ਬਲਬੀਰ ਸਿੱਧੂ ਵੱਲੋਂ ਬੀਡੀਪੀਓ ਦਫ਼ਤਰ ਦੇ ਘਿਰਾਓ ਦੀ ਚਿਤਾਵਨੀ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 1 ਅਕਤੂਬਰ
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੀਡੀਪੀਓ ਦਫਤਰ ਦੇ ਅਧਿਕਾਰੀ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਪੰਚਾਇਤੀ ਚੋਣਾਂ ਅੰਦਰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ਼ ਨਾ ਆਏ ਤਾਂ ਉਹ 3 ਅਕਤੂਬਰ ਨੂੰ ਬੀਡੀਪੀਓ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।
ਸ੍ਰੀ ਸਿੱਧੂ ਨੇ ਦੋਸ਼ ਕਿ ਬੀਡੀਪੀਓ ਦਫਤਰ ਦੁਆਰਾ ‘ਆਪ’ ਦੇ ਦਬਾਅ ਅਧੀਨ ਕੰਮ ਕੀਤਾ ਜਾ ਰਿਹਾ ਹੈੈ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਬੀਡੀਪੀਓ ਸਮੇਂ ਸਿਰ ਲੋਕਾਂ ਨੂੰ ਲੋੜੀਂਦੇ ਫਾਰਮ ਅਤੇ ਹੋਰ ਸਰਟੀਫਿਕੇਟ ਮੁਹੱਈਆ ਕਰਵਾ ਰਹੇ ਹਨ। ਇੱਕ-ਇੱਕ ਵਾਰਡ ਦੀ ਵੋਟਰ ਸੂਚੀ ਦੇਣ ਲਈ ਵੀ 500-500 ਵਸੂਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਲੌਂਗੀ ਪਿੰਡ ਦੇ 13 ਵਾਰਡਾਂ ਦੀ ਵੋਟਰ ਸੂਚੀ 6500 ਵਿੱਚ ਮਿਲ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨਰ ਤੋਂ ਸਾਰੇ ਮਾਮਲੇ ਵਿੱਚ ਦਖਲ ਦੀ ਮੰਗ ਕੀਤੀ। ਇਸੇ ਦੌਰਾਨ ਅੱਜ ਐਨਐਸਯੂਆਈ ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਅਤੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਭਲਵਾਨ ਨੇ ਵੀ ਬੀਡੀਪੀਓ ਦਫ਼ਤਰ ਜਾ ਕੇ ਕਾਂਗਰਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਬੀਡੀਪੀਓ ਨਾਲ ਗੱਲਬਾਤ ਕੀਤੀ।
ਬੀਡੀਪੀਓ ਵੱਲੋਂ ਦੋਸ਼ਾਂ ਦਾ ਖੰਡਨ
ਮੁਹਾਲੀ ਬਲਾਕ ਦੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸ੍ਰੀ ਸਿੱਧੂ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਦਫ਼ਤਰ ਵੱਲੋਂ ਬਿਨਾਂ ਕਿਸੇ ਪੱਖਪਾਤ ਤੋਂ ਸਾਰਿਆਂ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਾਏ ਜਾ ਰਹੇ ਹਨ। ਉਨ੍ਹਾਂ ਕਿ ਡਿਫ਼ਾਲਟਰ ਕੇਸਾਂ ਨੂੰ ਐੱਨਓਸੀ ਦੇਣ ਸਮੇਂ ਲੋੜੀਂਦੀ ਪੜਤਾਲ ਜ਼ਰੂਰ ਕੀਤੀ ਜਾ ਰਹੀ ਹੈ। ਉਨ੍ਹਾਂ ਵੋਟਰ ਲਿਸਟਾਂ ਦੀ ਵੱਧ ਵਸੂਲੀ ਬਾਰੇ ਜਾਂਚ ਕਰਾਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਤੀ ਪੇਜ਼ ਦੋ ਰੁਪਏ ਵਸੂਲਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ।
ਛੁੱਟੀਆਂ ਵਿੱਚ ਵੀ ਨਾਮਜ਼ਦਗੀਆਂ ਭਰਵਾਉਣ ਦੀ ਮੰਗ
2 ਅਤੇ 3 ਅਕਤੂਬਰ ਦੀ ਛੁੱਟੀ ਹੋਣ ਕਾਰਨ ਹੁਣ ਚੋਣ ਲੜਨ ਵਾਲਿਆਂ ਕੋਲ ਫ਼ਾਰਮ ਜਮ੍ਹਾਂ ਕਰਾਉਣ ਲਈ ਸਿਰਫ਼ 4 ਅਕਤੂਬਰ ਦਾ ਦਿਨ ਰਹਿ ਗਿਆ ਹੈ। ਪਿੰਡਾਂ ਦੇ ਵਸਨੀਕਾਂ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ 2 ਅਤੇ 3 ਤਾਰੀਕ ਨੂੰ ਛੁੱਟੀ ਵਾਲੇ ਦਿਨ ਵੀ ਨਾਮਜ਼ਦਗੀਆਂ ਹਾਸਿਲ ਕੀਤੀਆਂ ਜਾਣ ਅਤੇ ਨਾਮਜ਼ਦੀਆਂ ਲੈਣ ਲਈ ਸਮਾਂ ਸਵੇਰੇ ਨੌਂ ਤੋਂ ਪੰਜ ਵਜੇ ਕੀਤਾ ਜਾਵੇ