ਬਹਿਣੀਵਾਲ ਵੱਲੋਂ ਮੁੱਖ ਮੰਤਰੀ ਸੁੱਖੂ ਨੂੰ ਪੰਜਾਬੀ ਦੀ ਫੱਟੀ ਭੇਟ
ਪੱਤਰ ਪ੍ਰੇਰਕ
ਮਾਨਸਾ, 25 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਚਾਹੁੰਦੀ ਹੈ ਕਿ ਰਾਜ ਵਿੱਚ ਪੰਜਾਬੀ ਨੂੰ ਲਾਗੂ ਕੀਤਾ ਜਾਵੇ ਅਤੇ ਉਹ ਛੇਤੀ ਹੀ ਹਿਮਾਚਲ ਕੈਬਨਿਟ ਵਿੱਚ ਇਸ ਸਬੰਧੀ ਮਤਾ ਲਿਆ ਕੇ ਪੰਜਾਬੀ ਨੂੰ ਹਿਮਾਚਲ ਵਿੱਚ ਲਾਜ਼ਮੀ ਅਤੇ ਲਾਗੂ ਕਰਨ ਦਾ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਹਿਮਾਚਲ ’ਚ ਪੰਜਾਬੀ ਅਧਿਆਪਕਾਂ ਦੀਆਂ ਪੋਸਟਾਂ ਕੱਢ ਕੇ ਉਨ੍ਹਾਂ ਦੀ ਭਰਤੀ ਕੀਤੀ ਜਾਵੇਗੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਹ ਗੱਲਾਂ ਮਾਨਸਾ ਜ਼ਿਲ੍ਹੇ ਦੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਪੰਜਾਬੀ ਦੀ 41 ਅੱਖਰੀ ਫੱਟੀ ਭੇਟ ਕਰਨ ਮੌਕੇ ਕਹੀਆਂ। ਇਸ ਮੌਕੇ ਸਿੱਖਿਆ ਮੰਤਰੀ ਰੋਹਿਤ ਚੌਧਰੀ ਅਤੇ ਕਸੌਲੀ ਤੋਂ ਵਿਧਾਇਕ ਵਿਨੋਦ ਸੁਲਤਾਨਪੁਰੀ ਵੀ ਮੌਜੂਦ ਸਨ। ਮੁੱਖ ਮੰਤਰੀ ਸ੍ਰੀ ਸੁੱਖੂ ਨੇ ਦੱਸਿਆ ਕਿ ਹਿਮਾਚਲ ਪੰਜਾਬ ਨਾਲ ਲੱਗਦਾ ਹੈ ਅਤੇ ