Bail to Azam Khan: ਸੁਪਰੀਮ ਕੋਰਟ ਵੱਲੋਂ ਮਸ਼ੀਨ ਚੋਰੀ ਮਾਮਲੇ ’ਚ ਆਜ਼ਮ ਖਾਨ ਤੇ ਪੁੱਤਰ ਨੂੰ ਜ਼ਮਾਨਤ
ਨਗਰ ਪਾਲਿਕਾ ਰਾਮਪੁਰ (ਯੂਪੀ) ਦੀ ਸੜਕ ਸਫ਼ਾਈ ਕਰਨ ਵਾਲੀ ਮਸ਼ੀਨ ਦੀ ‘ਚੋਰੀ’ ਦਾ ਮਾਮਲਾ; ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਹੁਕਮਾਂ ਨੂੰ ਦਿੱਤੀ ਸੀ ਚੁਣੌਤੀ
ਨਵੀਂ ਦਿੱਲੀ, 13 ਫਰਵਰੀ
Bail to Azam Khan: ਸੁਪਰੀਮ ਕੋਰਟ (Supreme Court of India) ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੇ ਮਸ਼ੀਨ ਚੋਰੀ ਦੇ ਮਾਮਲੇ ਵਿੱਚ ਅਲਾਹਾਬਾਦ ਹਾਈ ਕੋਰਟ (Allahabad High Court) ਵੱਲੋਂ ਉਨ੍ਹਾਂ ਦੀ ਜ਼ਮਾਨਤ ਲਈ ਅਰਜ਼ੀ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।
ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਰਾਜੇਸ਼ ਬਿੰਦਲ (Justices MM Sundresh and Rajesh Bindal) ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।
ਬੈਂਚ ਨੇ 10 ਫਰਵਰੀ ਦੇ ਆਪਣੇ ਹੁਕਮ ਵਿੱਚ ਕਿਹਾ, "ਕੇਸ ਦੇ ਤੱਥਾਂ ਅਤੇ ਹਾਲਾਤ, ਜਿਸ ਵਿੱਚ ਅਪੀਲਕਰਤਾਵਾਂ ਦੀ ਕੈਦ ਦੀ ਮਿਆਦ ਸ਼ਾਮਲ ਹੈ ਅਤੇ ਇਹ ਕਿ ਚਾਰਜਸ਼ੀਟ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ, ਦੇ ਜ਼ੇਰੇ-ਗ਼ੌਰ ਅਸੀਂ ਇਤਰਾਜ਼ਯੋਗ ਹੁਕਮ ਨੂੰ ਰੱਦ ਕਰਨ ਅਤੇ ਅਪੀਲਕਰਤਾਵਾਂ ਨੂੰ ਜ਼ਮਾਨਤ ਦੇਣ ਲਈ ਤਿਆਰ ਹਾਂ।’’
ਖਾਨ ਅਤੇ ਉਸਦੇ ਪੁੱਤਰ ਨੇ ਹਾਈ ਕੋਰਟ ਦੇ 21 ਸਤੰਬਰ ਦੇ ਹੁਕਮਾਂ ਵਿਰੁੱਧ ਸਿਖਰਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਦੋਵਾਂ ਅਤੇ ਪੰਜ ਹੋਰਾਂ ਵਿਰੁੱਧ 2022 ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਸੜਕ ਸਫਾਈ ਕਰਨ ਵਾਲੀ ਮਸ਼ੀਨ ਚੋਰੀ ਕੀਤੀ ਹੈ, ਜਿਸਨੂੰ ਨਗਰ ਪਾਲਿਕਾ ਪ੍ਰੀਸ਼ਦ, ਰਾਮਪੁਰ ਜ਼ਿਲ੍ਹੇ ਨੇ ਖਰੀਦਿਆ ਸੀ। -ਪੀਟੀਆਈ