ਸਟਾਰਟਅਪਸ ਲਈ ਬਾਇਜੂ’ਸ ਸਬਕ
ਸੁਸ਼ਮਾ ਰਾਮਚੰਦਰਨ
ਸਟਾਰਟਅਪ ਈਕੋਸਿਸਟਮ ਨਾਲ ਜੁਡਿ਼ਆ ਭਾਰਤ ਦਾ ਇਕ ਤਬਕਾ ਪ੍ਰੇਸ਼ਾਨ ਹੈ। ਇਸ ਕਾਰੋਬਾਰੀ ਮਾਡਲ ਦੇ ਮੋਹਰੀ ਮੁਸ਼ਕਿਲ ’ਚ ਹਨ ਤੇ ਵੱਡੀਆਂ ਕੰਪਨੀਆਂ (10 ਅਰਬ ਡਾਲਰ ਤੋਂ ਵੱਧ ਕੀਮਤ ਵਾਲੀਆਂ) ਮੂਧੇ ਮੂੰਹ ਡਿੱਗੀਆਂ ਹਨ। ਸਾਰਿਆਂ ਦਾ ਧਿਆਨ ਬਾਇਜੂ’ਸ ਉੱਤੇ ਲੱਗਾ ਹੋਇਆ ਹੈ ਜਿਸ ਨੂੰ ਲੰਮੇ ਸਮੇਂ ਤੋਂ ਇਨ੍ਹਾਂ ਸਾਰਿਆਂ ’ਚ ਨੰਬਰ ਇਕ ਮੰਨਿਆ ਜਾ ਰਿਹਾ ਸੀ। ਕਿਸੇ ਵੇਲੇ ਇਸ ਕੰਪਨੀ ਦੀ ਕੀਮਤ 22 ਅਰਬ ਡਾਲਰ ਦੱਸੀ ਗਈ ਸੀ। ਸਾਲਾਂ ਤੱਕ ਇਹ ਦੇਸ਼ ਦੇ ਸਭ ਤੋਂ ਸਫਲ ‘ਸਟਾਰਟਅਪ’ ਵਜੋਂ ਚੋਟੀ ਉੱਤੇ ਰਹੀ; ਹੁਣ ਇਸ ਨੂੰ ਕਈ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚੋਂ ਕਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨਸੀਐੱਲਟੀ) ਕੋਲ ਦਾਇਰ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਘਰੇਲੂ ਤੇ ਵਿਦੇਸ਼ੀ ਨਿਵੇਸ਼ਕ ਕੰਪਨੀ ਦੇ ਬਾਨੀ ਬਾਇਜੂ ਰਵੀਂਦਰਨ ਨੂੰ ਲਾਂਭੇ ਕਰਨ ਲਈ ਜ਼ੋਰ ਲਾ ਰਹੇ ਹਨ। ਲਗਭੱਗ ਹਰ ਥਾਂ ਮੌਜੂਦਗੀ ਦਰਜ ਕਰਾਉਣ ਵਾਲੀ ਕੰਪਨੀ ‘ਪੇਅਟੀਐੱਮ’ ਨੂੰ ਵੀ ਇਸੇ ਮਹੀਨੇ ਆਪਣੇ ਕਰੋੜਾਂ ਗਾਹਕਾਂ ਦੀ ਹਰਮਨਪਿਆਰੀ ਵਾਲੈੱਟ ਸਹੂਲਤ ਬੰਦ ਕਰਨੀ ਪਈ ਸੀ। ਕੰਪਨੀ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਇਹ ਸਹੂਲਤ ਬੰਦ ਕਰਨੀ ਪਈ। ਆਰਬੀਆਈ ਮੁਤਾਬਿਕ ਕੰਪਨੀ ਨੇ ਪਹਿਲਾਂ ਵੀ ਉਸ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ‘ਪੇਅਟੀਐੱਮ’ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਜਿਨ੍ਹਾਂ ਨੂੰ ਮੁਲਕ ਵਿਚ ਡਿਜੀਟਲ ਅਦਾਇਗੀ ਦੀ ਕ੍ਰਾਂਤੀ ਦਾ ਸਿਹਰਾ ਦਿੱਤਾ ਜਾਂਦਾ ਹੈ, ਨੇ ਆਲੋਚਨਾ ਤੋਂ ਬਚਣ ਲਈ ‘ਪੇਅਟੀਐੱਮ ਪੇਅਮੈਂਟਸ ਬੈਂਕ’ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਫਿਲਹਾਲ ‘ਬਾਇਜੂ’ਸ’ ਅਜਿਹੀ ਸਟਾਰਟਅਪ ਕੰਪਨੀ ਹੈ ਜੋ ਮੁਸ਼ਕਿਲਾਂ ’ਚ ਬੁਰੀ ਤਰ੍ਹਾਂ ਫਸੀ ਹੋਈ ਹੈ। ਇਸ ਮਸ਼ਹੂਰ ‘ਐੱਡਟੈੱਕ’ ਕੰਪਨੀ ਦੀ ਕਹਾਣੀ ਸਾਰੇ ਜਾਣਦੇ ਹਨ। ਸ਼ੁਰੂਆਤ (2011) ਵਿਚ ਤਾਂ ਇਹ ਆਫਲਾਈਨ ਉੱਦਮ ਸੀ ਪਰ ਅਧਿਆਪਨ ਕਿੱਤੇ ਦੇ ਮਾਹਿਰ ਰਵੀਂਦਰਨ ਨੇ ਸਿੱਖਣ-ਸਿਖਾਉਣ ਦੇ ਨਵੇਂ ਤੇ ਦਿਲਚਸਪ ਢੰਗ-ਤਰੀਕਿਆਂ ਨਾਲ 2015 ਵਿਚ ਇਸ ਨੂੰ ਆਨਲਾਈਨ ਕਰ ਦਿੱਤਾ। ਕੰਪਨੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸਭ ਤੋਂ ਵੱਧ ਤਰੱਕੀ ਕੀਤੀ ਕਿਉਂਕਿ ਆਨਲਾਈਨ ਸਿੱਖਿਆ ਦੀ ਮੰਗ ਸਿਖ਼ਰ ’ਤੇ ਸੀ। ਕੰਪਨੀ ਨੇ ਕਾਲਜ ਪੱਧਰ ਤੱਕ ਦੀਆਂ ਸਾਰੀਆਂ ਜਮਾਤਾਂ ਨੂੰ ਪੜ੍ਹਾਉਣ ਦੀ ਪੇਸ਼ਕਸ਼ ਕੀਤੀ ਅਤੇ ਕਰੋਨਾ ਕਾਲ ਦੌਰਾਨ ਕਰੋੜਾਂ ਵਿਦਿਆਰਥੀ ਇਸ ਨਾਲ ਜੁੜੇ। ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਨੇ ਕੰਪਨੀ ’ਚ ਚੋਖਾ ਪੈਸਾ ਲਾਇਆ। ‘ਸਟਾਰਟਅਪ’ ਵਿਚ ਨਿਵੇਸ਼ ਕਰਨ ਵਾਲੀਆਂ ਦੁਨੀਆ ਦੀਆਂ ਮੋਹਰੀ ਕੰਪਨੀਆਂ ਸਿਕੋਇਆ ਕੈਪੀਟਲ, ਪ੍ਰੋਸਸ ਤੇ ਬਲੈਕਰੌਕ ਦੇ ਨਾਲ ਨਾਲ ਕਤਰ ਦੇ ਨਿਵੇਸ਼ਕ ਅਦਾਰੇ ਨੇ ਵੀ ਹਿੱਸੇਦਾਰੀ ਪਾਈ।
2022 ਤੱਕ ਇਸ ਦੀ ਕੀਮਤ 22 ਅਰਬ ਡਾਲਰ ਨੂੰ ਛੂਹ ਗਈ। ਇਸ ਤੋਂ ਬਾਅਦ ਕੰਪਨੀ ਨੇ ਤੇਜ਼ੀ ਨਾਲ ਵੱਖ ਵੱਖ ਖੇਤਰਾਂ ’ਚ ਮੁਹਾਰਤ ਰੱਖਦੀਆਂ ਕਈ ‘ਐੱਡਟੈੱਕ’ ਫਰਮਾਂ ਖ਼ਰੀਦ ਲਈਆਂ। ਨਤੀਜੇ ਵਜੋਂ ਬੇਹੱਦ ਸਫਲ ਆਫਲਾਈਨ ਕੰਪਨੀ ਆਕਾਸ਼, ਗਰੇਟ ਲਰਨਿੰਗ ਅਤੇ ਐਪਿਕ ਜਿਹੀਆਂ ਫਰਮਾਂ ਦੇ ਨਾਲ ਬਾਇਜੂ’ਸ ਦੀ ਕੰਪਨੀ ‘ਥਿੰਕ ਐਂਡ ਲਰਨ’ ਦਾ ਹਿੱਸਾ ਬਣ ਗਈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਕ ਤੋਂ ਬਾਅਦ ਇਕ ਖ਼ਰੀਦ ਉੱਤੇ ਉਸ ਵੇਲੇ ਕੋਈ ਸਵਾਲ ਨਹੀਂ ਚੁੱਕਿਆ ਗਿਆ। ਕੰਪਨੀ ਦੀ ਕੀਮਤ ਕਰੋਨਾ ਕਾਲ ਤੋਂ ਬਾਅਦ ਡਿੱਗਣੀ ਸ਼ੁਰੂ ਹੋਈ। ਕੁਝ ਮੀਡੀਆਂ ਰਿਪੋਰਟਾਂ ਵਿਚ ਬਾਇਜੂ’ਸ ਦੇ ਪ੍ਰੋਮੋਟਰਾਂ ਨੇ ਆਨਲਾਈਨ ਸਿੱਖਿਆ ਵੇਚਣ ਲਈ ਮਾਪਿਆਂ ’ਤੇ ਕਈ ਤਰ੍ਹਾਂ ਨਾਲ ਦਬਾਅ ਵੀ ਬਣਾਇਆ। ਜਦ ਸਕੂਲ ਖੁੱਲ੍ਹਣ ਲੱਗੇ ਤਾਂ ਘਰੋਂ ਹੁੰਦੀ ਪੜ੍ਹਾਈ ਵੀ ਘਟਣ ਲੱਗੀ। ਇਸ ਤਰ੍ਹਾਂ ਆਨਲਾਈਨ ਸਿੱਖਿਆ ਦੀ ਮੰਗ ਘੱਟ ਗਈ ਜਿਸ ਨੇ ਨਾ ਸਿਰਫ਼ ਬਾਇਜੂ’ਸ ਬਲਕਿ ਮਹਾਮਾਰੀ ਦੌਰਾਨ ਵਧੇ-ਫੁਲੇ ਸਾਰੇ ‘ਐੱਡਟੈੱਕ’ ਖੇਤਰ ਨੂੰ ਸੱਟ ਮਾਰੀ।
ਕੰਪਨੀ ਦੇ ਘਾਟੇ ਵਿਚ ਜਾਣ ਅਤੇ ਕੁਝ ਅਦਾਇਗੀਆਂ ਰੁਕਣ ਕਾਰਨ ਵਿੱਤੀ ਬਦਇੰਤਜ਼ਾਮੀ ਦੇ ਦੋਸ਼ ਲੱਗਣੇ ਸ਼ੁਰੂ ਹੋਏ। ਕੋਵਿਡ ਦੇ ਸਮਿਆਂ ਦੌਰਾਨ ਕੰਪਨੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਸਪਾਂਸਰ ਕੀਤਾ; ਇੱਥੋਂ ਤੱਕ ਕਿ ਫੁਟਬਾਲ ਸੁਪਰਸਟਾਰ ਲਿਓਨਲ ਮੈਸੀ ਨੂੰ ਬਰਾਂਡ ਅੰਬੈਸਡਰ ਬਣਾਇਆ। ਨਿਵੇਸ਼ਕਾਂ ਦਾ ਦੋਸ਼ ਹੈ ਕਿ ਵਿੱਤੀ ਮੁਸ਼ਕਿਲਾਂ ’ਤੇ ਪਰਦਾ ਪਾ ਕੇ ਰੱਖਿਆ ਗਿਆ ਜਿਸ ਕਾਰਨ ਲੇਖਾ-ਜੋਖਾ ਕਰਨ ਵਾਲੀ ਫਰਮ ‘ਡਿਲੋਇਟ’ ਨੇ ਵੀ ਕੰਪਨੀ ਨਾਲੋਂ ਨਾਤਾ ਤੋੜ ਲਿਆ। ਨਿਵੇਸ਼ਕ ਹੁਣ ਰਵੀਂਦਰਨ ਤੇ ਉਸ ਦੇ ਪਰਿਵਾਰ ਨੂੰ ਕੰਪਨੀ ਤੋਂ ਪੂਰੀ ਤਰ੍ਹਾਂ ਲਾਂਭੇ ਕਰਨ ਲਈ ਜ਼ੋਰ ਲਾ ਰਹੇ ਹਨ ਜਦਕਿ ਉਹ ਸੀਈਓ ਬਣੇ ਰਹਿਣ ਲਈ ਮੂਹਰੇ ਹੋ ਕੇ ਲੜਾਈ ਲੜ ਰਿਹਾ ਹੈ। ਪਿਛਲੇ ਹਫ਼ਤੇ ‘ਪ੍ਰੋਸਸ’ ਵੱਲੋਂ ਰਵੀਂਦਰਨ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਸੱਦੀ ਨਿਵੇਸ਼ਕਾਂ ਦੀ ਹੰਗਾਮੀ ਬੈਠਕ ਤੋਂ ਬਾਅਦ ਮਾਮਲਾ ਸਿਖ਼ਰ ਛੂਹ ਗਿਆ। ਹਾਈ ਕੋਰਟ ਵੱਲੋਂ ਅਜਿਹੇ ਕਿਸੇ ਫ਼ੈਸਲੇ ਉੱਤੇ ਲਾਈ ਰੋਕ ਕਾਰਨ ਫਿ਼ਲਹਾਲ ਮਾਮਲਾ ਲਟਕ ਗਿਆ ਹੈ। ਇਸ ਦੌਰਾਨ ਐੱਨਸੀਐੱਲਟੀ ਨੇ ਬਦਇੰਤਜ਼ਾਮੀ ਅਤੇ ਦਬਾਅ ਬਣਾਉਣ ਦੀਆਂ ਮਿਲੀਆਂ ਸ਼ਿਕਾਇਤਾਂ ਦੀ ਸੁਣਵਾਈ ਆਰੰਭ ਦਿੱਤੀ ਹੈ। ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲਾ ਕੰਪਨੀ ਤੇ ਸੰਚਾਲਨ ਬਾਰੇ ਵੱਖਰੇ ਪੱਧਰ ’ਤੇ ਜਾਂਚ ਕਰ ਰਿਹਾ ਹੈ। ਦੂਜੇ ਸ਼ਬਦਾਂ ਵਿਚ, ਮੰਨੀ-ਪ੍ਰਮੰਨੀ ਇਹ ਫਰਮ ਕਈ ਪਾਸਿਓਂ ਘਿਰ ਗਈ ਹੈ। ਨਵੇਂ ਉੱਦਮ ਲਾਉਣ ਵਾਲੇ ਵਰਗ, ਤੇ ਖਾਸ ਤੌਰ ’ਤੇ ‘ਐੱਡਟੈੱਕ’ ਸੈਕਟਰ (ਆਨਲਾਈਨ ਸਿੱਖਿਆ) ਲਈ ਇਸ ਘਟਨਾਕ੍ਰਮ ਵਿਚ ਕਈ ਸਬਕ ਹਨ। ਪਹਿਲਾ ਇਹ ਹੈ ਕਿ ‘ਸਟਾਰਟਅਪ’ ਫਰਮਾਂ ’ਚ ਚੰਗੇ ਸੰਚਾਲਨ ਦੇ ਨਾਲ ਨਾਲ ਨਿਵੇਸ਼ਕ-ਸੰਸਥਾਪਕ ’ਚ ਕਰੀਬੀ ਰਿਸ਼ਤਾ ਵਿਕਸਿਤ ਕਰਨ ਦੀ ਲੋੜ ਹੈ। ਦੂਜਾ, ਹੋਰ ਕੰਪਨੀਆਂ ਖਰੀਦਣ ਲਈ ਵੱਡੇ ਵਿੱਤੀ ਫੈਸਲੇ ਲੈਣ ਤੋਂ ਪਹਿਲਾਂ ਵਿੱਤੀ ਮਾਹਿਰਾਂ ਨੂੰ ਇਨ੍ਹਾਂ ਦਾ ਬਾਰੀਕੀ ਨਾਲ ਮੁਲੰਕਣ ਕਰਨਾ ਚਾਹੀਦਾ ਹੈ। ਤੀਜਾ, ਸੰਸਥਾਪਕ ਜੋ ਇਕ ਖੇਤਰ ਦੇ ਮਾਹਿਰ ਹਨ, ਜਿਵੇਂ ਰਵੀਂਦਰਨ ਅਧਿਆਪਨ ’ਚ ਸੀ, ਜ਼ਰੂਰੀ ਨਹੀਂ ਕਿ ਉਹ ਕਾਰੋਬਾਰੀ ਪੱਖ ਤੋਂ ਵੀ ਕੁਸ਼ਲ ਹੋਣ। ਉਨ੍ਹਾਂ ਨੂੰ ਤਜਰਬੇਕਾਰ ਤੇ ਭਰੋਸੇਯੋਗ ਵਿੱਤੀ ਸਲਾਹਕਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। ‘ਪੇਅਟੀਐੱਮ’ ਵਾਂਗ ਇਸ ਕੇਸ ’ਚ ਵੀ ਸਬੰਧਿਤ ਰੈਗੂਲੇਟਰ ਦੇ ਨਿਯਮਾਂ ਨੂੰ ਮੁੱਖ ਰੱਖਣ ਦੀ ਲੋੜ ਉੱਭਰ ਕੇ ਸਾਹਮਣੇ ਆਉਂਦੀ ਹੈ। ਆਰਬੀਆਈ ਨੇ ਇਹ ਗੱਲ ਉਜਾਗਰ ਕੀਤੀ ਹੈ ਕਿ ‘ਪੇਅਟੀਐੱਮ ਪੇਅਮੈਂਟਸ ਬੈਂਕ’ ਬੰਦ ਕਰਨ ਦਾ ਸਖ਼ਤ ਫ਼ੈਸਲਾ ਕੰਪਨੀ ਵੱਲੋਂ ਕਈ ਹਦਾਇਤਾਂ ਨਾ ਮੰਨਣ ਤੋਂ ਬਾਅਦ ਕੀਤਾ ਗਿਆ ਹੈ ਜੋ ਖਾਤਿਆਂ ਦੀ ਨਿਗਰਾਨੀ ਨਾਲ ਸਬੰਧਿਤ ਸਨ। ਗਾਹਕਾਂ ਵੱਲੋਂ ਪੇਅਟੀਐੱਮ ਦੀਆਂ ਕਮਜ਼ੋਰ ‘ਕੇਵਾਈਸੀ’ ਹਦਾਇਤਾਂ ਦਾ ਫਾਇਦਾ ਚੁੱਕ ਕੇ ਕਾਲੇ ਧਨ ਨੂੰ ਸਫ਼ੈਦ ਕੀਤੇ ਜਾਣ ਦੀ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਕੁਝ ਨਵੀਆਂ ਕੰਪਨੀਆਂ (ਸਟਾਰਟਅਪਸ) ਦੀ ਵੱਡੀ ਕਾਮਯਾਬੀ ਸੰਸਥਾਪਕਾਂ ਨੂੰ ਇਹ ਸੋਚਣ ਲਾ ਸਕਦੀ ਹੈ ਕਿ ਨਿਯਮਾਂ ਨੂੰ ਬਾਈਪਾਸ ਕੀਤਾ ਜਾ ਸਕਦਾ ਹੈ, ਤੇ ਸਜ਼ਾ ਤੋਂ ਵੀ ਬਚਿਆ ਜਾ ਸਕਦਾ ਹੈ। ਪੇਅਟੀਐੱਮ ਵਿਰੁੱਧ ਕਾਰਵਾਈ ਕਰ ਕੇ ਰੈਗੂਲੇਟਰ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਨਿਯਮ ਤੋੜ ਕੇ ਵਿੱਤੀ ਪੱਖ ਤੋਂ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਗਤੀਵਿਧੀ ਨਹੀਂ ਕਰਨ ਦਿੱਤੀ ਜਾਵੇਗੀ।
