ਬਲਦੇਵ ਸਿੰਘ ਮੋਗਾ ਦਾ ਨਾਵਲ ‘ਯਸ਼ੋਧਰਾ’ ਰਿਲੀਜ਼
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਫਰਵਰੀ
ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ ‘ਯਸ਼ੋਧਰਾ’ ਰਿਲੀਜ਼ ਤੇ ਵਿਚਾਰ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਡਾ. ਲਖਵਿੰਦਰ ਸਿੰਘ ਜੌਹਲ ਨੇ ਸਾਂਝੇ ਤੌਰ ’ਤੇ ਕੀਤੀ। ਡਾ. ਵਰਿਆਮ ਸੰਧੂ ਨੇ ਕਿਹਾ ਕਿ ਬਲਦੇਵ ਸਿੰਘ ਨੇ ਯਸ਼ੋਧਰਾ ਨਾਵਲ ਲਿਖ ਕੇ ਹਾਸ਼ੀਆਗ੍ਰਸਤ ਇਤਿਹਾਸਕ ਔਰਤ ਦੀ ਬਾਤ ਛੋਹੀ ਹੈ। ਬਲਦੇਵ ਸਿੰਘ ਨੇ ਯਸ਼ੋਧਰਾ ਰਾਹੀਂ ਸਿਧਾਰਥ ਦੇ ਬੁੱਧ ਬਣਨ ਤੀਕ ਦੀ ਯਾਤਰਾ ਸਾਨੂੰ ਵਿਖਾਈ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਯਸ਼ੋਧਰਾ ਰਾਹੀਂ ਬਲਦੇਵ ਸਿੰਘ ਨੇ ਨਾਰੀ ਮਨ ਦੀ ਅੰਤਰ ਵੇਦਨਾ ਪੇਸ਼ ਕੀਤੀ ਹੈ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਬਲਦੇਵ ਸਿੰਘ ਨੇ ਕਹਾਣੀ, ਨਾਟਕ, ਵਾਰਤਕ ਤੇ ਨਾਵਲ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜ ਕੀਤਾ ਹੈ। ਯਸ਼ੋਧਰਾ ਨਾਵਲ ਰਾਹੀਂ ਲੇਖਕ ਨੇ ਇਤਿਹਾਸ ਦੀਆਂ ਗਲੀਆਂ ਵਿੱਚੋਂ ਲੰਘਾ ਕੇ ਸਾਨੂੰ ਔਰਤ ਮਨ ਦੀ ਝਾਕੀ ਪੇਸ਼ ਕੀਤੀ ਹੈ। ਇਸ ਨਾਵਲ ਬਾਰੇ ਡਾ. ਸੁਰਜੀਤ ਸਿੰਘ ਬਰਾੜ , ਡਾ. ਗੁਰਇਕਬਾਲ ਸਿੰਘ ਤੇ ਡਾ. ਗੁਰਜੀਤ ਸਿੰਘ ਸੰਧੂ ਨੇ ਪਰਚੇ ਪੜ੍ਹੇ। ਸਮਾਗਮ ਵਿੱਚ ਲੋਕ ਮੰਚ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਨਾਵਲਕਾਰ ਕੁਲਦੀਪ ਸਿੰਘ ਬੇਦੀ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ, ਸਰਬਜੀਤ ਸਿੰਘ ਵਿਰਦੀ, ਅਮਰਜੀਤ ਸ਼ੇਰਪੁਰੀ, ਇੰਦਰਜੀਤ ਸਿੰਘ, ਬਲਕਾਰ ਸਿੰਘ ਹਾਜ਼ਰ ਹੋਏ।