ਮਨੀਲਾ ਜੇਲ੍ਹ ’ਚੋਂ ਪੰਜ ਸਾਲਾਂ ਬਾਅਦ ਹੋਈ ਬਲਦੇਵ ਦੀ ਘਰ ਵਾਪਸੀ
ਹਤਿੰਦਰ ਮਹਿਤਾ
ਜਲੰਧਰ, 24 ਸਤੰਬਰ
ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ ਮਨੀਲਾ ਜੇਲ੍ਹ ’ਚ ਪੰਜ ਸਾਲਾਂ ਬਾਅਦ ਘਰ ਵਾਪਸੀ ਹੋਈ। ਇਹ ਵਾਪਸੀ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹੋਈ।
ਸਾਲ 2018 ਵਿੱਚ 15 ਦਿਨਾਂ ਲਈ ਟੂਰਸਿਟ ਵੀਜ਼ਾ ’ਤੇ ਵਿਦੇਸ਼ ਗਏ ਬਲਦੇਵ ਸਿੰਘ ਨੂੰ ਉੱਥੋਂ ਦੇ ਇਮੀਗਰੇਸ਼ਨ ਵਿਭਾਗ ਤੇ ਪੁਲੀਸ ਨੇ ਭਾਰਤ ਵਾਪਸੀ ਸਮੇਂ ਉਸ ਨੂੰ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਉਤਾਰ ਲਿਆ ਸੀ। ਉਨ੍ਹਾਂ ਕਿਸੇ ਹੋਰ ਬਲਦੇਵ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਅਪਰਾਧਾਂ ਦੇ ਅਧਾਰ ’ਤੇ ਉਸ ਨੂੰ ਦੋ ਮਾਮਲਿਆਂ ਵਿੱਚ ਫੜ ਲਿਆ ਗਿਆ ਸੀ। ਉਸ ਨੂੰ ਨਹੀਂ ਸੀ ਪਤਾ ਕਿ ਪੇਸ਼ੀ ਸਮੇਂ ਉਸ ਵੱਲੋਂ ਆਪਣਾ ਨਾਮ ਸੁਣ ਕੇ ਹਾਂ ਵਿੱਚ ਹਿਲਾਇਆ ਸਿਰ ਉਸ ਨੂੰ ਜੇਲ੍ਹ ਵਿੱਚ ਪਹੁੰਚਾ ਦੇਵੇਗਾ। ਉਸ ਵੱਲੋਂ ਅਣਜਾਣੇ ਵਿੱਚ ਕਬੂਲੇ ਗਏ ਜੁਰਮ ਨੇ ਉਸ ਨੂੰ ਸਜ਼ਾ ਦਾ ਭਾਗੀ ਬਣਾ ਦਿੱਤਾ ਸੀ। ਉਪਰੰਤ ਪਰਿਵਾਰ ਵੱਲੋਂ ਇਹ ਸਾਰਾ ਕੁੱਝ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ। ਸੰਤ ਸੀਚੇਵਾਲ ਨੇ ਲਗਾਤਾਰ ਮਾਮਲੇ ਦੀ ਪੈਰਵਾਈ ਕੀਤੀ ਜਿਸ ਸਦਕਾ ਬਲਦੇਵ ਸਿੰਘ ਅੱਜ ਪੰਜ ਸਾਲਾਂ ਬਾਅਦ ਮੁੜ ਆਪਣੇ ਪਰਿਵਾਰ ਵਿੱਚ ਤਾਂ ਮੁੜ ਆਇਆ ਹੈ ਪਰ ਇਸ ਸਦਮੇ ਨੇ ਉਸ ਦੀ ਮਾਨਸਿਕ ਸਥਿਤੀ ’ਤੇ ਅਜਿਹਾ ਪ੍ਰਭਾਵ ਪਾਇਆ ਹੈ ਕਿ ਉਸ ਨੂੰ ਇਹ ਵੀ ਯਾਦ ਨਹੀਂ ਕਿ ਉਹ ਕਿੰਨਾ ਸਮਾਂ ਉੱਥੇ ਜੇਲ੍ਹ ਵਿੱਚ ਰਿਹਾ। ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਬਲਦੇਵ ਸਿੰਘ ਦੇ ਨਾਲ ਆਏ ਉਸ ਦੇ ਲੜਕੇ ਤੇ ਲੜਕੀ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਇੱਥੇ ਪਹੁੰਚ ਕੇ ਸਿਰਫ ਸੰਤ ਸੀਚੇਵਾਲ ਦਾ ਧੰਨਵਾਦ ਕਰਨਾ ਯਾਦ ਸੀ।
ਇਸ ਮੌਕੇ ਸੰਤ ਸੀਚੇਵਾਲ ਵੱਲੋਂ ਮਨੀਲਾ ਵਿਚਲੀ ਭਾਰਤੀ ਦੂਤਾਵਾਸ ਤੇ ਪਰਵਾਸੀ ਭਾਰਤੀ ਜਗਮੋਹਨ ਸਿੰਘ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਕਤ ਵੱਲੋਂ ਦਿੱਤੇ ਸਹਿਯੋਗ ਸਦਕਾ ਹੀ ਬਲਦੇਵ ਸਿੰਘ ਦੀ ਘਰ ਵਾਪਸੀ ਹੋਈ ਹੈ।