For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਅਤੇ ਖ਼ਾਲਸਾ ਪੰਥ ਦੀ ਸਥਾਪਨਾ

10:47 AM Apr 13, 2024 IST
ਵਿਸਾਖੀ ਅਤੇ ਖ਼ਾਲਸਾ ਪੰਥ ਦੀ ਸਥਾਪਨਾ
Advertisement

ਡਾ. ਇਕਬਾਲ ਸਿੰਘ ਸਕਰੌਦੀ

Advertisement

ਸਮੁੱਚਾ ਭਾਰਤ ਮੁੱਢ ਤੋਂ ਹੀ ਖੇਤੀ ਪ੍ਰਧਾਨ ਰਿਹਾ ਹੈ। ਬਹੁਤੇ ਲੋਕ ਪਿੰਡਾਂ ਵਿੱਚ ਰਹਿੰਦੇ ਹੋਣ ਕਾਰਨ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਆਰਥਿਕਤਾ ਖੇਤੀ ਸੈਕਟਰ ਉੱਤੇ ਹੀ ਨਿਰਭਰ ਕਰਦੀ ਰਹੀ ਹੈ। ਪੰਜਾਬ ਦੀ ਧਰਤੀ ਵਧੇਰੇ ਉਪਜਾਊ ਹੋਣ ਕਾਰਨ ਭਾਵੇਂ ਬਹੁਤ ਸਾਰੀਆਂ ਫ਼ਸਲਾਂ ਉਗਾਉਂਦੀ ਰਹੀ ਹੈ ਪ੍ਰੰਤੂ ਸਾਉਣੀ ਅਤੇ ਹਾੜ੍ਹੀ ਦੀਆਂ ਫ਼ਸਲਾਂ ’ਤੇ ਧਨੀ ਕਿਸਾਨੀ, ਮੱਧਵਰਗੀ ਕਿਸਾਨੀ, ਹੇਠਲੀ ਕਿਸਾਨੀ, ਖੇਤ ਮਜ਼ਦੂਰ, ਸੀਰੀ, ਪਾਲ਼ੀ, ਔਰਤਾਂ, ਮਰਦਾਂ, ਬੱਚਿਆਂ ਆਦਿ ਦੀਆਂ ਬਹੁਤੀਆਂ ਲੋੜਾਂ ਟਿਕੀਆਂ ਹੋਈਆਂ ਹਨ।
ਆਮ ਤੌਰ ’ਤੇ ਵਿਸਾਖ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਮਹੀਨੇ ਦੇ ਸ਼ੁਰੂ ਹੋਣ ਨਾਲ ਫ਼ਸਲਾਂ, ਫ਼ਲਦਾਰ ਰੁੱਖ ਅਤੇ ਹੋਰ ਸਾਰੀ ਪ੍ਰਕਿਰਤੀ ਮੌਲਣ ਵਿਗਸਣ ਲੱਗ ਪੈਂਦੀ ਹੈ। ਜਿਸ ਨੂੰ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ’ ਨਾਂ ਦੀ ਕਵਿਤਾ ਵਿੱਚ ਇੰਝ ਚਿਤਰਿਆ ਹੈ:
ਪੱਕ ਪਈਆਂ ਕਣਕਾਂ ਲੁਕਾਠ ਰੱਸਿਆ
ਬੂਰ ਪਿਆ ਅੰਬਾਂ ਨੂੰ ਗ਼ੁਲਾਬ ਹੱਸਿਆ
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ
ਫ਼ੁੱਲਾਂ ਹੇਠੋਂ ਫ਼ਲਾਂ ਨੇ ਪਰੋਈਆਂ ਲੜੀਆਂ
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ
ਚੱਲ ਨੀਂ ਪ੍ਰੇਮੀਏਂ ਵਿਸਾਖੀ ਚੱਲੀਏ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਬਾਰਹ ਮਾਹ ਵਿੱਚ ਵਿਸਾਖ ਦੇ ਮਹੀਨੇ ਦਾ ਜ਼ਿਕਰ ਕਰਦਿਆਂ ਲਿਖਦੇ ਹਨ - ‘ਵੈਸਾਖੀ ਵਾਲਾ ਦਿਨ ਹਰੇਕ ਇਸਤਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪ੍ਰੰਤੂ ਵੈਸਾਖ ਵਿੱਚ ਉਨ੍ਹਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ, ਜੋ ਆਪਣੇ ਪਤੀ ਤੋਂ ਵਿੱਛੜੀਆਂ ਪਈਆਂ ਹਨ। ਜਿਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ ਅਣਹੋਂਦ ਹੈ। ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ, ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮਨਮੋਹਣੀ ਮਾਇਆ ਚਿੰਬੜੀ ਹੋਈ ਹੈ। ਨਾ ਪੁੱਤਰ, ਨਾ ਇਸਤਰੀ, ਨਾ ਧਨ ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿੱਭਦਾ। ਇੱਕ ਅਬਿਨਾਸ਼ੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸ਼ਵੰਤ ਧੰਦੇ ਦਾ ਮੋਹ ਸਾਰੀ ਲੋਕਾਈ ਨੂੰ ਹੀ ਵਿਆਪ ਰਿਹਾ ਹੈ। ਮਾਇਆ ਦੇ ਮੋਹ ਵਿੱਚ ਮੁੜ ਮੁੜ ਫਸ ਕੇ ਸਾਰੀ ਲੋਕਾਈ ਹੀ ਆਤਮਕ ਮੌਤੇ ਮਰ ਰਹੀ ਹੈ। ਇੱਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿੰਨੇ ਵੀ ਕਰਮ ਇੱਥੇ ਕਰੀਂਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ। ਅਰਥਾਤ ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ।’’
ਵਿਸਾਖੀ ਦਾ ਮੇਲਾ ਵੇਖਣ ਦੀ ਤਾਂਘ ਹਰੇਕ ਗੱਭਰੂ, ਮੁਟਿਆਰ, ਬਜ਼ੁਰਗ, ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਹੁੰਦੀ ਹੈ। ਇਹੋ ਉਹ ਮੇਲਾ ਹੈ, ਜਿੱਥੇ ਹਰੇਕ ਪੰਜਾਬੀ ਸੱਜ ਧੱਜ ਕੇ, ਪੂਰੀ ਟੌਹਰ ਕੱਢ ਕੇ ਮੇਲੇ ਵਿੱਚ ਪੁੱਜਦਾ ਹੈ। ਵਿਸਾਖੀ ਦੇ ਮੇਲੇ ਦੀ ਇੱਕ ਖ਼ੂਬਸੂਰਤ ਝਲਕ ਧਨੀ ਰਾਮ ਚਾਤ੍ਰਿਕ ਨੇ ਇੰਝ ਪੇਸ਼ ਕੀਤੀ ਹੈ:
ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇ
ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ।
ਵੰਝਲੀ, ਲਗੋਜਾ, ਕਾਟੋ, ਤੂੰਬਾ ਵੱਜਦੇ
ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ।
