ਬਹਿਰਾਇਚ ਹਿੰਸਾ: ਮੁੱਖ ਸਾਜ਼ਿਸ਼ਘਾੜੇ ਸਣੇ ਛੇ ਹੋਰ ਮੁਲਜ਼ਮ ਕਾਬੂ
ਬਹਿਰਾਇਚ, 10 ਨਵੰਬਰ
ਉਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਮਹਿਰਾਜਗੰਜ ਵਿੱਚ ਦੁਰਗਾ ਮੂਰਤੀ ਪ੍ਰਵਾਹ ਕਰਨ ਵੇਲੇ ਹਿੰਸਾ ਦੌਰਾਨ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਪੁਲੀਸ ਨੇ ਅੱਜ ਘਟਨਾ ਦੇ ਮੁੱਖ ਸਾਜ਼ਿਸ਼ਘਾੜੇ ਸਣੇ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤਕ 121 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿਚ ਫਰਾਰ ਚੱਲ ਰਹੇ ਮੁਲਜ਼ਮਾਂ ਸੈਫ ਅਲੀ, ਜਾਵੇਦ ਤੇ ਸ਼ੋਇਬ ਦੀ ਜਾਣਕਾਰੀ ਦੇਣ ’ਤੇ ਪੁਲੀਸ ਨੇ ਦਸ ਦਸ ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੈ।
ਬਹਿਰਾਇਚ ਦੇ ਐਸਪੀ ਵਰਿੰਦਾ ਸ਼ੁਕਲਾ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ 13 ਅਕਤੂਬਰ ਨੂੰ ਮਹਿਰਾਜਗੰਜ ਵਿਚ ਦੁਰਗਾ ਮੂਰਤੀ ਪ੍ਰਵਾਹ ਕਰਨ ਵੇਲੇ 22 ਸਾਲ ਦੇ ਨੌਜਵਾਨ ਦੀ ਹੱਤਿਆ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਦੁਕਾਨਾਂ ਤੇ ਘਰਾਂ ਨੂੰ ਅੱਗ ਲਾ ਦਿੱਤੀ ਸੀ। ਪੁਲੀਸ ਨੇ ਇਸ ਮਾਮਲੇ ਸਬੰਧੀ ਥਾਣਾ ਹਰਦੀ ਵਿਚ ਕੇਸ ਦਰਜ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਸ ਘਟਨਾ ਦੀ ਸਾਜ਼ਿਸ਼ ਸ਼ਕੀਲ ਅਹਿਮਦ ਉਰਫ ਬਬਲੂ ਨੇ ਘੜੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਅੱਜ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੀਟੀਆਈ