For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ ਦਾ ਬੇਟ ਖੇਤਰ ਹੜ੍ਹਾਂ ਦੀ ਲਪੇਟ ’ਚ

07:31 AM Jul 11, 2023 IST
ਮਾਛੀਵਾੜਾ ਦਾ ਬੇਟ ਖੇਤਰ ਹੜ੍ਹਾਂ ਦੀ ਲਪੇਟ ’ਚ
ਬੇਟ ਖੇਤਰ ਦੇ ਪਿੰਡਾਂ ਵਿੱਚ ਡੁੱਬੇ ਦਿਖਾਈ ਦੇ ਰਹੇ ਖੇਤ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜੁਲਾਈ
ਭਾਰੀ ਮੀਂਹ ਕਾਰਨ ਮਾਛੀਵਾੜਾ ਦਾ ਬੇਟ ਖੇਤਰ ਵਿਚ ਹੜ੍ਹ ਆ ਗਿਆ ਹੈ ਅਤੇ 1988 ਤੋਂ ਬਾਅਦ ਹੁਣ 2023 ਵਿਚ ਸਾਰੇ ਪਿੰਡ ਪਾਣੀ ’ਚ ਡੁੱਬੇ ਦਿਖਾਈ ਦੇ ਰਹੇ ਹਨ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਬੀਜੀ ਝੋਨੇ ਦੀ ਫਸਲ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਬੇਟ ਖੇਤਰ ਦੇ ਪਿੰਡ ਮਾਛੀਵਾੜਾ ਖਾਮ ਤੋਂ ਸਤਲੁਜ ਦਰਿਆ ਨੂੰ ਜੋੜਦੀ ਲਿੰਕ ਸੜਕ ’ਤੇ ਨਵੀਂ ਬਣੀ ਪੁਲੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈ। ਇਸ ਤੋਂ ਇਲਾਵਾ ਪਿੰਡ ਮੰਡ ਸ਼ੇਰੀਆਂ, ਸ਼ਤਾਬਗੜ੍ਹ, ਨੂਰਪੁਰ ਬੇਟ, ਫਤਹਿਗੜ੍ਹ ਬੇਟ ਅਤੇ ਹੋਰ ਕਈ ਥਾਵਾਂ ’ਤੇ ਸੜਕਾਂ ਵੀ ਰੁੜ੍ਹ ਗਈਆਂ ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ।
ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡਾਂ ਵਿਚ ਆਇਆ ਹੜ੍ਹ ਦਾ ਪਾਣੀ ਰੋਪੜ ਜ਼ਿਲ੍ਹੇ ਵਿਚ ਕਈ ਨਦੀਆਂ ਓਵਰਫਲੋਅ ਹੋ ਗਈਆਂ ਜਾਂ ਉਨ੍ਹਾਂ ਦੇ ਬੰਨ੍ਹ ਟੁੱਟ ਗਏ ਜਿਸ ਕਾਰਨ ਪਾਣੀ ਦਾ ਵਹਾਅ ਮਾਛੀਵਾੜਾ ਦੇ ਪਿੰਡਾਂ ਵੱਲ ਨੂੰ ਹੋ ਗਿਆ ਜੋ ਹੁਣ ਤਬਾਹੀ ਮਚਾ ਰਿਹਾ ਹੈ। ਬੇਟ ਖੇਤਰ ਦੇ ਪਿੰਡਾਂ ਵਿਚ ਹਾਲਾਤ ਇਹ ਹਨ ਕਿ ਕਿਸਾਨਾਂ ਦੇ ਝੋਨੇ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਦਾ ਨਾਮੋ-ਨਿਸ਼ਾਨ ਹੜ੍ਹ ਨੇ ਮਿਟਾ ਦਿੱਤਾ। ਇਸ ਤੋਂ ਇਲਾਵਾ ਸਬਜ਼ੀਆਂ, ਮੱਕੀ ਦੀ ਫਸਲ ਅਤੇ ਪਾਪੂਲਰ ਵੀ ਪ੍ਰਭਾਵਿਤ ਹੋਏ ਹਨ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵਲੋਂ ਵੀ ਅੱਜ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਮਾਛੀਵਾੜਾ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਵੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮਾਲ ਵਿਭਾਗ ਦੇ ਕਰਮਚਾਰੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਜੇਕਰ ਕਿਤੇ ਵੀ ਕਿਸੇ ਨੂੰ ਟੈਂਟ ਲਗਾਉਣ ਲਈ ਤਰਪਾਲ ਜਾਂ ਹੋਰ ਸਾਮਾਨ ਦੀ ਜ਼ਰੂਰਤ ਹੈ ਤਾਂ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਮੁੜ ਧਸਣ ਦਾ ਖ਼ਤਰਾ
ਸਤਲੁਜ ਦਰਿਆ ’ਤੇ ਬਣਿਆ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਵੀ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ਪੁਲ ਦੀਆਂ ਸਲੈਬਾਂ ਪਹਿਲਾਂ ਵੀ ਕਈ ਵਾਰ ਧਸ ਚੁੱਕੀਆਂ ਹਨ। ਇਸ ਪੁਲ ਤੋਂ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਲੰਘਦੇ ਹਨ ਅਤੇ ਜੇਕਰ ਪੁਲ ਦੀ ਸਲੈਬ ਦੁਬਾਰਾ ਟੁੱਟ ਗਈ ਤਾਂ ਜਿੱਥੇ ਆਵਾਜਾਈ ਪ੍ਰਭਾਵਿਤ ਹੋਵੇਗੀ ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਮੁਸ਼ਕਿਲ ਆਵੇਗੀ।