’ਕੱਠਾ ਹੋ ਕੇ ਆਇਆ ਰੌਲ਼ਾ ਸਾਰੇ ਜੱਗ ਦਾ
ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ।
ਵਿਸਾਖੀ ਦੇ ਤਿਉਹਾਰ ਦੀ ਸਿੱਖ ਇਤਿਹਾਸ ਵਿੱਚ ਉਦੋਂ ਤੋਂ ਵਿਸ਼ੇਸ਼ ਮਹੱਤਤਾ ਬਣ ਗਈ ਹੈ, ਜਦੋਂ ਦਸਮੇਸ਼ ਪਿਤਾ ਨੇ ਤੀਹ ਮਾਰਚ, 1699 ਈਸਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖ਼ਸ਼ਿਆ। ਇਸ ਪ੍ਰਕਾਰ ਖ਼ਾਲਸਾ ਪੰਥ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਦਸਮੇਸ਼ ਪਿਤਾ ਤੱਕ ਚਰਨੁ ਪਾਹੁਲ ਦੇ ਕੇ ਹੀ ਗੁਰਿਆਈ ਬਖ਼ਸ਼ਿਸ਼ ਕੀਤੀ ਜਾਂਦੀ ਸੀ ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਬਦਲ ਕੇ ਇੱਕ ਇਨਕਲਾਬੀ ਰੂਪ ਦਿੱਤਾ।
ਉਸ ਸਮੇਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਸਾਖੀ ਦੇ ਤਿਉਹਾਰ ਨੂੰ ਸਿੱਖ ਸਿਮ੍ਰਤੀ ਦਾ ਵਿਸ਼ੇਸ਼ ਅੰਗ ਬਣਾਉਣ ਦੇ ਉਦੇਸ਼ ਹਿੱਤ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਦੇ ਤਿਉਹਾਰ ਉੱਤੇ ਸੰਗਤਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁੰਮ ਹੁੰਮਾ ਕੇ ਪਹੁੰਚਣ ਲਈ ਇੱਕ ਵਿਸ਼ੇਸ਼ ਹੁਕਮਨਾਮਾ ਜਾਰੀ ਕੀਤਾ। ਤੀਹ ਮਾਰਚ 1699 ਦੇ ਦਿਨ ਚੜ੍ਹਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਨੰਦਪੁਰ ਸਾਹਿਬ ਪਹੁੰਚਣ ਲੱਗੀਆਂ। ਅੱਸੀ ਹਜ਼ਾਰ ਤੋਂ ਵੱਧ ਸੰਗਤ ਦੇਸ਼ ਪ੍ਰਦੇਸ਼ ਤੋਂ ਚੱਲ ਕੇ ਪਹੁੰਚੀ। ਗੁਰਦੁਆਰਾ ਕੇਸਗੜ੍ਹ ਸਾਹਿਬ ਵਿੱਚ ਬਹੁਤ ਵੱਡਾ ਅਤੇ ਭਾਰੀ ਦੀਵਾਨ ਸਜ ਗਿਆ। ਸਾਰੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਲਈ ਟਿਕਟਿਕੀ ਲਾ ਕੇ ਬੈਠੀ ਹੈ। ਕੀਰਤਨ ਦੀ ਸਮਾਪਤੀ ਹੁੰਦੀ ਹੈ। ਐਨ ਉਸੇ ਸਮੇਂ ਗੁਰੂ ਸਾਹਿਬ ਸਾਹਮਣੇ ਆ ਖੜੋਂਦੇ ਹਨ। ਉਨ੍ਹਾਂ ਆਪਣੇ ਸੱਜੇ ਹੱਥ ਨਾਲ ਮਿਆਨ ਵਿੱਚੋਂ ਤਲਵਾਰ ਨੂੰ ਬਾਹਰ ਕੱਢਿਆ ਹੈ। ਉਨ੍ਹਾਂ ਗਰਜਵੀਂ ਆਵਾਜ਼ ਵਿੱਚ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ:
