For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ ਲੱਗੀਆਂ ਵਿਸਾਖੀ ਮੇਲੇ ਦੀਆਂ ਰੌਣਕਾਂ

10:30 AM Apr 10, 2024 IST
ਖਾਲਸਾ ਕਾਲਜ ਵਿੱਚ ਲੱਗੀਆਂ ਵਿਸਾਖੀ ਮੇਲੇ ਦੀਆਂ ਰੌਣਕਾਂ
ਇੱਕ ਸਟਾਲ ਉੱਤੇ ਤੰਦੂਰ ’ਤੇ ਰੋਟੀਆਂ ਲਾ ਰਹੀਆਂ ਸੁਆਣੀਆਂ। -ਫੋਟੋ: ਵਿਸ਼ਾਲ ਕੁਮਾਰ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਅਪਰੈਲ
ਖ਼ਾਲਸਾ ਕਾਲਜ ਵਿੱਚ ਖਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਕੈਂਪਸ ਦੇ ਕ੍ਰਿਕਟ ਮੈਦਾਨ ਵਿੱਚ ਯੁਵਕ ਭਲਾਈ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਅੱਜ ‘ਵਿਸਾਖੀ ਮੇਲਾ ਰੌਣਕ-2024’ ਮੇਲੇ ਦਾ ਰਬਿਨ ਕੱਟ ਕੇ ਆਗਾਜ਼ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਦਵਿੰਦਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਟਾਂਗੇ ’ਤੇ ਸਵਾਰ ਹੋ ਕੇ ਮੇਲੇ ਦਾ ਉਦਘਾਟਨ ਕਰਨ ਪੁੱਜੇ ਸ੍ਰੀ ਛੀਨਾ ਨੇ ਮੇਲੇ ’ਚ ਲਗਾਏ ਗਏ ਵੱਖ-ਵੱਖ ਸਟਾਲਾਂ ਅਤੇ ਸੱਭਿਅਤਾ ਨਾਲ ਭਰਪੂਰ ਪੁਰਾਤਨ ਵੇਲੇ ਦੀ ਝਲਕ ਪੇਸ਼ ਕਰਦੀਆਂ ਕਲਾਕ੍ਰਿਤੀਆਂ, ਚਿੱਤਰਕਾਰੀਆਂ, ਪੁਰਾਤਨ ਰਵਾਇਤਾਂ ਫੁਲਕਾਰੀ, ਦਾਣੇ ਭੁੰਨਦੀ ਭੱਠੀ ਵਾਲੀ ਆਦਿ ਦਾ ਆਨੰਦ ਮਾਣਿਆ। ਸਮੂਹ ਕਾਲਜ ਪੰਜਾਬੀ ਰੀਤੀ-ਰਿਵਾਜਾਂ ਅਤੇ ਪੁਰਾਤਨ ਪਹਿਰਾਵੇ, ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ’ਚ ਝੂਮਦਾ ਆਨੰਦ ਮਾਣਦਾ ਨਜ਼ਰ ਆਇਆ। ਮੇਲੇ ’ਚ ਪੰਜਾਬ ਦੀ ਪ੍ਰਾਚੀਨ ਰਵਾਇਤ ਦੀ ਦਿਲਕਸ਼ ਝਲਕ ਨੇ ਸਭਨਾ ਦਾ ਮਨ ਮੋਹ ਲਿਆ। ਮੇਲੇ ’ਚ ਵੱਖ-ਵੱਖ ਤਰ੍ਹਾਂ ਝੂਟਿਆਂ ਦਾ ਆਨੰਦ ਮਾਣਦੇ ਹੋਏ ਵਿਦਿਆਰਥੀਆਂ, ਚਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਭੰਗੜਾ, ਗੱਤਕਾ, ਗਿੱਧਾ-ਬੋਲੀਆਂ, ਡਾਂਸ ਆਦਿ ਨੇ ਮਾਹੌਲ ਨੂੰ ਬੰਨ੍ਹੀ ਰੱਖਿਆ। ਇਸ ਮੌਕੇ ਪੰਜਾਬ ਦੀ ਉੱਘੀ ਥੀਏਟਰ ਸ਼ਖਸੀਅਤ ਜਤਿੰਦਰ ਸਿੰਘ ਬਰਾੜ ਨੂੰ ‘ਥੀਏਟਰ ਐਵਾਰਡ’ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਿਰਦੇਸ਼ਕ-ਨਿਰਮਾਤਾ ਕਾਰਜ ਗਿੱਲ ਨੂੰ ‘ਖਾਲਸਾ ਕਾਲਜ ਫੋਕ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਾਮਵਰ ਗਾਇਕ ਅਤੇ ਅਦਾਕਾਰ ਗੁਰਸ਼ਬਦ ਨੇ ਹਾਜ਼ਰ ਦਰਸ਼ਕਾਂ ਨੂੰ ਆਪਣੀ ਦਿਲਕਸ਼ ਆਵਾਜ਼ ਨਾਲ ਕੀਲਿਆ। ਇਸ ਮੌਕੇ ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਆਦਿ ਦੇ ਸਟਾਲ ਵੀ ਲਾਏ ਗਏ। ਮੇਲੇ ’ਚ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×