For the best experience, open
https://m.punjabitribuneonline.com
on your mobile browser.
Advertisement

ਪੀੜ੍ਹੀਆਂ ਵਿੱਚ ਸੰਤੁਲਨ ਜ਼ਰੂਰੀ

12:11 PM Sep 21, 2024 IST
ਪੀੜ੍ਹੀਆਂ ਵਿੱਚ ਸੰਤੁਲਨ ਜ਼ਰੂਰੀ
Advertisement

ਪ੍ਰੋ. ਮਨਜੀਤ ਤਿਆਗੀ

ਬਚਪਨ ਤੇ ਜਵਾਨੀ ਦੀ ਤਰ੍ਹਾਂ ਬੁਢਾਪਾ ਵੀ ਮਨੁੱਖੀ ਜੀਵਨ ਦਾ ਅਹਿਮ ਪੜਾਅ ਹੈ। ਬੁਢਾਪਾ, ਜਵਾਨੀ ਤੇ ਬਚਪਨ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਬਚਪਨ ਤੇ ਜਵਾਨੀ ਤਾਂ ਜੀਵਨ ਵਿੱਚ ਇੱਕ ਵਾਰ ਆਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ, ਪਰ ਬੁਢਾਪਾ ਜਦੋਂ ਆ ਜਾਂਦਾ ਹੈ ਤਾਂ ਇਹ ਆਖ਼ਰੀ ਸਾਹ ਤੱਕ ਨਾਲ ਹੀ ਰਹਿੰਦਾ ਹੈ। ਮੋਟੇ ਤੌਰ ’ਤੇ 60 ਕੁ ਸਾਲ ਆਪਣੀ ਜ਼ਿੰਦਗੀ ਦੀਆਂ ਬਸੰਤ ਰੁੱਤਾਂ ਦੇਖਣ ਵਾਲੇ ਬੰਦੇ ਨੂੰ ਬੁੱਢਾ ਕਲੱਬ ਦੇ ਮੈਂਬਰ ਦੇ ਤੌਰ ’ਤੇ ਮਾਨਤਾ ਦੇ ਦਿੱਤੀ ਜਾਂਦੀ ਹੈ। ਉਮਰ ਦੇ ਇਸ ਪੜਾਅ ’ਤੇ ਸਮਾਜ ਸਿਆਣਪ ਦੀ ਉਮੀਦ ਕਰਦਾ ਹੈ। ਉਸ ਨੂੰ ਬਜ਼ੁਰਗ ਦਾ ਖਿਤਾਬ ਦੇ ਦਿੰਦਾ ਹੈ, ਪਰ ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਦੂਰੋਂ ਲੱਗਦਾ ਹੈ ਕਿ ਬਜ਼ੁਰਗ ਆ ਰਿਹਾ ਹੈ, ਪਰ ਜਦੋਂ ਉਹ ਮੂੰਹ ਖੋਲ੍ਹਦਾ ਹੈ ਤਾਂ ਉਹ ਬੁੱਢਾ ਹੀ ਨਿਕਲਦਾ ਹੈ। ਬਜ਼ੁਰਗ ਤੇ ਬੁੱਢੇ ਵਿੱਚ ਅੰਤਰ ਇਹ ਹੁੰਦਾ ਹੈ ਕਿ ਬਜ਼ੁਰਗ ਹਮੇਸ਼ਾ ਸਿਆਣਪ ਭਰਪੂਰ ਗੱਲਾਂ ਕਰਦੇ ਹਨ ਜਦੋਂ ਕਿ ਬੁੱਢੇ ਸਿਰਫ਼ ਗੱਲਾਂ ਹੀ ਕਰਦੇ ਹਨ।
ਆਧੁਨਿਕ ਦੌਰ ਵਿੱਚ ਹਰ ਰਿਸ਼ਤੇ ’ਚ ਤਰੇੜਾਂ ਆ ਰਹੀਆਂ ਹਨ। ਅਕਸਰ ਬੁਢਾਪੇ ’ਚ ਮਾਂ-ਬਾਪ ਆਪਣੇ ਆਪ ਨੂੰ ਅਣਗੋਲਿਆ ਮਹਿਸੂਸ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸ਼ਰਮਾਂ ’ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਬੇਹੱਦ ਸ਼ਰਮਨਾਕ ਹੈ। ਇਸ ਲਈ ਇਹ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਇਹ ਸਮੱਸਿਆ ਦਿਨੋਂ ਦਿਨ ਵਿਕਰਾਲ ਰੂਪ ਕਿਉਂ ਧਾਰਨ ਕਰ ਰਹੀ ਹੈ? ਭਾਵੇਂ ਨਵੀਂ ਪੀੜ੍ਹੀ ‘ਖਾਓ ਪੀਓ ਐਸ਼ ਕਰੋ’ ਦੇ ਸਿਧਾਂਤ ’ਚ ਗਲਤਾਨ ਹੈ, ਪਦਾਰਥਵਾਦ ਕਦਰਾਂ-ਕੀਮਤਾਂ ’ਤੇ ਭਾਰੂ ਪੈ ਰਿਹਾ ਹੈ, ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾ ਬੱਚੇ ਹੀ ਗ਼ਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ।
ਜ਼ਿਆਦਾਤਰ ਬਜ਼ੁਰਗਾਂ ਨੂੰ ਬਚਪਨ ਵੇਲੇ ਉਨ੍ਹਾਂ ਦੇ ਮਾਂ-ਬਾਪ ਨੇ ਤਾੜ ਕੇ ਰੱਖਿਆ ਹੁੰਦਾ ਹੈ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕੀਤੀ ਹੁੰਦੀ ਹੈ। ਇਸ ਲਈ ਹੁਣ ਉਹ ਵੀ ਆਪਣੀ ਔਲਾਦ ਨੂੰ ਤਾੜ ਕੇ ਰੱਖਣਾ ਚਾਹੁੰਦੇ ਹਨ, ਪਰ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਤੇ ਬਹੁਤ ਸਾਰੇ ਕੰਮ ਕਰਦੇ ਹਨ। ਮਸ਼ੀਨੀਕਰਨ ਦੇ ਯੁੱਗ ’ਚ ਨਵੀਂ ਪੀੜ੍ਹੀ ਟੋਕਾ-ਟਾਕੀ ਬਰਦਾਸ਼ਤ ਨਹੀਂ ਕਰਦੀ ਜਦੋਂ ਕਿ ਪੁਰਾਣੀ ਪੀੜ੍ਹੀ ਆਪਣਾ ਤਜਰਬਾ ਤੇ ਗਿਆਨ ਉਨ੍ਹਾਂ ’ਤੇ ਥੋਪਣਾ ਚਾਹੁੰਦੀ ਹੈ। ਵਿਆਹ ਮਗਰੋਂ ਜਦੋਂ ਮਾਂ-ਬਾਪ ਆਪਣੀ ਨੂੰਹ ਨੂੰ ਸਿਰਫ਼ ਇੱਕ ਪੱਕਾ ਸੇਵਾਦਾਰ ਹੀ ਸਮਝਣ ਲੱਗਦੇ ਹਨ ਤਾਂ ਇੱਥੋਂ ਹੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਿਸ ਲੜਕੀ ਨੇ ਮੰਗਣੇ ਦੌਰਾਨ ਹੁੁੰਦੀ ਸੌਦੇਬਾਜ਼ੀ ਸਮੇਂ ਆਪਣੇ ਪਿਤਾ ਨੂੰ ਦੁਖੀ ਹੁੰਦੇ ਦੇਖਿਆ ਹੋਵੇ। ਉਸ ਤੋਂ ਦਿਲੀ ਸਤਿਕਾਰ ਦੀ ਉਮੀਦ ਕਰਨਾ ਵੀ ਮੂਰਖਤਾ ਹੀ ਹੈ। ਇਸ ਸਥਿਤੀ ’ਚ ਹਰ ਕਿਰਿਆ ਤੇ ਪ੍ਰਤੀਕਿਰਿਆ ਹੁੰਦੀ ਹੈ। ਪ੍ਰਤੀਕਿਰਿਆ, ਕਿਰਿਆ ਦੇ ਇਸ ਕੁਚੱਕਰ ਵਿੱਚ ਰਿਸ਼ਤੇ ਕੜਵਾਹਟ ਦੀ ਭੇਟ ਚੜ੍ਹਨ ਲੱਗਦੇ ਹਨ।