‘‘ਕੋਈ ਹੈ, ਜੋ ਗੁਰੂ ਸਾਹਿਬਾਨ ਦੇ ਨਿਸ਼ਾਨਿਆਂ ਲਈ ਆਪਣਾ ਆਪਾ ਵਾਰਨ ਲਈ ਤਿਆਰ ਹੋਵੇ।’’ ਦਸਮੇਸ਼ ਪਿਤਾ ਦੀ ਲਲਕਾਰ ਸੁਣ ਕੇ ਸਾਰੇ ਪੰਡਾਲ ਵਿੱਚ ਸੰਨਾਟਾ ਛਾ ਗਿਆ ਪ੍ਰੰਤੂ ਉਸੇ ਪਲ਼ ਦਇਆ ਰਾਮ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਗੁਰੂ ਲਈ ਸਮਰਪਣ ਕਰਦੇ ਹੋਏ ਬਲੀਦਾਨ ਦੇਣ ਲਈ ਪੇਸ਼ ਕੀਤਾ। ਗੁਰੂ ਸਾਹਿਬ ਉਸ ਨੂੰ ਨਾਲ ਲੈ ਕੇ ਸਾਹਮਣੇ ਤੰਬੂ ਵਿੱਚ ਚਲੇ ਗਏ। ਝੱਟ ਹੀ ਉਹ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਪੰਡਾਲ ਵਿੱਚ ਆ ਗਏ। ਉਨ੍ਹਾਂ ਫਿਰ ਲਲਕਾਰ ਕੇ ਇੱਕ ਹੋਰ ਵਿਅਕਤੀ ਦੇ ਸਿਰ ਦੀ ਮੰਗ ਕੀਤੀ। ਦੂਜੀ ਵਾਰੀ ਧਰਮ ਦਾਸ ਨਾਂ ਦਾ ਦਿੱਲੀ ਨਿਵਾਸੀ ਜੱਟ ਆਪਣਾ ਆਪਾ ਗੁਰੂ ਤੋਂ ਕੁਰਬਾਨ ਕਰਨ ਲਈ ਅੱਗੇ ਆਇਆ ਅਤੇ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਅਰਪਿਤ ਕੀਤਾ। ਤੀਜੀ ਲਲਕਾਰ ਉੱਤੇ ਭਾਈ ਮੋਹਕਮ ਚੰਦ, ਚੌਥੀ ਲਲਕਾਰ ਉੱਤੇ ਭਾਈ ਸਾਹਿਬ ਚੰਦ ਅਤੇ ਪੰਜਵੀਂ ਆਵਾਜ਼ ਉੱਤੇ ਭਾਈ ਹਿੰਮਤ ਰਾਏ ਨਾਂ ਦੇ ਵਿਅਕਤੀ ਨੇ ਗੁਰੂ ਸਾਹਿਬ ਲਈ ਆਪਣਾ ਆਪਾ ਪੇਸ਼ ਕੀਤਾ।
ਹੁਣ ਸਾਹਮਣੇ ਦਸਮੇਸ਼ ਪਿਤਾ ਉਨ੍ਹਾਂ ਪੰਜਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਲੈ ਆਏ ਹਨ। ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਂ ਦਿੱਤਾ ਹੈ। ਉਨ੍ਹਾਂ ਪੰਜਾਂ ਨੂੰ ਅੰਮ੍ਰਿਤਪਾਨ ਕਰਾਇਆ, ਜਿਸ ਨੂੰ ਖੰਡੇ ਬਾਟੇ ਦਾ ਪਾਹੁਲ ਕਿਹਾ ਜਾਂਦਾ ਹੈ। ਖੰਡੇ ਬਾਟੇ ਦਾ ਪਾਹੁਲ ਤਿਆਰ ਕਰਨ ਲਈ ਦਸਮੇਸ਼ ਪਿਤਾ ਨੇ ਸਭ ਤੋਂ ਪਹਿਲਾਂ ਸਰਬਲੋਹ ਦਾ ਇੱਕ ਖੁੱਲ੍ਹਾ ਬਾਟਾ ਲਿਆ। ਉਸ ਵਿੱਚ ਸਾਫ਼ ਪਾਣੀ ਪਾਇਆ। ਉਸ ਪਾਣੀ ਵਿੱਚ ਉਹ ਖੰਡਾ ਫੇਰਨ ਲੱਗੇ। ਨਾਲ ਦੀ ਨਾਲ ਉਹ ਪੰਜ ਬਾਣੀਆਂ ਜਪੁਜੀ ਸਾਹਿਬ, ਜਾਪੁ ਸਾਹਿਬ, ਸਵਯੇ ਸਾਹਿਬ, ਅਨੰਦ ਸਾਹਿਬ, ਚੌਪਈ ਸਾਹਿਬ ਦਾ ਪਾਠ ਵੀ ਕਰਦੇ ਰਹੇ। ਗੁਰੂ ਸਾਹਿਬ ਅੰਮ੍ਰਿਤ ਤਿਆਰ ਕਰ ਰਹੇ ਸਨ। ਉਸੇ ਸਮੇਂ ਮਾਤਾ ਜੀਤੋ ਜੀ ਕੁਝ ਪਤਾਸੇ ਲੈ ਕੇ ਆਏ। ਗੁਰੂ ਸਾਹਿਬ ਨੇ ਉਨ੍ਹਾਂ ਤੋਂ ਉਹ ਪਤਾਸੇ ਲੈ ਕੇ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਘੋਲ ਦਿੱਤੇ। ਇਸ ਪ੍ਰਕਾਰ ਦਸਮੇਸ਼ ਪਿਤਾ ਨੇ ਆਪਣੇ ਸਿੱਖਾਂ ਵਿੱਚ ਬਹਾਦਰੀ ਦੇ ਭਾਵ ਪੈਦਾ ਕਰਨ ਦੇ ਨਾਲ ਨਾਲ ਹੀ ਉਨ੍ਹਾਂ ਦੇ ਸੁਭਾਅ ਵਿੱਚ ਮਿਠਾਸ ਪੈਦਾ ਕਰਨ ਦਾ ਵੀ ਉਪਰਾਲਾ ਕਰ ਦਿੱਤਾ।
ਅੰਮ੍ਰਿਤ ਤਿਆਰ ਹੋ ਚੁੱਕਾ ਹੈ। ਗੁਰੂ ਸਾਹਿਬ ਨੇ ਪੰਜਾਂ ਨੂੰ ਗੋਡਿਆਂ ਦੇ ਭਾਰ ਖੜ੍ਹੇ ਹੋਣ ਲਈ ਅਤੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣ ਦਾ ਹੁਕਮ ਕੀਤਾ। ਹੁਣ ਗੁਰੂ ਸਾਹਿਬ ਨੇ ਵਾਰੀ ਵਾਰੀ ਪੰਜਾਂ ਦੀਆਂ ਅੱਖਾਂ ਅਤੇ ਕੇਸਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ। ਪੰਜਾਂ ਨੂੰ ਅੰਮ੍ਰਿਤ ਛਕਾਇਆ। ਹਰ ਪਿਆਰੇ ਨੂੰ ਖ਼ਾਲਸੇ ਭਾਵ ਪਵਿੱਤਰ ਨਾਮ ਦਿੱਤਾ ਅਤੇ ਪੰਜ ਪਿਆਰਿਆਂ ਦੀ ਉਪਾਧੀ ਦਿੱਤੀ। ਇਸ ਤਰ੍ਹਾਂ ਖ਼ਾਲਸੇ ਦਾ ਜਨਮ ਹੋਇਆ। ਫਿਰ ਗੁਰੂ ਸਾਹਿਬ ਨੇ ਉਨ੍ਹਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ। ਇਸ ਪ੍ਰਕਾਰ ਸੰਸਾਰ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਇਨਕਲਾਬੀ ਕਦਮ ਚੁੱਕਿਆ।
ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਤਿਉਹਾਰ ਉੱਤੇ ਜਿਹੜਾ ਆਲੌਕਿਕ ਚਮਤਕਾਰ ਕੀਤਾ, ਉਸ ਨੂੰ ਭਾਰਤ ਤੋਂ ਇਲਾਵਾ ਸਮੁੱਚੇ ਸੰਸਾਰ ਵਿੱਚ ਇੱਕ ਇਤਿਹਾਸਕ ਚਮਤਕਾਰ ਦੇ ਤੌਰ ਉੱਤੇ ਬੜੀ ਹੈਰਾਨੀ ਨਾਲ ਮਹਿਸੂਸ ਕੀਤਾ ਗਿਆ। ਇਸ ਸਬੰਧੀ ਇੱਕ ਅੰਗਰੇਜ਼ ਲਿਖਾਰੀ ਇਬਸਟਨ ਲਿਖਦਾ ਹੈ:
