ਰਿਸ਼ਵਤਖ਼ੋਰੀ ਬਾਰੇ ਰਿਪੋਰਟ ਦੇ ਮੁੱਦੇ ਉਤੇ ਸਪੀਕਰ ਦੇ ਯੂ-ਟਰਨ ’ਤੇ ਬਾਜਵਾ ਨੇ ਉਠਾਏ ਸਵਾਲ
ਰਾਜਮੀਤ ਸਿੰਘ
ਚੰਡੀਗੜ੍ਹ, 4 ਸਤੰਬਰ
ਪੰਜਾਬ ਪੁਲੀਸ ਦੇ ਇਕ ਇਐੱਸਆਈ ਵੱਲੋਂ ਇਕ ਗੈਂਗਸਟਰ ਤੋਂ ਰਿਸ਼ਵਤ ਲਏ ਜਾਣ ਦੇ ਮੁੱਦੇ ਉਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਦਨ ਦੇ ਸੈਸ਼ਨ ਦੌਰਾਨ ਡੀਜੀਪੀ ਪੰਜਾਬ ਤੋਂ ਰਿਪੋਰਟ ਤਲਬ ਕਰਨ ਦੇ ਐਲਾਨੇ ਗਏ ਫ਼ੈਸਲੇ ਤੋਂ ਯੂ-ਟਰਨ ਲਏ ਜਾਣ ਉਤੇ ਬੁੱਧਵਾਰ ਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜ੍ਹੇ ਕੀਤੇ ਹਨ।
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਤੀਜੇ ਦਿਨ ਬਾਜਵਾ ਨੇ ਕਿਹਾ ਕਿ ਇਕ ਵਾਰ ਜਦੋਂ ਵਿਧਾਨ ਸਭਾ ਦੇ ਸਦਨ ਨੇ ਡੀਜੀਪੀ ਤੋਂ ਰਿਪੋਰਟ ਤਲਬ ਕਰਨ ਦੇ ਸਪੀਕਰ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਸੀ ਤਾਂ ਸਪੀਕਰ ਵੱਲੋਂ ਸਦਨ ਦੀ ਮਨਜ਼ੂਰੀ ਬਿਨਾਂ ਫ਼ੈਸਲਾ ਵਾਪਸ ਨਹੀਂ ਲਿਆ ਜਾ ਸਕਦਾ।
ਗ਼ੌਲਤਲਬ ਹੈ ਕਿ ਸੰਧਵਾਂ ਨੇ ਰਿਪੋਰਟ ਤਲਬ ਕਰਨ ਦੀ ਥਾਂ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਪੁਲੀਸ ਵਿਚਲੀਆਂ ‘ਕਾਲੀਆਂ ਭੇਡਾਂ’ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਹੈ। ਸਪੀਕਰ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਉਨ੍ਹਾਂ ‘ਸਦਨ ਦੀ ਭਾਵਨਾ’ ਉਤੇ ਜਾਂਦਿਆਂ ਗ੍ਰਹਿ ਸਕੱਤਰ ਤੋਂ ਅਜਿਹੀਆਂ ਸਾਰੀਆਂ ਕਾਲੀਆਂ ਭੇਡਾਂ ਬਾਰੇ ਰਿਪੋਰਟ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਏਐੱਸਆਈ ਨੇ ਇਹ ਰਿਸ਼ਵਤ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਲਈ ਸੀ, ਜਦੋਂਕਿ ਐੱਫਆਈਆਰ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਦਰਜ ਕੀਤੀ ਗਈ ਹੈ।