ਬੇਟੇ ਦੀ ਸ਼ਾਦੀ ਹੋਣ ’ਤੇ ਆਪਣੀ ਨੂੰਹ ਨੂੰ ਧੀ ਹੀ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਤਾਂ ਵਿਆਹ ਸਮੇਂ ਹੀ ਆਪਣਾ ਘਰ ਬਾਰ ਤੇ ਮਾਂ-ਬਾਪ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈ। ਹੁਣ ਤੁਸੀਂ ਹੀ ਉਸ ਦੇ ਮਾਂ-ਬਾਪ ਹੋ। ਇਹ ਤੁਹਾਡੇ ’ਤੇ ਨਿਰਭਰ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਹੋ। ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਉਸ ਨਾਲ ਕਰੋਗੋ, ਉਹੋ ਜਿਹਾ ਹੀ ਮਿਲੇਗਾ। ਚੰਗੀਆਂ ਕਦਰਾਂ-ਕੀਮਤਾਂ ਨਾਲ ਵਿਵਹਾਰ ਕਰੋਗੇ ਤਾਂ ਬਦਲੇ ਵਿੱਚ ਇੱਜ਼ਤ ਮਿਲੇਗੀ। ਜੇ ਕਿਸੇ ਨੂੰ ਜ਼ਬਰਦਸਤੀ ਦਬਾਓਗੇ ਤਾਂ ਇੱਕ ਸਥਿਤੀ ਤੋਂ ਬਾਅਦ ਉਹ ਟੁੱਟੇਗੀ ਜਾਂ ਓਨੀ ਸ਼ਕਤੀ ਨਾਲ ਹੀ ਵਾਪਸ ਉਛਲੇਗੀ। ਇਸ ਸਾਇੰਸ ਦੇ ਸਿਧਾਂਤ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਅਕਸਰ ਮਾਂ-ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਵਹਾਰ ਵਿੱਚ ਬਦਲਾਅ ਦੀ ਸ਼ਿਕਾਇਤ ਰਹਿੰਦੀ ਹੈ। ਮਾਂ-ਬਾਪ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਭੋਲਾ ਹੈ ਤੇ ਨੂਹ ਚਲਾਕ। ਇਸ ਕਰਕੇ ਉਹ ਘਰਵਾਲੀ ਦਾ ਹੀ ਗ਼ੁਲਾਮ ਬਣ ਗਿਆ ਹੈ। ਜਦੋਂਕਿ ਹਮੇਸ਼ਾ ਇਹ ਅਸਲੀਅਤ ਨਹੀਂ ਹੁੰਦੀ। ਮਾਂ-ਬਾਪ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਅੱਜਕੱਲ੍ਹ ਪੜ੍ਹੇ-ਲਿਖੇ ਲੜਕੇ ਜੇਕਰ ਕੰਮ ਕਾਰ ਵਿੱਚ ਆਪਣੀ ਪਤਨੀ ਦੀ ਮਦਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ‘ਜ਼ੋਰੂ ਦੇ ਗ਼ੁਲਾਮ’ ਨਹੀਂ ਕਹਿ ਸਕਦੇ ਕਿਉਂਕਿ ਅਨੇਕਾਂ ਅਜਿਹੇ ਕੰਮ ਜੋ ਪਤੀ ਦੇ ਹਿੱਸੇ ਦੇ ਹੁੰਦੇ ਹਨ, ਉਹ ਪਤਨੀ ਕਰ ਦਿੰਦੀ ਹੈ। ਆਪਸੀ ਸਹਿਯੋਗ ਨਾਲ ਹੀ ਗ੍ਰਹਿਸਥੀ ਜੀਵਨ ਦਾ ਰਥ ਅੱਗੇ ਵਧ ਸਕਦਾ ਹੈ। ਕਈ ਬਜ਼ੁਰਗਾਂ ਨੂੰ ਨਵੀਂ ਨੂੰਹ ਆਉਣ ’ਤੇ ਪਹਿਲਾਂ ਆਈ ਵੱਡੀ ਨੂੰਹ ’ਚ ਅਨੇਕਾਂ ਕਮੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ। ਉਹ ਭੁੱਲ ਜਾਂਦੇ ਹਨ ਕਿ ਹੁਣ ਤੱਕ ਕੌਣ ਉਨ੍ਹਾਂ ਦੀ ਸੇਵਾ ਕਰਦਾ ਰਿਹਾ ਹੈ। ਨਵਾਂ ਮੈਂਬਰ ਪਰਿਵਾਰ ’ਚ ਸੈੱਟ ਹੋਣ ਲਈ ਕਈ ਵਾਰ ਬਜ਼ੁਰਗਾਂ ਦੀ ਕੋਈ ਵੀ ਗੱਲ ਨਹੀਂ ਕੱਟਦਾ, ਪਰ ਸਾਲ ਕੁ ਬਾਅਦ ਜਦੋਂ ਉਹ ਆਪਣਾ ਰੰਗ ਵਿਖਾਉਣ ਲੱਗਦੀ ਹੈ ਤਾਂ ਲੱਗਦਾ ਹੈ ਕਿ ਹੁਣ ਉਹ ਜ਼ਿਆਦਾ ਬੋਲਣ ਲੱਗ ਗਈ ਹੈ।
ਘਰ ਆਏ ਮਹਿਮਾਨ ਵੱਲੋਂ ਹਾਲ-ਚਾਲ ਪੁੱਛਣ ’ਤੇ ਕਈ ਵਾਰ ਬਜ਼ੁਰਗ ਜਦੋਂ ਲੰਮਾ ਜਿਹਾ ਹਉਕਾ ਲੈ ਕੇ ਕਹੇ, ‘ਬਸ ਠੀਕ ਹੀ ਆ’ ਤਾਂ ਲਹਿਜੇ ਤੋਂ ਹੀ ਮਹਿਮਾਨ ਸਭ ਸਮਝ ਜਾਂਦਾ ਹੈ ਕਿ ਉਹ ਦੁੱਖ ਵੰਡਾਉਣ ਲਈ ਤਤਪਰ ਹੈ। ਮੌਕਾ ਮਿਲਣ ’ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਢੋਲ ’ਚੋਂ ਨਿਕਲੀ ਕਣਕ ਵਾਂਗ ਢੇਰੀ ਕਰ ਦਿੰਦਾ ਹੈ। ਫਿਰ ਇਹ ਖ਼ਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿੱਚ ਮੁਨਿਆਦੀ ਕਰਕੇ ਬਜ਼ੁਰਗ ਅਤੇ ਉਸ ਦੇ ਬੱਚਿਆਂ ਦਾ ‘ਦੁੱਖ’ ਵੰਡਾਉਂਦਾ ਹੈ। ਅਗਲੇ ਕੁਝ ਦਿਨਾਂ ’ਚ ਹਾਲਾਤ ਸੁਧਰ ਕੇ ਘਰ ਦਾ ਮਾਹੌਲ ਤਾਂ ਆਮ ਵਰਗਾ ਹੋ ਜਾਂਦਾ ਹੈ, ਪਰ ਸਾਰੇ ਰਿਸ਼ਤੇਦਾਰਾਂ ਵਿੱਚ ਬੱਚਿਆਂ ਦੇ ਅਕਸ ਨੂੰ ਜੋ ਢਾਹ ਲੱਗ ਜਾਂਦੀ ਹੈ, ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਰਿਸ਼ਤੇਦਾਰਾਂ ਕੋਲ ਆਪਣੇ ਬੱਚਿਆਂ ਦੀ ਬੁਰਾਈ ਨਾ ਕਰੋ ਸਗੋਂ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮਾਣ ਮਹਿਸੂਸ ਕਰੋ, ਕਿਉਂਕਿ ਜੋ ਕੁਝ ਤੁਹਾਡੇ ਬੱਚੇ ਤੁਹਾਡੇ ਲਈ ਕਰ ਸਕਦੇ ਹਨ ਉਹ ਰਿਸ਼ਤੇਦਾਰ ਨਹੀਂ ਕਰ ਸਕਦੇ। ਦੂਜਿਆਂ ਨੂੰ ਵਾਰ-ਵਾਰ ਪੁੱਤ-ਪੁੱਤ ਕਹਿ ਕੇ ਬੁਲਾਉਣਾ ਤੇ ਆਪਣੇ ਪੁੱਤਾਂ ਨੂੰ ਹਮੇਸ਼ਾ ਰੋਅਬ ਨਾਲ ਬੁਲਾਉਣਾ ਕੋਈ ਜ਼ਿਆਦਾ ਚੰਗੀ ਗੱਲ ਨਹੀਂ।
ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਛੋਟੇ ਬੱਚਿਆਂ ਨਾਲ ਸਮਾਂ ਗੁਜ਼ਾਰਨ। ਉਨ੍ਹਾਂ ਨੂੰ ਬਾਹਰ ਘੁੰਮਣ ਲਈ ਲੈ ਜਾਣ। ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਬੱਚਿਆਂ ਨੂੰ ਕਦੇ-ਕਦੇ ਕੁਝ ਖਾਣ ਲਈ ਲੈ ਕੇ ਦਿੰਦੇ ਰਹੋ। ਇਸ ਤਰ੍ਹਾਂ ਤੁਹਾਡਾ ਸਮਾਂ ਚੰਗਾ ਬਤੀਤ ਹੋਵੇਗਾ ਤੇ ਬੱਚੇ ਵੀ ਤੁਹਾਨੂੰ ਹੋਰ ਪਿਆਰ ਕਰਨਗੇ। ਮੇਰਾ ਇੱਕ ਸਰਪੰਚ ਦੋਸਤ ਆਪਣੀ ਨੂੰਹ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਦੇ ਘਰ ਆਉਣ ’ਤੇ ਉਨ੍ਹਾਂ ਦੀ ਇੱਜ਼ਤ ਹੀ ਨਹੀਂ ਕਰਦਾ ਸਗੋਂ ਆਪਣੀ ਨੂੰਹ ਬਾਰੇ ਜਦੋਂ ਹੋਰਾਂ ਨੂੰ ਦੱਸਦਾ ਹੈ ਤਾਂ ਕਹਿੰਦਾ ਹੈ, ‘ਹੋਰਾਂ ਦੇ ਘਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਕਿਸਮਤ ਵਾਲੀ ਕੁੜੀ ਤਾਂ ਸਾਡੇ ਘਰ ਆ ਗਈ ਹੈ’ ਨਤੀਜੇ ਵਜੋਂ ਉਸ ਦੀ ਨੂੰਹ ਦਿਲੋਂ ਸਤਿਕਾਰ ਕਰਦੀ ਹੈ। ਹਮਦਰਦੀ, ਸਤਿਕਾਰ, ਪਿਆਰ, ਨਿਮਰਤਾ ਆਦਿ ਅਜਿਹੇ ਭਾਵ ਹਨ ਜਿਨ੍ਹਾਂ ਨਾਲ ਕਿਸੇ ਦਾ ਵੀ ਆਸਾਨੀ ਨਾਲ ਦਿਲ ਜਿੱਤਿਆ ਜਾ ਸਕਦਾ ਹੈ। ਪੜ੍ਹ-ਲਿਖ ਕੇ ਰੁਜ਼ਗਾਰ ਲਈ ਥਾਂ-ਥਾਂ ਧੱਕੇ ਖਾ ਕੇ ਨਿਰਾਸ਼ ਹੋ ਚੁੱਕੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਵੱਡਿਆਂ ਦੀ ਹਮਦਰਦੀ ਇੱਕ ਕਾਰਗਰ ਟੌਨਿਕ ਸਾਬਤ ਹੋ ਸਕਦੀ ਹੈ।
ਵੱਡੀ ਉਮਰ ਵਿੱਚ ਗੋਡੇ, ਢੂਹੀ, ਸਿਰ, ਲੱਤਾਂ-ਬਾਹਾਂ ਵਿੱਚ ਦਰਦ ਹੋਣਾ ਆਮ ਸਮੱਸਿਆਵਾਂ ਹਨ। ਸਵੇਰੇ ਉੱਠਣ ਸਾਰ ਹੀ ਗੋਡੇ ਜਾਂ ਮੋਢੇ ਦੇ ਦਰਦ ਦੀ ਸ਼ਿਕਾਇਤ ਕਰਕੇ ਸੁਹਾਵਣੀ ਸਵੇਰ ਦੀ ਬੇਕਦਰੀ ਨਾ ਕਰੋ ਸਗੋਂ ਮਨ ਵਿੱਚ ਧੰਨਵਾਦੀ ਭਾਵ ਲਿਆਓ ਕਿਉਂਕਿ ਤੁਹਾਨੂੰ ਜ਼ਿੰਦਗੀ ਜਿਊਣ ਲਈ ਇੱਕ ਹੋਰ ਖ਼ੂਬਸੂਰਤ ਦਿਨ ਨਸੀਬ ਹੋਇਆ ਹੈ। ਜਿਵੇਂ ਕੁਦਰਤ ਦਾ ਨਿਯਮ ਹੈ ਕਿ ਕੱਚੇ ਫ਼ਲ ਨੇ ਸਮੇਂ ਦੇ ਬੀਤਣ ਨਾਲ ਪੱਕ ਕੇ ਦਰੱਖਤ ਤੋਂ ਅਲੱਗ ਹੋਣਾ ਹੁੰਦਾ ਹੈ। ਉਸੇ ਤਰ੍ਹਾਂ ਮਨੁੱਖੀ ਸਰੀਰ ਨੇ ਆਪਣੀ ਬਚਪਨ, ਜਵਾਨੀ ਤੇ ਬੁਢਾਪੇ ਆਦਿ ਪੜਾਵਾਂ ’ਚ ਲੰਘ ਕੇ ਅੰਤ ਮਿੱਟੀ ’ਚ ਮਲੀਨ ਹੋਣਾ ਹੁੰਦਾ ਹੈ। ਇਹੀ ਕੁਦਰਤ ਦਾ ਨਿਯਮ ਹੈ। ਜਦੋਂ ਮੌਤ ਇੱਕ ਅਟੱਲ ਸੱਚਾਈ ਹੈ ਫਿਰ ਇਸ ਤੋਂ ਡਰ ਕਾਹਦਾ? ਹਾਂ! ਜਿੱਥੋਂ ਤੱਕ ਸਰੀਰਕ ਸਮੱਸਿਆਵਾਂ ਦੀ ਗੱਲ ਹੈ ਇਸ ਉਮਰ ਵਿੱਚ ਆਪਣੇ ਖਾਣ ਪੀਣ ’ਤੇ ਸੰਜਮ ਰੱਖਣਾ ਚਾਹੀਦਾ ਹੈ। ਸਰੀਰਕ ਸਮਰੱਥਾ ਅਨੁਸਾਰ ਛੋਟੇ-ਮੋਟੇ ਕੰਮ ਕਰਕੇ ਆਪਣੇ ਆਪ ਨੂੰ ਮਸ਼ਰੂਫ਼ ਰੱਖਣਾ ਚਾਹੀਦਾ ਹੈ। ਹਲਕਾ ਭੋਜਨ ਖਾਣਾ ਚਾਹੀਦਾ ਹੈ। ਸਰੀਰਕ ਗਤੀਸ਼ੀਲਤਾ ਘੱਟ ਹੋਣ ਕਰਕੇ ਕੈਲੋਰੀ ਦੀ ਖਪਤ ਘੱਟ ਹੁੰਦੀ ਹੈ। ਇਸ ਲਈ ਮਸਾਲੇਦਾਰ ਚਟਪਟਾ ਤੇ ਤਲੇ ਹੋਏ ਖਾਣੇ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੰਯੁਕਤ ਪਰਿਵਾਰ ਦੇ ਮੁਖੀ ਹੋ ਤਾਂ ਸਾਰਿਆਂ ਨੂੰ ਹੀ ਪਿਆਰ ਕਰੋ, ਪਰ ਜੇਕਰ ਕੋਈ ਪੁੱਤਰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਕੰਮ ਕਰਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਜ਼ਰੂਰ ਕਰੋ।
ਮਾਂ-ਬਾਪ ਦੀ ਸੇਵਾ ਕਰਨਾ ਬੱਚਿਆਂ ਦੀ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ ਸਗੋਂ ਨੈਤਿਕ ਫਰਜ਼ ਵੀ ਹੈ। ਮਾਂ-ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਨ੍ਹਾਂ ਦੀ ਗੱਲ ਧੀਰਜ ਨਾਲ ਸੁਣੋ। ਜੇ ਤੁਸੀਂ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਉਸੇ ਤਰ੍ਹਾਂ ਸਹਿਣਸ਼ੀਲਤਾ ਦਿਖਾਓ, ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਭਾਵੇਂ ਤੁਸੀਂ ਮਜ਼ਦੂਰ ਹੋ ਜਾਂ ਮੈਨੇਜਰ ਆਪਣੇ ਮਾਲਕ ਜਾਂ ਬੋਸ ਦੀ ਡਾਂਟ ਤਾਂ ਤੁਸੀਂ ਚੁੱਪ-ਚਾਪ ਸਹਿਣ ਕਰ ਲੈਂਦੇ ਹੋ ਜਿਨ੍ਹਾਂ ਨੇ ਤੁਹਾਨੂੰ ਮਹੀਨੇ ਦਾ ਸਿਰਫ਼ ਪੰਜ ਜਾਂ ਪੰਜਾਹ ਹਜ਼ਾਰ ਹੀ ਦੇਣਾ ਹੈ, ਪਰ ਉਹ ਮਾਂ-ਬਾਪ ਜਿਨ੍ਹਾਂ ਨੇ ਤੁਹਾਨੂੰ ਪਾਲ-ਪੋਸ਼ ਕੇ ਆਪਣੀ ਜ਼ਿੰਦਗੀ ਦੀ ਲੱਖਾਂ-ਕਰੋੜਾਂ ਦੀ ਸਾਰੀ ਪੂੰਜੀ ਤੇ ਜਾਇਦਾਦ ਦੇਣੀ ਹੈ, ਉਨ੍ਹਾਂ ਦੀਆਂ ਗੱਲਾਂ ਤੁਹਾਨੂੰ ਬੁਰੀਆਂ ਲੱਗਦੀਆਂ ਹਨ ਤੇ ਤੁਹਾਡੀ ਜ਼ੁਬਾਨ ਕੈਂਚੀ ਦੀ ਤਰ੍ਹਾਂ ਚੱਲਣ ਲੱਗਦੀ ਹੈ। ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚਿਆਂ ਨੂੰ ਮਾਂ-ਬਾਪ ਹੀ ਬੋਲਣਾ ਸਿਖਾਉਦੇਂ ਹਨ। ਉਹੀ ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚੇ ਜਦੋਂ ਵੱਡੇ ਹੋ ਕੇ ਮਾਂ-ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ ਤਾਂ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਯਾਦ ਰੱਖੋ ਕਿ ਤੁਸੀਂ ਮਾਂ-ਬਾਪ ਦੀ ਬਦੌਲਤ ਹੀ ਚੰਗੇ ਪੜ੍ਹੇ-ਲਿਖੇ ਹੋ। ਜਿੱਥੋਂ ਤੱਕ ਜੀਵਨ ਜਾਚ ਦਾ ਸਬੰਧ ਹੈ ਤੁਸੀਂ ਜੀਵਨ ਭਰ ਉਨ੍ਹਾਂ ਤੋਂ ਪਿੱਛੇ ਹੀ ਰਹੋਗੇ ਕਿਉਂਕਿ ਮਾਂ-ਬਾਪ ਜੀਵਨ ਜਾਚ ਵਿੱਚ ਸਭ ਤੋਂ ਅੱਗੇ ਹੁੰਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਬੁਜ਼ਰਗਾਂ ਅਤੇ ਬੱਚਿਆਂ ਦੇ ਵਿਚਾਰ ਨਦੀ ਦੇ ਦੋ ਕਿਨਾਰਿਆਂ ਵਾਂਗ ਮਿਲ ਨਹੀਂ ਸਕਦੇ। ਇਹ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਦਾ ਵਖਰੇਵਾਂ ਸਦੀਆਂ ਤੋਂ ਰਿਹਾ ਹੈ ਤੇ ਹਮੇਸ਼ਾ ਹੀ ਰਹੇਗਾ, ਭਾਵੇਂ ਵਿਚਾਰਾਂ ਦੇ ਇਸ ਵਖਰੇਵੇਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ, ਪਰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਲਈ ਬਜ਼ੁਰਗਾਂ ਨੂੰ ਆਪਣੇ ਖਾਣ ਤੇ ਬੋਲਣ ਉੱਤੇ ਸੰਜਮ ਰੱਖ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਮਾਂ-ਬਾਪ ਤੋਂ ਜ਼ਿਆਦਾ ਚਲਾਕ ਜਾਂ ਚਤਰ ਨਾ ਸਮਝਣ। ਜਿੱਥੇ ਤੁਸੀਂ ਅੱਜ ਫਿਰ ਰਹੇ ਹੋ, ਉਹ ਬਹੁਤ ਚਿਰ ਪਹਿਲਾਂ ਇਸ ਦੌਰ ’ਚੋਂ ਗੁਜ਼ਰ ਚੁੱਕੇ ਹਨ। ਇਸ ਲਈ ਉਪਰੋਕਤ ਗੱਲਾਂ ਨੂੰ ਦਿਮਾਗ਼ ਵਿੱਚ ਰੱਖ ਕੇ ਇਸ ਧਰਤੀ ’ਤੇ ਹੀ ਸਵਰਗ ਦੀ ਮੌਜ ਦਾ ਅਹਿਸਾਸ ਕੀਤਾ ਜਾ ਸਕਦਾ ਹੈ।

Advertisement

ਸੰਪਰਕ: 98140-96108

Advertisement

Advertisement
Author Image

sukhwinder singh

View all posts

Advertisement