‘‘ਹਿੰਦੋਸਤਾਨ ਦੇ ਲੰਮੇ ਇਤਿਹਾਸ ਵਿੱਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਬਣਿਆ। ਜਿਸ ਵਿੱਚੋਂ ਇੱਕ ਅਜਿਹੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਵੱਖਰੀ ਕਿਸਮ ਦੀ ਸੀ। ਹਿੰਦੋਸਤਾਨ ਦੇ ਵਾਸੀਆਂ ਨੇ ਅਜਿਹੀ ਕੌਮ ਕਦੇ ਨਹੀਂ ਵੇਖੀ ਸੀ। ਨੀਵੀਂ ਜਾਤ ਦੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤ੍ਰਿਸਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਜਿਨ੍ਹਾਂ ਨੇ ਸ਼ਸ਼ਤਰਾਂ ਨੂੰ ਕਦੇ ਹੱਥ ਵੀ ਨਹੀਂ ਸੀ ਲਗਾਇਆ, ਉਨ੍ਹਾਂ ਲੋਕਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਕੇਵਲ ਬਹਾਦਰੀ ਦੇ ਗੁਣ ਹੀ ਗ੍ਰਹਿਣ ਨਾ ਕੀਤੇ, ਸਗੋਂ ਉਹ ਦੇਸ਼, ਧਰਮ, ਸਮਾਜ ਅਤੇ ਆਮ ਲੋਕਾਂ ਲਈ ਆਪਣਾ ਆਪਾ ਵਾਰਨ ਲਈ ਤਿਆਰ ਹੋ ਗਏ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਵਿੱਚੋਂ ਨਿੱਜਵਾਦ ਦੀ ਭਾਵਨਾ ਨੂੰ ਖ਼ਤਮ ਕਰਕੇ ਦੂਜੇ ਲਈ ਜਾਨ ਵਾਰਨ ਦਾ ਜਜ਼ਬਾ ਅਤੇ ਚਾਅ ਪੈਦਾ ਕੀਤਾ। ਨਿਰਾਸ਼ਾਵਾਦੀ ਸਮਾਜ ਵਿੱਚੋਂ ਜੁਰਅੱਤ ਵਾਲਾ ਵਾਤਾਵਰਨ ਪੈਦਾ ਕੀਤਾ। ਸਿੱਖਾਂ ਵਿੱਚ ਇਹੋ ਜਿਹੇ ਬਹਾਦਰੀ ਵਾਲੇ ਗੁਣ ਆ ਗਏ, ਜੋ ਜ਼ੁਲਮ ਦੀ ਵਧਦੀ ਹਨੇਰੀ ਅੱਗੇ ਚਟਾਨ ਬਣ ਖੜ੍ਹਾਉਣ ਲੱਗ ਪਏ। ਉਹ ਬੰਦ ਬੰਦ ਕਟਾ ਕੇ ਆਪਣੀ ਖੋਪਰੀ ਲੁਹਾ ਲੈਂਦੇ, ਪ੍ਰੰਤੂ ਉਹ ਆਪਣੇ ਸਿੱਖੀ ਸਿਧਾਂਤਾਂ ਨੂੰ ਕਦੇ ਵੀ ਨਾ ਤਿਆਗਦੇ।’’ ਅਜੋਕੇ ਦੌਰ ਵਿੱਚ ਸਮਾਜਿਕ ਕੁਰੀਤੀਆਂ, ਵਹਿਮ ਭਰਮ, ਜਾਤ ਪਾਤ ਦੇ ਵਿਤਕਰੇ ਵਧ ਰਹੇ ਹਨ। ਆਓ! ਅੱਜ ਖ਼ਾਲਸੇ ਦੇ ਜਨਮ ਦਿਨ ਅਤੇ ਵਿਸਾਖੀ ਦੇ ਇਸ ਪਵਿੱਤਰ ਤਿਉਹਾਰ ’ਤੇ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਸਿਧਾਂਤਾਂ ’ਤੇ ਚੱਲਦੇ ਹੋਏ ਸਰਬ ਸਾਂਝੀਵਾਲਤਾ ਵਾਲੇ ਸਮਾਜ ਦੀ ਉਸਾਰੀ ਕਰਾਂਗੇ। ਸਮਾਜ ਵਿਚਲੀਆਂ ਕੁਸੰਗਤੀਆਂ ਅਤੇ ਕੁਰੀਤੀਆਂ ਨੂੰ ਦੂਰ ਕਰਾਂਗੇ। ਇਸ ਪ੍ਰਕਾਰ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰਾਂਗੇ।
ਸੰਪਰਕ: 84276-85020

Advertisement
Author Image

joginder kumar

View all posts

Advertisement
Advertisement
×