ਇਹ ਸਾਰੇ ਵਿਵਾਦ ‘ਸਟਾਰਟਅਪ’ ਕੰਪਨੀਆਂ ਲਈ ਆਈ ‘ਫੰਡਿੰਗ ਵਿੰਟਰ’ ਵਿਚਾਲੇ ਉੱਭਰੇ ਹਨ ਜੋ 2021 ਵਿਚ ਸ਼ੁਰੂ ਹੋਈ ਸੀ। ਇਸ ਦੌਰਾਨ ਪੂੰਜੀ ਨਿਵੇਸ਼ ਘਟਿਆ ਹੈ। ਨਿਵੇਸ਼ ਲਈ ਪੂੰਜੀ ਮੁੱਕਣਾ ਆਲਮੀ ਵਰਤਾਰਾ ਹੈ ਪਰ ਭਾਰਤ ਦੇ ਮਾਮਲੇ ਵਿਚ ਚਿੰਤਾ ਦਾ ਵਿਸ਼ਾ ਕੰਪਨੀਆਂ ਦੀ ਕੀਮਤ ਡਿੱਗਣਾ ਹੈ ਜੋ ਕਈ ਕੇਸਾਂ ਵਿਚ ਤਾਂ ਬਹੁਤ ਹੇਠਾਂ ਆਈ ਹੈ। ਇਕ ਰਿਪੋਰਟ ਮੁਤਾਬਕ 2023 ਵਿਚ ਸੱਤ ਅਰਬ ਡਾਲਰ ਦਾ ਪੂੰਜੀ ਨਿਵੇਸ਼ ਹੋਇਆ ਹੈ ਜੋ ਸਾਲ ਪਹਿਲਾਂ 25 ਅਰਬ ਡਾਲਰ ਸੀ। ਬਾਇਜੂ’ਸ ਦਾ ਕੇਸ ਸਾਰੇ ‘ਸਟਾਰਟਅਪ’ ਉੱਦਮੀਆਂ ਨੂੰ ਸੁਚੇਤ ਕਰਨ ਵਾਲਾ ਹੈ। ਇਹ ਦੇਸ਼ ਵਿਚ ਅਜਿਹੇ ਨਵੇਂ ਉੱਦਮਾਂ ’ਚ ਨਿਵੇਸ਼ ਕਰਨ ਵਾਲਿਆਂ ਵਿਚ ਭੈਅ ਵੀ ਪੈਦਾ ਕਰ ਸਕਦਾ ਹੈ। ਉਹ ਨਿਵੇਸ਼ ਦੀ ਵਿਹਾਰਕਤਾ ਬਾਰੇ ਫਿ਼ਕਰਮੰਦ ਹੋ ਸਕਦੇ ਹਨ। ਅਜਿਹੇ ਸਮਿਆਂ ਵਿਚ ਇਹ ਮੰਦਭਾਗਾ ਹੈ ਜਦ ਕਈ ਭਾਰਤੀ ਸਟਾਰਟਅਪ ਪਹਿਲਾਂ ਹੀ ਪ੍ਰਭਾਵੀ ਕਾਰਪੋਰੇਟ ਕੰਪਨੀਆਂ ਵਿਚ ਤਬਦੀਲ ਹੋ ਚੁੱਕੇ ਹਨ। ਨਿਵੇਸ਼ਕਾਂ ਲਈ ਹੁਣ ਇਹ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੋ ਗਿਆ ਹੈ ਕਿ ਉਹ ਸਟਾਰਟਅਪ ਦੇ ਵਧ-ਫੁੱਲ ਰਹੇ ਵਾਤਾਵਰਨ ਵਿਚ ਉੱਦਮੀਆਂ ਨੂੰ ਵਿੱਤੀ ਮਹਾਰਤ ਦੇ ਪੱਖ ਤੋਂ ਜਿ਼ਆਦਾ ਸਹਿਯੋਗ ਦੇਣ। ‘ਸਪਾਈਡਰਮੈਨ’ ਫਿਲਮ ਦਾ ਕਈ ਵਾਰ ਵਰਤਿਆ ਗਿਆ ਕਥਨ ਇਸ ਪ੍ਰਸੰਗ ਵਿਚ ਢੁੱਕਵਾਂ ਹੋਵੇਗਾ ਜਿਸ ਮੁਤਾਬਕ ‘ਤਾਕਤ ਵਧਣ ਦੇ ਨਾਲ ਜਿ਼ੰਮੇਵਾਰੀ ਵੀ ਵੱਡੀ ਹੁੰਦੀ ਜਾਂਦੀ ਹੈ।’ ‘ਸਟਾਰਟਅਪ’ ਸ਼ੁਰੂ ਕਰਨ ਵਾਲਿਆਂ ਤੇ ਨਿਵੇਸ਼ਕਾਂ ਦੀ ਇਹ ਜਿ਼ੰਮੇਵਾਰੀ ਬਣਦੀ ਹੈ ਕਿ ਉਹ ਵਿੱਤੀ ਸਥਿਰਤਾ ’ਤੇ ਤਿੱਖੀ ਨਜ਼ਰ ਰੱਖਣ।
*ਲੇਖਕਾ ਵਿੱਤੀ ਮਾਮਲਿਆਂ ਦੀ ਸੀਨੀਅਰ ਪੱਤਰਕਾਰ ਹੈ।