ਜੀਐੱਸਟੀ ਵਿਭਾਗ ਦੀ ਚੈਕਿੰਗ ਦੇ ਵਿਰੋਧ ’ਚ ਬਾਜਾਖਾਨਾ-ਬਰਨਾਲਾ ਸੜਕ ਕੀਤੀ ਜਾਮ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 21 ਦਸੰਬਰ
ਜੀਐੱਸਟੀ ਵਿਭਾਗ ਵੱਲੋਂ ਅੱਜ ਭਗਤਾ ਭਾਈ ਵਿਖੇ ਦੁਕਾਨਾਂ ਦੀ ਕੀਤੀ ਚੈਕਿੰਗ ਦਾ ਤਿੱਖਾ ਵਿਰੋਧ ਕਰਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਜਾਖਾਨਾ-ਬਰਨਾਲਾ ਸੜਕ 'ਤੇ ਜਾਮ ਲਗਾ ਦਿੱਤਾ। ਇਸ ਮੌਕੇ ਇਕੱਤਰ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਜੀਐਸਟੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਆਏ ਦਿਨ ਚੈਕਿੰਗ ਕਰਕੇ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜੀਐਸਟੀ ਵਿਭਾਗ ਦੇ ਅਧਿਕਾਰੀ ਸ਼ਹਿਰ ਦੀ ਇਕ ਦੁਕਾਨ 'ਤੇ ਚੈਕਿੰਗ ਕਰਨ ਲਈ ਪਹੁੰਚੇ ਜਿਸ ਦੀ ਭਿਣਕ ਮਿਲਦਿਆਂ ਸਥਾਨਕ ਵਪਾਰ ਮੰਡਲ ਦੇ ਆਗੂ ਤੇ ਦੁਕਾਨਦਾਰ ਉਸ ਦੁਕਾਨ ਅੱਗੇ ਇਕੱਠੇ ਹੋ ਗਏ। ਉਨ੍ਹਾਂ ਨੇ ਵਿਭਾਗ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ। ਬਾਅਦ ਵਿਚ ਪੁਲੀਸ ਨੇ ਉਕਤ ਅਧਿਕਾਰੀਆਂ ਨੂੰ ਇਕੱਠ 'ਚੋਂ ਬਾਹਰ ਕੱਢ ਲਿਆ ਜਿਸ ਕਾਰਨ ਦੁਕਾਨਦਾਰ ਹੋਰ ਰੋਹ ਵਿਚ ਆ ਗਏ ਤੇ ਉਨ੍ਹਾਂ ਨੇ ਜਾਮ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਵਪਾਰ ਮੰਡਲ ਦੇ ਆਗੂਆਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਭਗਤਾ ਭਾਈ ਛੋਟਾ ਜਿਹਾ ਪੇਂਡੂ ਕਸਬਾ ਹੈ ਪਰ ਜੀਐਸਟੀ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਮੰਦੀ ਦੇ ਚਲਦਿਆਂ ਦੁਕਾਨਦਾਰਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਤਰਸਯੋਗ ਹੈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤਹਿਤ ਚੈਕਿੰਗ ਕਰਨ ਆਏ ਸਨ। ਖ਼ਬਰ ਲਿਖੇ ਜਾਣ ਤੱਕ ਜਾਮ ਤੇ ਧਰਨਾ ਜਾਰੀ ਸੀ।