ਬਲਬੀਰ ਸਿੱਧੂ ਵੱਲੋਂ ਨਵੀਆਂ ਬਣੀਆਂ ਪੰਚਾਇਤਾਂ ਦਾ ਸਨਮਾਨ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 24 ਅਕਤੂਬਰ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਲਕਾ ਮੁਹਾਲੀ ਦੇ ਪਿੰਡ ਗਿੱਦੜਪੁਰ ਤੇ ਸੈਦਪੁਰ ਵਿੱਚ ਨਵੇਂ ਚੁਣੇ ਗਏ ਸਰਪੰਚਾਂ ਅਤੇ ਪੰਚਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਪਿੰਡਾਂ ਦੇ ਭਲੇ ਤੇ ਵਿਕਾਸ ਲਈ ਆਪਣਾ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਪਿੰਡ ਗਿੱਦੜਪੁਰ ਵਿੱਚ ਲੋਕਾਂ ਨੇ ਆਪਸੀ ਸਹਿਮਤੀ ਨਾਲ ਸਰਪੰਚ ਅਮਨਦੀਪ ਕੌਰ ਤੋਂ ਇਲਾਵਾ ਰਾਜਿੰਦਰ ਕੌਰ, ਸੁਨੀਤਾ ਰਾਣੀ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ (ਸਾਰੇ ਪੰਚ) ਨਾਲ ਪੰਚਾਇਤ ਚੁਣੀ ਸੀ। ਸ੍ਰੀ ਸਿੱਧੂ ਨੇ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਪਿੰਡ ਸੈਦਪੁਰ ਵਿੱਚ ਨਵੀਂ ਚੁਣੀ ਗਈ ਸਰਪੰਚ ਬੀਬੀ ਗੁਰਪ੍ਰੀਤ ਕੌਰ ਅਤੇ ਪੰਚਾਂ ਭਗਤ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਵਰਿੰਦਰ ਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਦੀਪ ਕੌਰ, ਰਾਜਰਾਣੀ ਨੂੰ ਵੀ ਸ੍ਰੀ ਸਿੱਧੂ ਨੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਗੋਬਿੰਦਗੜ੍ਹ ਦੇ ਸਰਪੰਚ ਕਰਮਾ ਪੁਰੀ ਅਤੇ ਉਨ੍ਹਾਂ ਨਾਲ ਚੁਣੇ ਗਏ ਪੰਚਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸੁਰਜੀਤ ਸਿੰਘ, ਮਨਦੀਪ ਸਿੰਘ ਗੋਲਡੀ, ਹਰਚਰਨ ਸਿੰਘ (ਤਿੰਨੋਂ ਸਾਬਕਾ ਸਰਪੰਚ), ਪਿੰਡ ਗਿੱਦੜਪੁਰ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਤੇ ਜੰਗ ਸਿੰਘ ਆਦਿ ਪਤਵੰਤੇ ਹਾਜ਼ਰ ਸਨ।
ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦਾ ਫੈਸਲਾ ‘ਆਤਮਘਾਤੀ’: ਬਲਬੀਰ ਸਿੱਧੂ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀਆਂ ਚਾਰ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਨੂੰ ਪਾਰਟੀ ਲਈ ‘ਆਤਮਘਾਤੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਸੁਖਬੀਰ ਸਿੰਘ ਬਾਦਲ ਦੀ ਭਾਜਪਾ ਨਾਲ ਸਾਂਝ ਜੱਗ ਜ਼ਾਹਿਰ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕਰ ਕੇ ਭਾਜਪਾ ਨੂੰ ਪੰਜਾਬ ਵਿੱਚ ਪੱਕੇ ਪੈਰੀਂ ਕਰਨ ਲਈ ਮੈਦਾਨ ਖੁੱਲ੍ਹਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਹਲਕਿਆਂ ਤੋਂ ਅਕਾਲੀ ਦਲ ’ਚੋਂ ਗਏ ਰਵੀਕਰਨ ਸਿੰਘ ਕਾਹਲੋਂ ਤੇ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ। ਤੀਜੇ ਹਲਕੇ ਗਿੱਦੜਬਾਹਾ ਤੋਂ ਵੀ ਭਾਜਪਾ ਦੀ ਟਿਕਟ ’ਤੇ ਬਾਦਲ ਪਰਿਵਾਰ ਦੇ ਹੀ ਮਨਪ੍ਰੀਤ ਸਿੰਘ ਬਾਦਲ ਮੈਦਾਨ ਵਿੱਚ ਹਨ।