ਸਿਆਸੀ ਭਵਿੱਖ ਦੀ ਭਾਲ ’ਚ ਲੱਗੇ ਬੈਂਸ ਭਰਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਪਰੈਲ
ਕਿਸੇ ਸਮੇਂ ਲੁਧਿਆਣਾ ਦੀ ਰਾਜਨੀਤੀ ’ਚ ਵੱਖਰਾ ਦਬਦਬਾ ਰੱਖਣ ਵਾਲੇ ਬੈਂਸ ਭਰਾ ਇਸ ਸਮੇਂ ਆਪਣਾ ਰਾਜਸੀ ਭਵਿੱਖ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼ਹਿਰ ਦੀਆਂ 2 ਵਿਧਾਨ ਸਭਾ ਸੀਟਾਂ ਦੱਖਣੀ ਅਤੇ ਆਤਮ ਨਗਰ ਤੋਂ ਆਜ਼ਾਦ ਤੌਰ ’ਤੇ ਚੋਣ ਲੜ ਰਿਕਾਰਡ ਬਣਾਉਣ ਵਾਲੇ ਬੈਂਸ ਭਰਾਵਾਂ ਦੀ ਇੱਕ ਵਾਰ ਪੂਰੇ ਪੰਜਾਬ ’ਚ ਚਰਚਾ ਹੋਣ ਲੱਗੀ ਸੀ। ਲਗਾਤਾਰ 2 ਵਾਰ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਚੱਲੀ ‘ਹਨੇਰੀ’ ਵਿਚ ਇਨ੍ਹਾਂ ਦੋਵਾਂ ਭਰਾਵਾਂ ਦੀਆਂ ਸੀਟਾਂ ਵੀ ‘ਉੱਡ’ ਗਈਆਂ। ਪਰ ਹੁਣ ਬੈਂਸ ਭਰਾ ਆਪਣਾ ਸਿਆਸੀ ਭਵਿੱਖ ਤਲਾਸ਼ਣ ’ਚ ਲੱਗੇ ਹੋਏ ਹਨ। ਉਨ੍ਹਾਂ ਦਾ ਰਾਜਸੀ ਭਵਿੱਖ ਸੰਕਟ ’ਚ ਪਿਆ ਹੈ। ਜਲੰਧਰ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਸਮਰਥਨ ਦੇਣ ਤੋਂ ਬਾਅਦ ਵੀ ਉਹ ਭਾਜਪਾ ’ਚ ਸ਼ਾਮਲ ਨਹੀਂ ਹੋਏ। ਹੁਣ ਕਾਂਗਰਸ ਤੋਂ ਭਾਜਪਾ ਵਿੱਚ ਗਏ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਮਿਲਣ ਤੋਂ ਬਾਅਦ ਬੈਂਸ ਭਰਾ ਆਪਣੀ ਲੋਕ ਇਨਸਾਫ਼ ਪਾਰਟੀ ਦੇ ਨਾਲ ਅਗਲੀ ਰਣਨੀਤੀ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸਮਾਂ ਆਉਣ ’ਤੇ ਉਹ ਵੱਡਾ ‘ਖ਼ੁਲਾਸਾ’ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਰਾਜਨੀਤੀ ਸੀ ਸ਼ੁਰੂਆਤ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਕੌਂਸਲਰ ਬਣੇ ਅਤੇ ਉਸ ਤੋਂ ਬਾਅਦ ਦੋਵੇਂ ਭਰਾ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲਗਾਤਾਰ ਤਿੰਨ ਵਾਰ ਕੌਂਸਲਰ ਬਣੇ। 2012 ’ਚ ਅਕਾਲੀ ਦਲ ਦੇ ਨਾਲ ਸਬੰਧਾਂ ’ਚ ਖਟਾਸ ਆਉਣ ਕਾਰਨ ਉਨ੍ਹਾਂ ’ਚ ਦੂਰੀਆਂ ਵਧ ਗਈਆਂ। ਹਾਲਾਂਕਿ ਅਕਾਲੀ ਦਲ ਵੱਲੋਂ ਉਸ ਦੇ ਵੱਡੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਟਿਕਟ ਦਿੱਤੀ ਗਈ, ਪਰ ਅਕਾਲੀ ਦਲ ਤੋਂ ਦੋਵੇਂ ਭਰਾ ਟਿਕਟ ਦੀ ਮੰਗ ਕਰ ਰਹੇ ਸਨ। ਮੰਗ ਪੂਰੀ ਨਾ ਹੋਣ ’ਤੇ ਦੋਵੇਂ ਭਰਾਵਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਬੈਂਸ ਨੂੰ ਮਿਲੀ ਟਿਕਟ ਵੀ ਉਨ੍ਹਾਂ ਵਾਪਸ ਕਰ ਦਿੱਤੀ। ਇਸ ਤੋਂ ਬਾਅਦ ਇਹ ਦੋਵੇਂ ਸੀਟਾਂ ਕਾਫ਼ੀ ਚਰਚਾ ਵਾਲੀਆਂ ਬਣ ਗਈਆਂ। ਦੋਵਾਂ ਹੀ ਭਰਾਵਾਂ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਇੱਕ ਵਾਰ ਫਿਰ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ ਪਰ ਕੁਝ ਸਮੇਂ ਬਾਅਦ ਫਿਰ ਵੱਖ ਹੋਣ ਦਾ ਫ਼ੈਸਲਾ ਲਿਆ।
2014 ’ਚ ਸਿਮਰਜੀਤ ਸਿੰਘ ਬੈਂਸ ਨੇ ਲੋਕ ਸਭਾ ਦੀ ਚੋਣ ਲੜੀ, ਪਰ ਹਾਰ ਗਏ। ਉਸ ਤੋਂ ਬਾਅਦ ਬੈਂਸ ਭਰਾਵਾਂ ਨੇ ਲੋਕ ਇਨਸਾਫ਼ ਪਾਰਟੀ ਬਣਾ 2017 ’ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਠਜੋੜ ਕਰ ਕੇ ਚੋਣ ਲੜੀ ਅਤੇ ਫਿਰ ਤੋਂ ਜਿੱਤ ਦਰਜ ਕੀਤੀ। ਇਸ ਮਗਰੋਂ ਜਦੋਂ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਨਸ਼ੇ ਦੇ ਮਸਲੇ ’ਤੇ ਮਾਫ਼ੀ ਮੰਗੀ ਤਾਂ ਫਿਰ ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਲਿਆ। 2019 ’ਚ ਫਿਰ ਲੋਕ ਸਭਾ ਚੋਣ ਲੜੀ ਅਤੇ ਤਿੰਨ ਲੱਖ ਦੇ ਕਰੀਬ ਵੋਟ ਲੈਣ ਦੇ ਬਾਵਜੂਦ ਹਾਰ ਗਏ। 2022 ’ਚ ਦੋਵੇਂ ਭਰਾਵਾਂ ਨੇ ਫਿਰ ਤੋਂ ਵਿਧਾਨ ਸਭਾ ਚੋਣ ਲੜੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕਾਂਗਰਸ ਵਿੱਚ ਜਾਣ ਦੀ ਚਰਚਾ
ਲੁਧਿਆਣਾ ਦੀ ਰਾਜਨੀਤੀ ’ਚ ਬੈਂਸ ਭਰਾਵਾਂ ਦਾ ਵੱਖਰਾ ਮੁਕਾਮ ਹੈ। ਇਸ ਕਾਰਨ ਹਰ ਪਾਰਟੀ ਅਜਿਹੇ ਉਮੀਦਵਾਰ ਦੀ ਭਾਲ ’ਚ ਹੈ। ਭਾਜਪਾ ’ਚ ਤਾਂ ਸਾਫ਼ ਹੋ ਗਿਆ ਕਿ ਬੈਂਸ ਨਹੀਂ ਜਾਣਗੇ, ਪਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਲੁਧਿਆਣਾ ਤੋਂ ਹਾਲੇ ਉਮੀਦਵਾਰ ਨਹੀਂ ਮਿਲਿਆ। ਇਸ ਕਾਰਨ ‘ਆਪ’ ਨਾਲ ਉਨ੍ਹਾਂ ਦਾ ਸੰਪਰਕ ਹੋਣ ਦੀ ਚਰਚਾ ਸੀ, ਪਰ ਬਾਅਦ ’ਚ ਇਹ ਦੱਸਿਆ ਗਿਆ ਕਿ ਬੈਂਸ ‘ਆਪ’ ਵਿਚ ਜਾਣਾ ਨਹੀਂ ਚਾਹੁੰਦੇ। ਇਸ ਦਾ ਇੱਕ ਕਾਰਨ ਬੈਂਸ ਦੇ ਵੱਲੋਂ 2018 ’ਚ ਗੱਠਜੋੜ ਤੋੜਨਾ ਹੈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਿਮਰਜੀਤ ਸਿੰਘ ਬੈਂਸ ਚੰਗੇ ਦੋਸਤ ਹਨ। ਦੱਸਿਆ ਜਾਂਦਾ ਹੈ ਕਿ ਦੋਵਾਂ ਨੇ ਰਾਜਸੀ ਸਫ਼ਰ ਇਕੱਠੇ ਸ਼ੁਰੂ ਕੀਤਾ ਸੀ। ਹੁਣ ਚਰਚਾ ਹੈ ਕਿ ਉਸੇ ਦੋਸਤੀ ਦੇ ਚੱਲਦਿਆਂ ਬੈਂਸ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਬੈਂਸ ਕਾਂਗਰਸ ’ਚ ਜਾਂਦੇ ਹਨ ਜਾਂ ਫਿਰ ਖ਼ੁਦ ਦੀ ਪਾਰਟੀ ਤੋਂ ਹੀ ਚੋਣ ਲੜਦੇ ਹਨ।