ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦਿੱਤਾ ਜਾਵੇ: ਕੰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਜੁਲਾਈ
‘ਆਪ’ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਉੱਭਰਦੇ ਖਿਡਾਰੀਆਂ ਲਈ ਬਿਹਤਰ ਸਹੂਲਤਾਂ ਦਾ ਮੁੱਦਾ ਅੱਜ ਸੰਸਦ ਵਿੱਚ ਚੁੱਕਿਆ। ਸ੍ਰੀ ਕੰਗ ਨੇ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਵਰਗੇ ਖਿਡਾਰੀਆਂ ਨੂੰ ਉੱਚਤਮ ਸਨਮਾਨ ਦੇਣ ਨਾਲ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕੀਤਾ ਜਾਵੇਗਾ।
ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਦਾ ਪ੍ਰਾਜੈਕਟ ਜਾਰੀ: ਕੇਂਦਰੀ ਮੰਤਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਕਾਰਨ ਸਤਲੁਜ ਦਰਿਆ ਦਾ ਪਾਣੀ ਗੰਧਲਾ ਹੋਣ ਦਾ ਮੁੱਦਾ ਅੱਜ ਇਕ ਲਿਖਤੀ ਸਵਾਲ ਰਾਹੀਂ ਰਾਜ ਸਭਾ ’ਚ ਚੁੱਕਿਆ ਹੈ। ਸੰਧੂ ਨੇ ਸਦਨ ਦੇ ਚੇਅਰਮੈਨ ਅੱਗੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਨਾਲ ਮਨੁੱਖੀ ਤੇ ਜਨ ਜੀਵਨ ਉੱਪਰ ਮਾਰੂ ਅਸਰ ਬਾਰੇ ਤੌਖਲੇ ਪ੍ਰਗਟ ਕੀਤੇ। ਉਨ੍ਹਾਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੇ ਸਤਲੁਜ ਦੇ ਪਾਣੀ ’ਤੇ ਅਸਰ ਪੈਣ ਦਾ ਮੁੱਦਾ ਚੁੱਕਦਿਆਂ ਇਸ ਦੇ ਹੱਲ ਲਈ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ। ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਸਵਾਲ ਦੇ ਜਵਾਬ ’ਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜਭੂਸ਼ਣ ਚੌਧਰੀ ਨੇ ਸਤਲੁਜ ਦਰਿਆ ਦੇ ਪ੍ਰਦੂਸ਼ਣ ਬਾਰੇ ਵੱਖ ਵੱਖ ਪੜਾਵਾਂ ਉਪਰ ਸਥਾਨਕ ਪ੍ਰਸ਼ਾਸਨ ਦੇ ਯਤਨਾਂ ਦਾ ਹਵਾਲਾ ਦਿੱਤਾ ਹੈ। ਚੌਧਰੀ ਵੱਲੋਂ ਦਿੱਤੇ ਗਏ ਜਵਾਬ ਮੁਤਾਬਕ ਲੁਧਿਆਣਾ ਸ਼ਹਿਰ ਤੋਂ ਮਿਉਂਸਿਪਲ, ਉਦਯੋਗਿਕ, ਡੇਅਰੀ ਅਤੇ ਹੋਰ ਕੂੜਾ-ਕਰਕਟ ਲਿਜਾਣ ਵਾਲੇ ਬੁੱਢੇ ਨਾਲੇ ਦੇ ਪਾਣੀ ਨਾਲ ਸਤਲੁਜ ਦਰਿਆ ਪ੍ਰਦੂਸ਼ਿਤ ਹੋ ਜਾਂਦਾ ਹੈ। ਕੇਂਦਰੀ ਮੰਤਰੀ ਵੱਲੋਂ ਜਵਾਬ ਵਿੱਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪੰਜਾਬ ਰਾਜ ਸਰਕਾਰ ਨੇ ‘ਅਟਲ ਮਿਸ਼ਨ ਫਾਰ ਰਿਜੂਵਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ ਸਕੀਮ’ ਤਹਿਤ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਵਿੱਤੀ ਸਹਾਇਤਾ ਨਾਲ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰਾਜੈਕਟ ਸ਼ੁਰੂ ਕੀਤੇ ਹਨ। ਜਿਵੇਂ ਕਿ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਚਿਤ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਤਾਜਪੁਰ ਡੇਅਰੀ ਕੰਪਲੈਕਸ ਵਿੱਚ 300 ਟਨ ਪ੍ਰਤੀ ਦਿਨ ਦੇ ਬਾਇਓ-ਗੈਸ ਪਲਾਂਟ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਸ ਵਿੱਚ ਪ੍ਰਦੂਸ਼ਣ ਦੇ ਹੱਲ ਸਬੰਧੀ ਦੱਸਿਆ ਗਿਆ ਕਿ 200 ਕਿਊਸਿਕ ਤਾਜ਼ਾ ਨਹਿਰੀ ਪਾਣੀ ਸਰਹਿੰਦ ਨਹਿਰ ਤੋਂ ਬੁੱਢੇ ਨਾਲੇ ਵਿੱਚ ਛੱਡਿਆ ਜਾਂਦਾ ਹੈ ਤਾਂ ਜੋ ਇਸ ਦੇ ਪ੍ਰਦੂਸ਼ਣ ਪੱਧਰ ਨੂੰ ਚੈੱਕ ਕੀਤਾ ਜਾ ਸਕੇ।