਕਦੇ ਸਨ, ਉਹ ਖੇਤਾਂ ਵਿੱਚੋਂ ਬੱਲਾਂ ਚੁਗ ਕੇ ਦਾਣੇ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ।
ਸਾਡੇ ਸਮਿਆਂ ਵਿੱਚ ਜਦੋਂ ਕਣਕ ਦੀ ਕਢਾਈ ਹੁੰਦੀ ਤਾਂ ਖੇਤਾਂ ਵਿੱਚ ਡਿੱਗੀਆਂ ਕਣਕ ਦੀਆਂ ਬੱਲੀਆਂ ਜਾਂ ਸਿੱਟਿਆਂ ਨੂੰ ਇੱਕ-ਇੱਕ ਕਰ ਕੇ ਚੁਗਿਆ ਜਾਂਦਾ। ਥੋੜ੍ਹੇ ਉਡਾਰ ਹੋ ਗਏ ਬੱਚੇ ਖ਼ੁਦ ਹੀ ਅਤੇ ਛੋਟੇ ਆਪਣੇ ਮਾਤਾ-ਪਿਤਾ ਜਾਂ ਵੱਡੇ ਭੈਣ-ਭਰਾਵਾਂ ਨਾਲ ਖੇਤਾਂ ਵਿੱਚ ਜਾ ਕੇ ਕਣਕ ਦੀਆਂ ਬੱਲਾਂ ਚੁਗਣ ਦਾ ਉਪਰਾਲਾ ਕਰਦੇ। ਸੁੱਕੀ ਕਣਕ ਦੀਆਂ ਬੱਲਾਂ ਅਕਸਰ ਖੇਤ ਵਿੱਚ ਡਿੱਗ ਜਾਂਦੀਆਂ ਸਨ। ਜਿੱਥੇ ਖੇਤ ਵਿੱਚ ਡਰੰਮੀ ਜਾਂ ਥਰੈਸ਼ਰ ਚੱਲਦਾ ਹੁੰਦਾ, ਅਸੀਂ ਉੱਧਰ ਨੂੰ ਹੋ ਤੁਰਦੇ। ਬੱਲਾਂ ਚੁਗਣ ਜਾਣ ਲਈ ਸਾਡੇ ਕੋਲ ਥੈਲੇ, ਪੱਲੀਆਂ ਜਾਂ ਝੋਲੇ ਹੁੰਦੇ। ਜਿਉਂ-ਜਿਉਂ ਕੱਢਣ ਲਈ ਭਰੀਆਂ ਖੇਤ ਵਿੱਚੋਂ ਚੁੱਕੀਆਂ ਜਾਂਦੀਆਂ, ਅਸੀਂ ਮਗਰ-ਮਗਰ ਬੱਲਾਂ ਚੁੱਕ ਕੇ ਆਪਣੇ ਝੋਲਿਆਂ ਵਿੱਚ ਪਾਈ ਜਾਂਦੇ, ਫਿਰ ਪੱਲੀ ’ਚ ਇਕੱਠੇ ਕਰ ਕੇ ਘਰ ਚੁੱਕ ਲਿਆਉਂਦੇ। ਜਿੱਥੇ ਕਿਤੇ ਵੀ ਚੂਹੇ ਦੀ ਖੁੱਡ ਹੁੰਦੀ, ਉਸ ਵਿੱਚੋਂ ਬੱਲਾਂ ਬਹੁਤ ਮਿਲ ਜਾਂਦੀਆਂ; ਚੂਹਾ ਪਹਿਲਾਂ ਹੀ ਬੱਲਾਂ ਕੁਤਰ-ਕੁਤਰ ਕੇ ਖੁੱਡ ਵਿੱਚ ਰੁੱਗਾਂ ਦੇ ਰੁੱਗ ਭਰ ਲੈਂਦਾ ਤੇ ਬੱਲਾਂ ਚੁੱਕਦਿਆਂ ਕਈ ਵਾਰ ਝੋਲਾ ਚੂਹੇ ਦੀ ਇੱਕੋ ਵੱਡੀ ਖੁੱਡ ਵਿੱਚੋਂ ਭਰ ਜਾਂਦਾ।
ਬੱਲਾਂ ਚੁਗਣ ਦਾ ਇਹ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਅਤੇ ਘਰ ਦੇ ਕਿਸੇ ਖੁੱਲ੍ਹੇ ਥਾਂ ’ਤੇ ਅਸੀਂ ਬਾਹਰੋਂ ਬੱਲਾਂ ਲਿਆ ਕੇ ਇੱਕ ਢੇਰ ਲਗਾ ਲੈਂਦੇ। ਕਈ ਵਾਰ ਲੋਕ ਘਰ ਵਿੱਚ ਹੀ ਥਾਪੀਆਂ/ਮੋਗਰੀਆਂ ਨਾਲ ਬੱਲਾਂ ਕੁੱਟ-ਕੁੱਟ ਕੇ ਦਾਣੇ ਕੱਢ ਲੈਂਦੇ ਤੇ ਜਾਂ ਫਿਰ ਜਦੋਂ ਡਰੰਮੀਆਂ ਖੇਤਾਂ ਵਿੱਚੋਂ ਕਣਕ ਕੱਢਣ ਦਾ ਕੰਮ ਮੁਕਾ ਲੈਂਦੀਆਂ ਤਾਂ ਵਿਹਲੇ ਸਮੇਂ ਉਹ ਬੱਲਾਂ ਕੱਢਣ ਦਾ ਛੋਟਾ-ਮੋਟਾ ਕੰਮ ਵੀ ਕਰ ਦਿੰਦੀਆਂ। ਉਨ੍ਹਾਂ ਨੇ ਦਾਣਿਆਂ ਦੇ ਕੁਝ ਪੀਪਿਆਂ ਮਗਰੋਂ ਆਪਣਾ ਇੱਕ ਪੀਪਾ ਮਿਹਨਤ ਦਾ ਰੱਖਿਆ ਹੁੰਦਾ ਸੀ। ਕਣਕ ਕੱਢਦੇ ਅਤੇ ਬੱਲਾਂ ਚੁੱਕਦੇ ਸਮੇਂ ਕਾਮਿਆਂ ਨੂੰ ਭਾਵੇਂ ਗਰਮੀ ਬਹੁਤ ਸਤਾਉਂਦੀ, ਫਿਰ ਵੀ ਲੋੜ ਹਿੰਮਤ ਨਾ ਹਾਰਨ ਦਿੰਦੀ।
ਮਨ ਮਾਰ ਕੇ ਖੇਤਾਂ ਵਿੱਚੋਂ ਚੁਗੀਆਂ ਬੱਲਾਂ ਵੀ ਸਾਲ ਭਰ ਦੇ ਦਾਣਿਆਂ ਲਈ ਭਰਵਾਂ ਯੋਗਦਾਨ ਪਾ ਦਿੰਦੀਆਂ ਸਨ। ਮਾਂ-ਬਾਪ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਕਿ ਜੇ ਹੋਰ ਨਹੀਂ ਤਾਂ ਚੁਗੀਆਂ ਬੱਲਾਂ ਨਾਲ ਦੁਕਾਨ ’ਤੇ ਦਾਣੇ ਵੇਚ ਕੇ ਤੁਹਾਡੀ ਪੜ੍ਹਾਈ ਅਤੇ ਕੱਪੜਿਆਂ ਦਾ ਖ਼ਰਚ ਹੀ ਪੂਰਾ ਹੋ ਜਾਵੇ, ਇਹੀ ਬਹੁਤ ਹੈ।
ਕਣਕ ਦੇ ਵੱਢਾਂ ਵਿੱਚ ਘੁੰਮਦਿਆਂ ਪੈਰਾਂ ਵਿੱਚ ਕਰਚੇ ਵੱਜ ਜਾਂਦੇ ਅਤੇ ਹੱਥਾਂ ਦਾ ਵੀ ਬੁਰਾ ਹਾਲ ਹੋ ਜਾਂਦਾ। ਕਈ ਵਾਰ ਪੈਰਾਂ ਵਿੱਚੋਂ ਖ਼ੂਨ ਵੀ ਨਿਕਲਣ ਲੱਗ ਪੈਂਦਾ। ਜਿਨ੍ਹਾਂ ਨੇ ਪੈਰਾਂ ਵਿੱਚ ਰਬੜ ਦੇ ਬੂਟ ਪਾਏ ਹੁੰਦੇ, ਉਨ੍ਹਾਂ ਦਾ ਤਾਂ ਕੁਝ ਬਚਾਅ ਹੋ ਜਾਂਦਾ ਪਰ ਘਸੀਆਂ ਟੁੱਟੀਆਂ ਚੱਪਲਾਂ ਵਾਲਿਆਂ ਨੂੰ ਇਹ ਸਭ ਕਸ਼ਟ ਝੱਲਣੇ ਹੀ ਪੈਂਦੇ ਸਨ। ਕਈ ਵਾਰ ਤਾਂ ਵੱਢੀ ਹੋਈ ਕਣਕ ਦੇ ਤਿੱਖੇ, ਕਲਮਾਂ ਵਰਗੇ ਕਰਚੇ ਚੱਪਲ ਵਿਚਦੀ ਹੋ ਕੇ ਪੈਰ ’ਚ ਵੜ ਜਾਂਦੇ ਅਤੇ ਇੱਕ ਵਾਰ ਤਾਂ ਚੀਕਾਂ ਨਿਕਲ ਜਾਂਦੀਆਂ ਪਰ ਉਸ ਸਮੇਂ ਇਹ ਸਭ ਕੁਝ ਆਮ ਸੀ। ਸ਼ਾਮ ਸਮੇਂ ਹੱਥ ਪੈਰ ਧੋ ਕੇ ਸਰ੍ਹੋਂ ਦਾ ਤੇਲ ਲਗਾ ਲੈਂਦੇ ਅਤੇ ਦੂਜੀ ਸਵੇਰ ਲਈ ਕੰਮ ਕਰਨ ਵਾਸਤੇ ਫਿਰ ਤਿਆਰ ਹੋ ਜਾਂਦੇ।
ਕਈ ਵਾਰ ਦਮ ਲੈਣ ਅਤੇ ਧੁੱਪ ਤੋਂ ਬਚਣ ਲਈ ਕੁਝ ਦੇਰ ਖੇਤਾਂ ਦੇ ਆਲੇ-ਦੁਆਲੇ ਲੱਗੇ ਰੁੱਖਾਂ ਦੀ ਛਾਂ ਥੱਲੇ ਵੀ ਜਾ ਬੈਠਦੇ ਅਤੇ ਪਿਆਸ ਬੁਝਾਉਣ ਲਈ ਵਗਦੀ ਠੰਢੇ ਸਾਫ਼ ਪਾਣੀ ਦੀ ਖਾਲ਼ ਵਿੱਚੋਂ ਪਾਣੀ ਬੁੱਕ ਭਰ ਕੇ ਪੀਂਦੇ।
ਇੱਕ ਵਾਰ ਮਾਂ ਨਾਲ ਖੇਤਾਂ ਵਿੱਚ ਬੱਲਾਂ ਚੁਗ ਰਿਹਾ ਸੀ, ਧੁੱਪ ਵੀ ਕਹਿਰਾਂ ਦੀ ਸੀ, ਅਸੀਂ ਦੋਵਾਂ ਨੇ ਬੜੀ ਹਿੰਮਤ ਨਾਲ ਛੇਤੀ ਹੀ ਬੱਲਾਂ ਦੀ ਪੰਡ ਜਿਹੀ ਬਣਾ ਲਈ। ਮੈਂ ਮਾਂ ਨੂੰ ਕਿਹਾ, “ਬੀਬੀ, ਅੱਜ ਤਾਂ ਮੈਂ ਏਨੀਆਂ ਬੱਲਾਂ ਚੁਗਣ ਦੀ ਖ਼ੁਸ਼ੀ ਵਿੱਚ ਦੁਕਾਨ ਤੋਂ ਗੋਲ਼ੀ ਵਾਲਾ ਬੱਤਾ ਪੀਣਾ; ਘਰ ਜਾ ਕੇ ਪੈਸੇ ਦੇਵੀਂ।” ਤੀਜੇ ਪਹਿਰ ਦੀਆਂ ਬੱਲਾਂ ਚੁੱਗ ਕੇ ਜਦੋਂ ਮੈਂ ਘਰ ਗਿਆ ਤਾਂ ਮਾਂ ਨੇ ਸਵਾ ਰੁਪਿਆ ਮੈਨੂੰ ਹੱਟ ਤੋਂ ਠੰਢਾ ਪੀਣ ਲਈ ਦੇ ਦਿੱਤਾ। ਬੱਸ ਆਨੰਦ ਆ ਗਿਆ। ਖ਼ੁਦ ਤਾਂ ਮੈਂ ਇਹ ਠੰਢਾ ਪੀ ਕੇ ਆਪਣਾ ਮਨ ਖ਼ੁਸ਼ ਕਰ ਲਿਆ ਪਰ ਬਹੁਤ ਸਾਲਾਂ ਤੱਕ ਮੇਰੇ ਮਨ ਵਿੱਚ ਇਹ ਗੱਲ ਰੜਕਦੀ ਰਹੀ ਕਿ ਮਾਂ ਨੇ ਤਾਂ ਮੇਰੇ ਨਾਲੋਂ ਵੀ ਵੱਧ ਬੱਲਾਂ ਚੁਗੀਆਂ ਸਨ ਪਰ ਠੰਢਾ ਮੈਂ ਇਕੱਲਾ ਹੀ ਪੀ ਗਿਆ!

ਸੰਪਰਕ: 94634-92426

Advertisement
Author Image

sukhwinder singh

View all posts

Advertisement
Advertisement
×