ਬੈਂਸ ਭਰਾਵਾਂ ਦਾ ਸਿਆਸੀ ਭਵਿੱਖ ਲੱਗਿਆ ਦਾਅ ’ਤੇ
ਲੁਧਿਆਣਾ, 20 ਦਸੰਬਰ
ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ਭਖਿਆ ਹੋਇਆ ਹੈ। ਇਹ ਚੋਣਾਂ ਜਿਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਅਗਨੀ ਪਰੀਖਿਆ ਬਣੀਆਂ ਹੋਈਆਂ ਹਨ ਉਥੇ ਹੀ ਲੋਕ ਇਨਸਾਫ਼ ਪਾਰਟੀ ਦਾ ਰੇਲਵਾਂ ਕਰਕੇ ਕਾਂਗਰਸ ਵਿੱਚ ਆਏ ਸਾਬਕਾ ਵਿਧਾਇਕ ਬੈਂਸ ਭਰਾਵਾਂ ਲਈ ਵੀ ਇਹ ਚੋਣਾਂ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਨਿਰਧਾਰਤ ਕਰਨ ਵਾਲਾ ਫ਼ੈਸਲਾ ਬਣ ਗਈਆਂ ਹਨ। ਕਾਂਗਰਸ ਪਾਰਟੀ ਵਿੱਚ ਬੈਂਸ ਭਰਾਵਾਂ ਦਾ ਸਿਆਸੀ ਭਵਿੱਖ ਇਸ ਵੇਲੇ ਦਾਅ ’ਤੇ ਲੱਗਿਆ ਹੋਇਆ ਹੈ। ਚਰਚਾ ਹੈ ਕਿ ਇਸ ਵਾਰ ਹਲਕਾ ਆਤਮ ਨਗਰ ਤੇ ਹਲਕਾ ਦੱਖਣੀ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਕਹਿਣ ’ਤੇ ਕਈ ਵਾਰਡਾਂ ਵਿੱਚ ਟਿਕਟਾਂ ਵੰਡੀਆਂ ਗਈਆਂ ਹਨ ਜਿਸ ਕਰਕੇ ਦੋਵੇਂ ਬੈਂਸ ਭਰਾਵਾਂ ਲਈ ਇਨ੍ਹਾਂ ਵੰਡਵਾਈਆਂ ਗਈਆਂ ਟਿਕਟਾਂ ’ਤੇ ਪਾਰਟੀ ਨੂੰ ਜਿੱਤੇ ਹੋਏ ਉਮੀਦਵਾਰ ਲਿਆ ਕੇ ਦੇਣਾ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ।
ਇਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਭ ਤੋਂ ਨੇੜਲੇ ਸਾਥਿਆਂ ਵਿੱਚ ਬੈਂਸ ਭਰਾਵਾਂ ਦਾ ਨਾਂ ਸ਼ਾਮਲ ਹੈ। ਕਾਂਗਰਸ ਵਿੱਚ ਵੀ ਇਸ ਗੱਲ ਦੀ ਚਰਚਾ ਹੈ ਕਿ ਹਲਕਾ ਆਤਮ ਨਗਰ ਤੇ ਹਲਕਾ ਦੱਖਣੀ ਤੋਂ ਇਲਾਵਾ ਹਲਕਾ ਕੇਂਦਰੀ ਵਿੱਚ ਬੈਂਸ ਭਰਾਵਾਂ ਦੇ ਕਹਿਣ ’ਤੇ ਕਾਂਗਰਸ ਨੇ ਕਈ ਉਮੀਦਵਾਰਾਂ ਨੂੰ ਟਿਕਟਾਂ ਵੰਡੀਆਂ ਹਨ। ਇਸ ਕਰਕੇ ਹੁਣ ਬੈਂਸ ਭਰਾਵਾਂ ’ਤੇ ਕਾਫ਼ੀ ਜ਼ਿਆਦਾ ਦਬਾਅ ਹੈ ਕਿ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਦਿਵਾਈਆਂ ਹਨ, ਉਹ ਹਰ ਹਾਲ ਜਿੱਤ ਦਰਜ ਕਰਵਾਉਣ। ਵੇਖਿਆ ਜਾਵੇ ਤਾਂ ਹਲਕਾ ਆਤਮ ਨਗਰ ਤੇ ਹਲਕਾ ਦੱਖਣੀ ਵਿੱਚ ਪਹਿਲਾਂ ਕਈ ਵਾਰ ਬੈਂਸ ਭਰਾਵਾਂ ਦਾ ਜਾਦੂ ਚਲਿਆ ਹੈ। ਬੈਂਸ ਭਰਾਵਾਂ ਨੇ ਆਜ਼ਾਦ ਉਮੀਦਵਾਰਾਂ ਵੱਜੋਂ ਵੀ ਨਿਗਮ ਚੋਣਾਂ ਜਿੱਤੀਆਂ ਸਨ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੈਂਸ ਭਰਾ ਜ਼ਿਆਦਾ ਵੋਟਾਂ ਨਹੀਂ ਸਨ ਲੈ ਸਕੇ। ਹੁਣ ਬੈਂਸ ਭਰਾ ਕਾਂਗਰਸ ਵਿੱਚ ਟਿਕਟਾਂ ਦੀ ਵੰਡ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਕਰੀਬ 10 ਤੋਂ 12 ਸੀਟਾਂ ਆਪਣੇ ਨੇੜਲਿਆਂ ਨੂੰ ਦਿਵਾਈਆਂ ਹਨ। ਹੁਣ ਜੇਕਰ ਬੈਂਸ ਭਰਾ ਆਪਣੇ ਸਹਿਯੋਗੀ ਦਲ ਨੂੰ ਜਿਤਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ 2027 ਦੀਆਂ ਚੋਣਾਂ ਵਿੱਚ ਉਨ੍ਹਾਂ ਦਾ ਰਾਹ ਆਸਾਨ ਹੋ ਸਕਦਾ ਹੈ। ਬੈਂਸ ਭਰਾ 2027 ਦੀਆਂ ਚੋਣਾਂ ਲਈ ਆਪਣਾ ਸਿਆਸੀ ਭਵਿੱਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਜ਼ੋਰਦਾਰ ਵਾਪਸੀ ਕਰ ਸਕਣ।