ਬਾਜਵਾ ਨੇ ‘ਆਪ’ ਦੇ ਰੋਡ ਸ਼ੋਅ ਦੇ ਖਰਚੇ ’ਤੇ ਚੁੱਕੇ ਸਵਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਪ੍ਰਿੰਸੀਪਲ ਅਕਾਊਟੈਂਟ ਜਨਰਲ (ਆਡਿਟ) ਨੂੰ ਪੱਤਰ ਲਿਖ ਕੇ ‘ਆਪ’ ਦੇ ਰੋਡ ਸ਼ੋਅ ਦੇ ਖਰਚੇ ’ਤੇ ਉਂਗਲ ਉਠਾਈ ਹੈ। ਉਨ੍ਹਾਂ ਇਸ ਖਰਚੇ ਦਾ ਵਿਸ਼ੇਸ਼ ਆਡਿਟ ਕੀਤੇ ਜਾਣ ਦੀ ਮੰਗ ਕੀਤੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਵੇਲੇ ਕੀਤੇ ਰੋਡ ਸ਼ੋਅ ’ਤੇ 1.13 ਕਰੋੋੜ ਰੁਪਏ ਖਰਚੇ ਗਏ ਹਨ। ਸ੍ਰੀ ਬਾਜਵਾ ਨੇ ਪੀਆਰਟੀਸੀ ਤੋਂ ਆਰਟੀਆਈ ਤਹਿਤ ਪ੍ਰਾਪਤ ਸੂਚਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਰੋਡ ਸ਼ੋਅ ਲਈ 925 ਬੱਸਾਂ ਦੀ ਵਰਤੋਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਰੋਡ ਸ਼ੋਅ ਵਿਚ ਭੇਜਣ ਵਾਲੇ ਸਰਕਾਰੀ ਹੁਕਮ ਵੀ ਨਿਯਮਾਂ ਤੋਂ ਬਾਹਰ ਜਾਪਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਖਰਚੇ ਦਾ ਪੂਰਨ ਆਡਿਟ ਕੀਤਾ ਜਾਵੇ। ਉਨ੍ਹਾਂ ਇਹ ਮੰਗ ਉਸ ਸਮੇਂ ਉਠਾਈ , ਜਦੋਂ ਮੁੱਖ ਮੰਤਰੀ ਨੇ ਮੁਖਤਾਰ ਅੰਸਾਰੀ ਮਾਮਲੇ ’ਤੇ ਕਾਨੂੰਨੀ ਖਰਚੇ ਦੇ ਬਿੱਲਾਂ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲੀ ਕਰਨ ਦਾ ਨੋਟਿਸ ਦਿੱਤਾ ਹੋਇਆ ਹੈ।
ਉਨ੍ਹਾਂ ਕਿਹਾ ਹੈ ਕਿ ਜਦੋਂ ਹਾਲੇ ਸਰਕਾਰ ਬਣੀ ਹੀ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਅਜਿਹਾ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਕਰਨਾ ਜਾਇਜ਼ ਨਹੀਂ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਹਾਲੇ ਦੋ ਦਿਨ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ’ਤੇ ਤਨਜ ਕਸੇ ਸਨ ਅਤੇ ਬਦਲੇ ਵਿਚ ਬਾਜਵਾ ਨੇ ਵੀ ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲਿਆ ਸੀ। ਕੁਝ ਦਿਨਾਂ ਤੋਂ ਵਿਰੋਧੀ ਧਿਰਾਂ ਨੇ ਸਰਕਾਰ ਦੀ ਘੇਰਾਬੰਦੀ ਲਈ ਹਮਲੇ ਤੇਜ਼ ਕਰ ਦਿੱਤੇ ਹਨ।