For the best experience, open
https://m.punjabitribuneonline.com
on your mobile browser.
Advertisement

ਬਜਰੰਗ ਵੱਲੋਂ ਚੋਣ ਟਰਾਇਲਾਂ ’ਚ ਸ਼ਾਮਲ ਹੋਣ ਤੋਂ ਨਾਂਹ

07:32 AM Mar 01, 2024 IST
ਬਜਰੰਗ ਵੱਲੋਂ ਚੋਣ ਟਰਾਇਲਾਂ ’ਚ ਸ਼ਾਮਲ ਹੋਣ ਤੋਂ ਨਾਂਹ
Advertisement

ਨਵੀਂ ਦਿੱਲੀ, 29 ਫਰਵਰੀ
ਪਹਿਲਵਾਨ ਬਜਰੰਗ ਪੂਨੀਆ ਨੇ ਅਗਾਮੀ ਕੌਮੀ ਟਰਾਇਲਾਂ ’ਚ ਹਿੱਸਾ ਲੈਣ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਡਆਈ) ਦੇ ਸੱਦੇ ਨੂੰ ਠੁਕਰਾਉਂਦਿਆਂ ਦਿੱਲੀ ਹਾਈ ਕੋਰਟ ਵਿੱਚ ‘ਜ਼ਰੂਰੀ ਸਾਂਝੀ ਪਟੀਸ਼ਨ’ ਦਾਇਰ ਕਰ ਕੇ 10 ਅਤੇ 11 ਮਾਰਚ ਨੂੰ ਫੈਡਰੇਸ਼ਨ ਵੱਲੋਂ ਕਰਵਾਏ ਜਾਣ ਵਾਲੇ ਟਰਾਇਲਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਭਰੋਸਯੋਗ ਸੂਤਰਾਂ ਮੁਤਾਬਕ ਬਜਰੰਗ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਉਸ ਦੇ ਪਤੀ ਸਤਿਆਵਰਤ ਕਾਦੀਆਨ ਨੇ ਅੱਜ ਅਦਾਲਤ ਦਾ ਰੁਖ਼ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਹਾਲਾਂਕਿ ਬਜਰੰਗ ਨੇ ਪਟੀਸ਼ਨ ਦਾਇਰ ਕਰਨ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤੀ ਕੁਸ਼ਤੀ ਪ੍ਰਤੀ ਸਰਕਾਰੀ ਦੀ ਚੁੱਪੀ ’ਤੇ ਸਵਾਲ ਉਠਾਏ ਹਨ। ਅਗਲੇ ਮਹੀਨੇ ਕਿਰਗਜ਼ਸਤਾਨ ’ਚ ਹੋਣ ਵਾਲੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਤੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਦਿੱਲੀ ਦੇ ਆਈਜੀ ਸਟੇਡੀਅਮ ’ਚ ਟਰਾਇਲਾਂ ਦੇ ਆਧਾਰ ’ਤੇ ਕੀਤੀ ਜਾਵੇਗੀ।
ਬਜਰੰਗ ਨੇ ਰੂਸ ਤੋਂ ਜਿੱਥੇ ਉਹ ਦੋ ਮਹੀਨਿਆਂ ਤੋਂ ਟਰੇਨਿੰਗ ਕਰ ਰਿਹਾ ਹੈ, ਪੀਟੀਆਈ ਨੂੰ ਕਿਹਾ ਕਿ ਉਸ ਨੇ ਵਿਦੇਸ਼ ’ਚ ਟਰੇਨਿੰਗ ’ਤੇ ਬਹੁਤ ਪੈਸਾ ਖਰਚ ਕੀਤਾ ਹੈ ਪਰ ਜੇਕਰ ਟਰਾਇਲ ਸੰਜੈ ਸਿੰਘ ਦੀ ਅਗਵਾਈ ਵਾਲੀ ਡਬਲਿਊਐੱਫਆਈ ਵੱਲੋਂ ਕਰਵਾਏ ਜਾਣਗੇ ਤਾਂ ਉਹ ਉਸ ਵਿੱਚ ਹਿੱਸਾ ਨਹੀਂ ਲਵੇਗਾ। ਉਸ ਨੇ ਕਿਹਾ, ‘‘ਜੇਕਰ ਮੈਂ ਹਿੱਸਾ ਨਾ ਲੈਣਾ ਹੁੰਦਾ ਤਾਂ ਆਪਣੀ ਟਰੇਨਿੰਗ ’ਤੇ 30 ਲੱਖ ਰੁਪਏ ਨਾ ਖਰਚਦਾ ਪਰ ਮੁਅੱਤਲ ਡਬਲਿਊਐੱਫਆਈ ਟਰਾਇਲ ਕਿਵੇਂ ਕਰਵਾ ਰਹੀ ਹੈ। ਸਰਕਾਰ ਇਸ ਨੂੰ ਮਨਜ਼ੂਰੀ ਕਿਵੇਂ ਦੇ ਸਕਦੀ ਹੈ। ਬਜਰੰਗ ਨੇ ਆਖਿਆ, ‘‘ਮੈਨੂੰ ਸਮਝ ਨਹੀਂ ਆਉਂਦਾ ਕਿ ਭਾਰਤ ਸਰਕਾਰ ਵੱਲੋਂ ਮੁਅੱਤਲ ਖੇਡ ਸੰਸਥਾ ਟਰਾਇਲਾਂ ਦਾ ਐਲਾਨ ਕਿਵੇਂ ਕਰ ਸਕਦੀ ਹੈ। ਸਰਕਾਰ ਚੁੱਪ ਕਿਉਂ ਹੈ। ਜੇਕਰ ਐਡਹਾਕ ਕਮੇਟੀ ਜਾਂ ਸਰਕਾਰ ਟਰਾਇਲ ਕਰਵਾਏਗੀ ਤਾਂ ਹੀ ਅਸੀਂ ਇਸ ਵਿੱਚ ਸ਼ਾਮਲ ਹੋਵਾਂਗੇ।’’
ਡਬਲਿਊਐੱਫਆਈ ਪ੍ਰਧਾਨ ਸੰਜੇ ਸਿੰਘ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਬੀਤੀਆਂ ਗੱਲਾਂ ਭੁਲਾ ਕੇ ਟਰਾਇਲਾਂ ’ਚ ਹਿੱਸਾ ਲੈਣ ਲਈ ਕਿਹਾ ਹੈ। ਬਜਰੰਗ ਪੂੁਨੀਆ ਨੇ ਕਿਹਾ ਕਿ ਉਹ ਇਕੱਲੇ ਹੀ ਨਹੀਂ ਬਲਕਿ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਵੀ ਟਰਾਇਲਾਂ ’ਚ ਸ਼ਾਮਲ ਨਹੀਂ ਹੋਣਗੀਆਂ। ਉਸ ਨੇ ਕਿਹਾ, ‘‘ਇਸ ਸਾਡਾ ਸਾਂਝਾ ਫ਼ੈਸਲਾ ਹੈ। ਇਸ ਵਿੱਚ ਅਸੀਂ ਇਕੱਠੇ ਹਾਂ।’’ ਹਾਲਾਂਕਿ ਇਸ ਸਬੰਧੀ ਪੁਸ਼ਟੀ ਲਈ ਸਾਕਸ਼ੀ ਤੇ ਵਿਨੇਸ਼ ਨੂੰ ਫੋਨ ਕੀਤਾ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×