ਨਾਡਾ ਦੀ ਮੁਅੱਤਲੀ ਖ਼ਿਲਾਫ਼ ਦਿੱਲੀ ਹਾਈ ਕੋਰਟ ਪੁੱਜੇ ਬਜਰੰਗ ਪੂਨੀਆ
ਨਵੀਂ ਦਿੱਲੀ, 10 ਸਤੰਬਰ
ਅਲਬਾਨੀਆ ਵਿੱਚ ਅਕਤੂਬਰ ਵਿੱਚ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਕੌਮੀ ਐਂਟੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਉਸ ਦੀ ਮੁਅੱਤਲੀ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਐਂਟੀ ਡੋਪਿੰਗ ਏਜੰਸੀ ਭਾਰਤੀ ਸੰਵਿਧਾਨ ਤਹਿਤ ਅਭਿਆਸ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਦੇ ਉਸ ਦੇ ਬੁਨਿਆਦੀ ਹੱਕਾਂ ਦਾ ਉਲੰਘਣ ਕਰ ਰਹੀ ਹੈ, ਜੇ ਉਸ ਦੀ ਮੁਅੱਤਲੀ ਨੂੰ ਹਟਾਇਆ ਨਹੀਂ ਜਾਂਦਾ ਤਾਂ ਉਸ ਨੂੰ ਮਜਬੂਰ ਹੋ ਕੇ ਸੇਵਾਮੁਕਤੀ ਲੈਣੀ ਪੈ ਸਕਦੀ ਹੈ। ਜ਼ਿਕਰਯੋਗ ਹੈ ਕਿ ਨਾਡਾ ਨੇ ਪੂਨੀਆ ਨੂੰ 21 ਜੂਨ ਨੂੰ ਦੂਜੀ ਵਾਰ ਮੁਅੱਤਲ ਕਰਦਿਆਂ ਪੂਨੀਆ ਨੂੰ ਸਿਖਲਾਈ ਦੇਣ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਅਯੋਗ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਨਾਡਾ ਨੇ ਸੋਨੀਪਤ ਵਿੱਚ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਪਿਸ਼ਾਬ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ’ਤੇ ਪੂਨੀਆ ਨੂੰ 23 ਅਪਰੈਲ ਨੂੰ ਮੁਅੱਤਲ ਕਰ ਦਿੱਤਾ ਸੀ। ਪੂਨੀਆ ਨੇ ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ ਉਸ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਤਤਕਾਲੀ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕੀਤਾ ਸੀ, ਇਸ ਕਰ ਕੇ ਉਸ ਨੂੰ ਇਸ ਮਾਮਲੇ ਵਿਚ ਉਲਝਾਇਆ ਜਾ ਰਿਹਾ ਹੈ। ਪੀਟੀਆਈ