ਟੀਬੀ ਮਰੀਜ਼ਾਂ ਨੂੰ ਸੰਤੁਲਿਤ ਖ਼ੁਰਾਕ ਦੀਆਂ ਕਿੱਟਾਂ ਵੰਡੀਆਂ
ਪੱਤਰ ਪ੍ਰੇਰਕ
ਜਲੰਧਰ, 20 ਮਾਰਚ
ਸਿਹਤ ਵਿਭਾਗ ਜਲੰਧਰ ਟੀਬੀ ਦੇ ਖਾਤਮੇ ਲਈ 100 ਦਿਨਾਂ ਦੀ ਟੀਬੀ ਮੁਹਿੰਮ ਦੌਰਾਨ ਯਤਨਸ਼ੀਲ ਹੈ। ਇਸ ਦੇ ਮੱਦੇਨਜ਼ਰ ਵਿਧਾਇਕ ਰਮਨ ਅਰੋੜਾ ਵੱਲੋਂ ਜ਼ਿਲ੍ਹਾ ਟੀ.ਬੀ. ਕੇਂਦਰ ਜਲੰਧਰ ਵਿੱਚ ਨਿਊਟਰੀਸ਼ਨ ਕਿੱਟ ਵੰਡ ਸਮਾਰੋਹ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਹੈਮਕੋ ਚੈਰੀਟੇਬਲ ਟਰੱਸਟ ਦੇ ਸ਼ਾਂਤ ਗੁਪਤਾ ਅਤੇ ਉਦਯੋਗਪਤੀ ਤੇ ਸਮਾਜ ਸੇਵਕ ਪਰਮਿੰਦਰ ਬਹਿਲ ਦੇ ਨਾਲ ਟੀ.ਬੀ. ਮਰੀਜ਼ਾਂ ਨੂੰ ਸੰਤੁਲਿਤ ਖ਼ੁਰਾਕ ਦੀਆਂ ਕਿੱਟਾਂ ਵੰਡੀਆਂ ਗਈਆਂ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸਮਾਰੋਹ ਵਿੱਚ ਸ਼ਿਰਕਤ ਕਰਨ ਪਹੁੰਚੇ ਵਿਧਾਇਕ ਰਮਨ ਅਰੋੜਾ ਅਤੇ ਉਨ੍ਹਾਂ ਨਾਲ ਆਏ ਹੋਏ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਟੀਬੀ ਦੇ ਖਾਤਮੇ ਲਈ 7 ਦਸੰਬਰ 2024 ਤੋਂ ਚੱਲ ਰਹੇ 100 ਦਿਨਾਂ ਦੇ ਟੀਬੀ ਅਲੀਮਿਨੇਸ਼ਨ ਪ੍ਰੋਗਰਾਮ ਤਹਿਤ ਟੀਬੀ ਦੇ ਮਰੀਜ਼ਾਂ ਦੀ ਪਹਿਚਾਣ ਤੇ ਇਲਾਜ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਮੱਦੇਨਜ਼ਰ ਸ਼ਾਂਤ ਗੁਪਤਾ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਜਿਸ ਲਈ ਮਰੀਜ਼ ਦੇ ਇਲਾਜ ਦੌਰਾਨ ਉਹ ਮਰੀਜ਼ਾਂ ਨੂੰ ਨਿਊਟਰੀਸ਼ਨ ਕਿੱਟਾਂ ਮੁਹੱਈਆ ਕਰਵਾ ਰਹੇ ਹਨ। ਇਸ ਮਗਰੋਂ ਸਿਵਲ ਸਰਜਨ ਨੇ ਹੋਰ ਸੰਸਥਾਵਾਂ ਨੂੰ ਵੀ 100 ਦਿਨਾਂ ਦੀ ਟੀਬੀ ਵਿਰੋਧੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।