ਕਿਸਾਨਾਂ ਨੂੰ ਬੇਲਰ ਮਸ਼ੀਨ ਮੁਹੱਈਆ ਕਰਵਾਈ
ਭਵਾਨੀਗੜ੍ਹ:
ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਸਾੜਨ ਦੇ ਮਾੜੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸੰਗਤਪੁਰਾ ਅਤੇ ਘੁਮੰਡ ਸਿੰਘ ਵਾਲਾ ਦੇ ਕਿਸਾਨਾਂ ਨੂੰ ਬੇਲਰ ਮਸ਼ੀਨ ਮੁਹੱਈਆ ਕਰਵਾਈ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਡੀਐੱਮ ਭਵਾਨੀਗੜ੍ਹ ਰਵਿੰਦਰ ਬਾਂਸਲ ਨੇ ਦੱਸਿਆ ਕਿ ਅੱਜ ਜਦੋਂ ਪਰਾਲੀ ਪ੍ਰਬੰਧਨ ਲਈ ਤੈਨਾਤ ਟੀਮਾਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੀਆਂ ਸਨ ਤਾਂ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅੱਗ ਨੂੰ ਤੁਰੰਤ ਬੁਝਾਇਆ ਗਿਆ ਅਤੇ ਕਿਸਾਨਾਂ ਨੂੰ ਪਰਾਲੀ ਦੇ ਕੁਦਰਤੀ ਢੰਗ ਨਾਲ ਨਿਬੇੜੇ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਮਨਦੀਪ ਸਿੰਘ ਦੀ ਮੱਦਦ ਨਾਲ ਤੁਰੰਤ ਬੇਲਰ ਮਸ਼ੀਨ ਉਪਲਬਧ ਕਰਵਾਈ ਗਈ। ਇਸ ਮੌਕੇ ਐੱਸਡੀਐੱਮ ਰਵਿੰਦਰ ਬਾਂਸਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਲਰ ਮਸ਼ੀਨ ਉੱਪਰ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹ ਆਪਣੇ ਨੇੜੇ-ਤੇੜੇ ਚਲਦੇ ਬੇਲਰ ਨਾਲ ਸੰਪਰਕ ਕਰਨ ਜੋ ਮੁਫ਼ਤ ਵਿੱਚ ਹੀ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਲੈ ਕੇ ਜਾਣਗੇ। -ਪੱਤਰ ਪ੍ਰੇਰਕ