For the best experience, open
https://m.punjabitribuneonline.com
on your mobile browser.
Advertisement

ਜ਼ਮਾਨਤ ਜ਼ਬਤ: ਨੇਤਾ ਜੀ ਆਹ ਕੀ ਕਰਾ ਬੈਠੇ..!

09:04 AM Jun 07, 2024 IST
ਜ਼ਮਾਨਤ ਜ਼ਬਤ  ਨੇਤਾ ਜੀ ਆਹ ਕੀ ਕਰਾ ਬੈਠੇ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੂਨ
ਲੋਕ ਸਭਾ ਚੋਣਾਂ ’ਚ 88 ਫ਼ੀਸਦੀ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਵੀ ਨਹੀਂ ਬਚਾ ਸਕੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਨੂੰ ਪਹਿਲੀ ਵਾਰ ਇਸ ਸੰਕਟ ਵਿੱਚੋਂ ਗੁਜ਼ਰਨਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੋਣਾਂ ਵਿੱਚ ਪ੍ਰਮੁੱਖ ਧਿਰ ਰਹੀ ਹੈ ਅਤੇ ਕਦੇ ਵੀ ਪਾਰਟੀ ਦੇ ਦੋ ਤਿਹਾਈ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਨਹੀਂ ਹੋਈ ਸੀ। ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਨਹੀਂ ਹੋਈ।
ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸੰਸਦੀ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਨੋਨੀ ਮਾਨ ਅਤੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਆਪਣੀ ਜ਼ਮਾਨਤ ਰਾਸ਼ੀ ਬਚਾ ਸਕੇ ਹਨ।

Advertisement

ਬਾਕੀ ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਮਹਿੰਦਰ ਸਿੰਘ ਕੇਪੀ, ਸੋਹਣ ਸਿੰਘ ਠੰਡਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਖ਼ਾਲਸਾ, ਰਾਜਵਿੰਦਰ ਸਿੰਘ ਧਰਮਕੋਟ, ਇਕਬਾਲ ਸਿੰਘ ਝੂੰਦਾਂ ਤੇ ਐੱਨਕੇ ਸ਼ਰਮਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸਮੁੱਚੇ ਪੰਜਾਬ ਵਿੱਚ ਸਿਰਫ਼ 39 ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ ਬਚੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 2019 ਵਿਚ 248 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਜਦੋਂ ਕਿ ਐਤਕੀਂ 289 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਚੋਣ ਮੈਦਾਨ ਵਿਚ 168 ਅਜ਼ਾਦ ਉਮੀਦਵਾਰ ਸਨ ਜਿਨ੍ਹਾਂ ਵਿਚੋਂ 166 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਭਾਜਪਾ ਨੇ ਐਤਕੀਂ ਇਕੱਲੇ ਤੌਰ ’ਤੇ ਚੋਣ ਲੜੀ ਅਤੇ 13 ਉਮੀਦਵਾਰ ਖੜ੍ਹੇ ਕੀਤੇ ਸਨ। ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਆਪਣੀ ਫ਼ਰੀਦਕੋਟ ਤੋਂ ਜ਼ਮਾਨਤ ਬਚਾ ਨਹੀਂ ਸਕੇ ਹਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਾਬਕਾ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ, ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾ ਰਾਮ ਅਤੇ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੀ ਜ਼ਮਾਨਤ ਰਾਸ਼ੀ ਬਚਾ ਨਹੀਂ ਸਕੇ ਹਨ। ਅਕਾਲੀ ਦਲ (ਅੰਮ੍ਰਿਤਸਰ) ਦੇ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਅਤੇ ਇਕੱਲੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜ਼ਮਾਨਤ ਬਚਾ ਸਕੇ ਹਨ। ਖਡੂਰ ਸਾਹਿਬ ਤੋਂ ਇਸ ਦਲ ਨੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕੀਤੀ ਸੀ। ਬਠਿੰਡਾ ਤੋਂ ਲੱਖਾ ਸਿਧਾਣਾ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ। ਜ਼ਮਾਨਤ ਜ਼ਬਤ ਵਿਚ ਬਸਪਾ ਦੀ ਝੰਡੀ ਰਹੀ ਹੈ ਜਿਨ੍ਹਾਂ ਦੇ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੋ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਸਨ, ਵੀ ਆਪਣੀ ਜ਼ਮਾਨਤ ਬਚਾ ਨਹੀਂ ਸਕੇ। ਪੰਜਾਬ ਵਿਚ ਸਭ ਤੋਂ ਵੱਧ ਲੁਧਿਆਣਾ ਹਲਕੇ ਤੋਂ 40 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ ਜਦੋਂ ਕਿ ਸਭ ਤੋਂ ਘੱਟ ਫ਼ਤਿਹਗੜ੍ਹ ਸਾਹਿਬ ਤੋਂ 12 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

ਜ਼ਮਾਨਤ ਰਾਸ਼ੀ ਲਾਜ਼ਮੀ ਕਰਾਰ

ਮੌਜੂਦਾ ਸਮੇਂ ਉਮੀਦਵਾਰਾਂ ਨੂੰ 25 ਹਜ਼ਾਰ ਰੁਪਏ ਜ਼ਮਾਨਤ ਰਾਸ਼ੀ (ਜਨਰਲ ਵਰਗ) ਅਤੇ 12,500 ਰੁਪਏ ਜ਼ਮਾਨਤ ਰਾਸ਼ੀ (ਐੱਸਸੀ ਵਰਗ) ਜਮ੍ਹਾਂ ਕਰਾਉਣੀ ਪੈਂਦੀ ਹੈ। ਜ਼ਮਾਨਤ ਰਾਸ਼ੀ ਜ਼ਬਤ ਹੋਣ ’ਤੇ ਇਹ ਪੈਸਾ ਖ਼ਜ਼ਾਨੇ ਵਿੱਚ ਚਲਾ ਜਾਂਦਾ ਹੈ। ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 34,1(ਏ) ਤਹਿਤ ਜ਼ਮਾਨਤ ਰਾਸ਼ੀ ਜਮ੍ਹਾਂ ਕਰਾਉਣੀ ਲਾਜ਼ਮੀ ਹੈ। ਪਹਿਲੀ ਲੋਕ ਸਭਾ ਚੋਣ ਸਮੇਂ ਇਹ ਜ਼ਮਾਨਤ ਰਾਸ਼ੀ ਜਨਰਲ ਵਰਗ ਲਈ 500 ਰੁਪਏ ਅਤੇ ਐੱਸਸੀ ਵਰਗ ਲਈ 250 ਰੁਪਏ ਹੁੰਦੀ ਸੀ।

Advertisement
Author Image

sukhwinder singh

View all posts

Advertisement
Advertisement
×