ਹੜ੍ਹਾਂ ਕਾਰਨ ਬਲਾਚੌਰ-ਗਹੂੰਣ-ਸੁੱਧਾ ਮਾਜਰਾ ਸੜਕ ਟੁੱਟੀ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 23 ਜੁਲਾਈ
ਬਲਾਚੌਰ ਸਬ-ਡਿਵੀਜ਼ਨ ਵਿੱਚ ਬੀਤੇ ਪੰਦਰਵਾੜੇ ਦੌਰਾਨ ਹੋਈ ਭਾਰੀ ਬਾਰਸ਼ ਨੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਹੈ, ਉੱਥੇ ਕੰਢੀ ਦੇ ਇਲਾਕੇ ਵਿੱਚ ਪੈਂਦੇ ਅਨੇਕਾਂ ਚੋਆਂ ਕਾਰਨ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ।
ਬਲਾਚੌਰ-ਗਹੂੰਣ-ਸੁੱਧਾ ਮਾਜਰਾ ਸੜਕ ਜੋ ਇੱਕ ਸਾਲ ਪਹਿਲਾਂ ਹੀ 18 ਫੁੱਟ ਚੌੜੀ ਕਰ ਕੇ ਬਣਾਈ ਗਈ ਸੀ, ਸਬੰਧਿਤ ਠੇਕੇਦਾਰ ਵੱਲੋਂ ਸੜਕ ਦੇ ਬਰਮ ਬਣਾਉਣੇ ਛੱਡ ਦਿੱਤੇ ਗਏ ਸਨ। ਇਸ ਕਾਰਨ ਹੜ੍ਹ ਦੇ ਪਾਣੀ ਨੇ ਸੜਕ ਦੇ ਬਰਮਾਂ ਦੇ ਨਾਲ-ਨਾਲ ਸੜਕ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਹੜ੍ਹ ਦੇ ਇਸ ਪਾਣੀ ਨਾਲ ਇਹ ਸੜਕ 10-12 ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਬਲਾਚੌਰ ਦੇ ਸ਼ਮਸ਼ਾਨਘਾਟ ਕੋਲ ਤਾਂ 12-13 ਫੁੱਟ ਡੂੰਘਾ ਪਾੜ ਵੀ ਪਿਆ ਹੋਇਆ ਹੈ। ਸਿੱਟੇ ਵਜੋਂ ਲੋਕਾਂ ਦਾ ਇਸ ਸੜਕ ਤੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ।
ਗਹੂੰਣ, ਲੋਹਟਾਂ, ਸੁੱਧਾ ਮਾਜਰਾ, ਮਾਣੇਵਾਲ, ਮੁੱਤੋਂ, ਬੂਥਗੜ੍ਹ, ਲੋਹਗੜ੍ਹ, ਨਿਊ ਕਲੋਨੀ ਰੱਕੜਾਂ ਬੇਟ ਅਤੇ ਰੱਕੜਾਂ ਬੇਟ ਆਦਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਬੇਟ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਬਲਾਚੌਰ-ਗਹੂੰਣ-ਸੁੱਧਾ ਮਾਜਰਾ ਸੜਕ ਜੋ ਕਿ ਬਲਾਚੌਰ-ਰੋਪੜ ਕੌਮੀ ਮਾਰਗ ਨੂੰ ਜੋੜਦੀ ਹੈ, ਨੂੰ ਤੁਰੰਤ ਮੁਰੰਮਤ ਕਰਵਾ ਕੇ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਮਾਂ ਨੂੰ ਪੱਕਿਆਂ ਕੀਤਾ ਜਾਵੇ, ਤਾਂ ਜੋ ਇਸ ਸੜਕ ’ਤੇ 24 ਘੰਟੇ ਚੱਲਦੀ ਆਵਾਜਾਈ ਬਨਿਾਂ ਕਿਸੇ ਰੁਕਾਵਟ ਤੋਂ ਨਿਰਵਿਘਨ ਚੱਲਦੀ ਰਹੇ ਅਤੇ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।