ਬੈਂਸ ਵੱਲੋਂ ‘ਆਪ’ ਸਰਕਾਰ ’ਤੇ ਲੋਕਤੰਤਰ ਦਾ ਜਨਾਜ਼ਾ ਕੱਢਣ ਦਾ ਦੋਸ਼
ਗੁਰਿੰਦਰ ਸਿੰਘ
ਲੁਧਿਆਣਾ, 8 ਅਕਤੂਬਰ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਗਵੰਤ ਮਾਨ ਸਰਕਾਰ ’ਤੇ ਲੋਕਤੰਤਰ ਦਾ ਜਨਾਜ਼ਾ ਕੱਢਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਦੀ ਇਸ ਕਾਰਵਾਈ ਦੇ ਬਾਵਜੂਦ ਪੰਚਾਇਤੀ ਚੋਣਾਂ ਵਿੱਚ ਵੱਡੀ ਬਹੁਗਿਣਤੀ ਨਾਲ ਕਾਂਗਰਸ ਦੀਆਂ ਪੰਚਾਇਤਾਂ ਬਣਨਗੀਆਂ। ਉਹ ਹਲਕਾ ਗਿੱਲ ਦੇ ਇਲਾਕੇ ਗੁਰੂ ਨਾਨਕ ਨਗਰ ਵਿੱਚ ਸਰਪੰਚ ਮੋਨਿਕਾ ਤੋਂ ਇਲਾਵਾ ਪੰਚ ਗੁਰਜੀਤ ਕੌਰ, ਮੰਦੀਪ ਸਿੰਘ, ਗੁਰਦੀਪ ਸਿੰਘ, ਹਰਜੀਤ ਕੌਰ ਅਤੇ ਗੁਰਦੀਪ ਕੌਰ ਵੱਲੋਂ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਪੰਚਾਂ ਅਤੇ ਸਰਪੰਚਾਂ ਦੀ ਚੋਣ ਨੂੰ ਲੈ ਕੇ ਪਹਿਲੀ ਵਾਰ ‘ਆਪ’ ਸਰਕਾਰ ਦੇ ਰਾਜ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਤਾ ਹੈ ਕਿ ਪੰਚਾਂ-ਸਰਪੰਚਾਂ ਦੀਆਂ ਚੋਣਾਂ ਇਹ ਜਿੱਤ ਨਹੀਂ ਸਕਦੇ ਅਤੇ ਇਸੇ ਕਰਕੇ ਹੀ ਇਨ੍ਹਾਂ ਇਸ ਬਾਰੇ ਬਿਨਾਂ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਵੱਲੋਂ ਦਿੱਤੀਆਂ ਜਾ ਰਹੀਆਂ ਕਥਿਤ ਧਮਕੀਆਂ ਤੋਂ ਕਾਂਗਰਸ ਦਾ ਜੁਝਾਰੂ ਵਰਕਰ ਡਰਨ ਵਾਲਾ ਨਹੀਂ ਹੈ। ਕਾਂਗਰਸ ਦੇ ਸਾਰੇ ਆਗੂ ਪੰਚਾਂ-ਸਰਪੰਚਾਂ ਦੀਆਂ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਸ ਮੌਕੇ ਹਰਦੀਪ ਸਿੰਘ, ਸਤੀਸ਼ ਕੁਮਾਰ ਪ੍ਰਧਾਨ, ਜੁਝਾਰ ਸਿੰਘ, ਗੁਰਮੀਤ ਸਿੰਘ, ਸੁਰੇਸ਼ ਕੁਮਾਰ, ਭਗਵੰਤ ਸਿੰਘ, ਨੀਲੂ ਅਤੇ ਹਰਦੇਵ ਸਿੰਘ ਹਾਜ਼ਰ ਸਨ।