Advertisement

ਹਲਕਾ ਸਾਹਨੇਵਾਲ ਦੇ ਪਿੰਡ ਵੀ ਆਏ ਹੜ੍ਹ ਦੀ ਲਪੇਟ ’ਚ
ਜਾਣਕਾਰੀ ਅਨੁਸਾਰ ਹਲਕਾ ਸਾਹਨੇਵਾਲ ’ਚ ਵੀ ਬੁੱਢੇ ਨਾਲੇ ਦੇ ਓਵਰਫਲੋਅ ਪਾਣੀ ਨੇ ਪਿੰਡ ਬੂਥਗੜ੍ਹ, ਫਤਹਿਗੜ੍ਹ, ਬਲੀਏਵਾਲ, ਗਹਿਲੇਵਾਲ ਆਦਿ ਹੋਰ ਕਈ ਪਿੰਡਾਂ ਵਿਚ ਤਬਾਹੀ ਮਚਾਈ ਹੋਈ ਹੈ। ਅੱਜ ਐੱਸਡੀਐੱਮ ਈਸਟ, ਬੀ.ਡੀ.ਪੀ.ਓ. ਲੁਧਿਆਣਾ-1, ਏ.ਸੀ.ਪੀ ਈਸਟ ਗੁਰਦੇਵ ਸਿੰਘ, ਨਾਇਬ ਤਹਿਸੀਲਦਾਰ ਜਗਦੀਪ ਇੰਦਰ ਸੋਢੀ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਤੇ ਵੀ ਫੌਜ ਜਾਂ ਐੱਨਡੀਆਰਐੱਫ ਟੀਮਾਂ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਮੌਕੇ ’ਤੇ ਬੁਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਮੁਸਤੈਦ ਹੈ।
ਐੱਸਐੱਸਪੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਕੰਢੇ ਬਣੇ ਘਰ ਖਾਲੀ ਕਰਵਾਏ
ਪੁਲੀਸ ਜ਼ਿਲਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ, ਐੱਸ.ਪੀ. ਗੁਰਪ੍ਰੀਤ ਕੌਰ ਪੁਰੇਵਾਲ, ਐੱਸਡੀਐੱਮ ਸਮਰਾਲਾ ਕੁਲਦੀਪ ਬਾਵਾ, ਡੀਐੱਸਪੀ ਵਰਿਆਮ ਸਿੰਘ ਵਲੋਂ ਅੱਜ ਮਾਛੀਵਾੜਾ ਦੇ ਬੇਟ ਖੇਤਰ ਤੋਂ ਇਲਾਵਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ। ਐੱਸਐੱਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਸਤਲੁਜ ਦਰਿਆ ਅੰਦਰ ਪਾਣੀ ਦਾ ਵਹਾਅ ਤੇਜ਼ ਹੈ ਪਰ ਬੰਨ੍ਹ ਅਜੇ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਬੰਨ੍ਹ ਕਨਿਾਰੇ ਬਣੇ ਘਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪ੍ਰਸ਼ਾਸਨ ਵਲੋਂ ਹੜ੍ਹ ਪੀੜ੍ਹਤਾਂ ਲਈ ਸਰਕਾਰੀ ਸਕੂਲਾਂ ਵਿਚ ਇੰਤਜ਼ਾਮ ਕਰ ਲਏ ਗਏ ਹਨ ਅਤੇ ਜੇਕਰ ਕੋਈ ਪਰਿਵਾਰ ਆਪਣੀ ਰਿਸ਼ਤੇਦਾਰੀ ਜਾਣ ਦਾ ਇਛੁੱਕ ਹੈ ਤਾਂ ਉਸ ਨੂੰ ਭਿਜਵਾ ਦਿੱਤਾ ਜਾਵੇਗਾ।

Advertisement
Tags :
Author Image

Advertisement
Advertisement
×