For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਮੇਲੇ ਨੇ ਸਿਡਨੀ ਵਿੱਚ ਲਾਈ ਰੌਣਕ

06:10 AM May 22, 2024 IST
ਵਿਸਾਖੀ ਮੇਲੇ ਨੇ ਸਿਡਨੀ ਵਿੱਚ ਲਾਈ ਰੌਣਕ
ਸਿਡਨੀ ਵਿੱਚ ਕਰਵਾਏ ਵਿਸਾਖੀ ਮੇਲੇ ਵਿੱਚ ਪੰਜਾਬੀ ਪਹਿਰਾਵੇ ਵਿੱਚ ਸਜਿਆ ਵਿਅਕਤੀ
Advertisement

ਲਖਵਿੰਦਰ ਸਿੰਘ ਰਈਆ

Advertisement

ਸਿਡਨੀ: ਦੋ ਦਹਾਕੇ ਤੋਂ ਸੱਭਿਆਚਾਰਕ ਵਿਸਾਖੀ ਮੇਲਾ ਮਨਾਉਣ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ ਬਲੈਕਟਾਊਨ ਸਿਡਨੀ ਦੀ ਸੌਅ ਗਰਾਊਂਡ ਵਿੱਚ ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ਤੇ ਹਰਕੀਰਤ ਸਿੰਘ ਸੰਧਰ ਦੀ ਸਮੁੱਚੀ ਟੀਮ ਦੀ ਅਗਵਾਈ ਹੇਠ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ ਗਿਆ।
ਸ਼ਬਦ ਗਾਇਨ ਨਾਲ ਮੇਲੇ ਦੀ ਸ਼ੁਰੂਆਤ ਹੋਣ ਤੋਂ ਬਾਅਦ ਪੰਜਾਬੀ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਦਾ ਗੁਲਦਸਤਾ ਪੇਸ਼ ਕਰਦਿਆਂ ਬੱਚਿਆਂ, ਗੱਭਰੂਆਂ ਅਤੇ ਮੁਟਿਆਰਾਂ ਦੇ ਟੋਲਿਆਂ ਨੇ ਖ਼ੂਬ ਰੰਗ ਬੰਨ੍ਹਿਆ। ਵੱਖ ਵੱਖ ਤਰ੍ਹਾਂ ਦੇ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੋ ਕੇ ਕੀਤੀ ਪੇਸ਼ਕਾਰੀ ਨਾਲ ਵਿਦੇਸ਼ ਵਿੱਚ ਹੀ ਪੰਜਾਬ ਦਾ ਰੰਗ ਬੰਨ੍ਹ ਦਿੱਤਾ। ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਪੈਰਾਮੈਟਾ ਦੇ ਮੇਅਰ ਸੁਨੀਲ ਪਾਂਡੇ ਤੇ ਬਲੈਕਟਾਊਨ ਦੇ ਕੌਂਸਲਰ ਮਨਿੰਦਰ ਸਿੰਘ ਆਦਿ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਨੇ ਮੇਲੇ ਲਾਉਣੇ ਅਤੇ ਮਾਣਨ ਦੇ ਸ਼ੌਕ ਨੂੰ ਦਰਸਾ ਦਿੱਤਾ। ਮੇਲੇ ਦੌਰਾਨ ਹੱਥਾਂ ਵਿੱਚ ਫੜੇ ਖੂੰਡੇ, ਲੜ ਛੱਡਵੇਂ ਬੰਨ੍ਹੇ ਧੂਹਵੇਂ ਚਾਦਰੇ ਤੇ ਲਈਆਂ ਫੁਲਕਾਰੀਆਂ ਅਤੇ ਪੰਜਾਬੀ ਜੁੱਤੀਆਂ ਦੀ ਆਪਣੀ ਹੀ ਟੌਹਰ ਸੀ। ਸ਼ਿੰਗਾਰੇ ਟਰੈਕਟਰ ਦੀ ਆਮਦ ਨੇ ਮਨ ਵਿੱਚ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੀ ਮਿੱਠੀ ਸੁਰ ਛੇੜ ਦਿੱਤੀ। ਚਰਖੇ, ਗਾਗਰ, ਪਲੰਘ, ਪੱਖੀਆਂ, ਉਖਲੀ ਮੋਹਲੇ ਆਦਿ ਦੀ ਵਿਰਾਸਤੀ ਪ੍ਰਦਰਸ਼ਨੀ ਮੇਲੇ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰ ਰਹੀ ਸੀ।
‌ਦਵਿੰਦਰ ਸਿੰਘ ਧਾਰੀਆ, ਰਣਜੀਤ ਖੈੜਾ ਅਤੇ ਹਰਕੀਰਤ ਸਿੰਘ ਸੰਧਰ ਵੱਲੋਂ ਮੰਚ ਸੰਚਾਲਨ ਤੇ ਖੇਡ ਪਿੜ ਵਿੱਚ ਕੀਤੀ ਵੱਖਰੇ ਅੰਦਾਜ਼ ਦੀ ਕੁਮੈਂਟਰੀ ਮੇਲੇ ਵਿੱਚ ਪੂਰਾ ਜੋਸ਼ ਭਰ ਰਹੀ ਸੀ। ਇਸ ਦੌਰਾਨ ਚਾਟੀ ਦੌੜ, ਕੁਰਸੀ ਦੌੜ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਗਰਮਾਂ ਗਰਮ ਜਲੇਬੀਆਂ, ਪਕੌੜਿਆਂ ਸਮੇਤ ਬਹੁਤ ਸਾਰੇ ਖਾਣ ਪੀਣ ਦੇ ਪਕਵਾਨਾਂ, ਵੰਨ ਸੁਵੰਨੀਆਂ ਪੰਜਾਬੀ ਵਸਤਾਂ ਦੀ ਖਰੀਦੋ ਫਰੋਖਤ ਦੀਆਂ ਦੁਕਾਨਾਂ, ਬੱਚਿਆਂ ਦੇ ਮਨੋਰੰਜਨ ਲਈ ਖਿਡੌਣੇ ਅਤੇ ਝੂਟੇ ਲੈਂਦੇ ਬੱਚਿਆਂ ਦੀਆਂ ਕਿਲਕਾਰੀਆਂ ਪੰਜਾਬ ਵਿੱਚ ਲੱਗਦੇ ਮੇਲਿਆਂ ਦੇ ਹੀ ਰੂਪ ਦਾ ਝਾਓਲਾ ਪਾਉਂਦੀਆਂ ਸਨ।
ਸੰਪਰਕ: 61430204832

Advertisement
Author Image

Advertisement
Advertisement
×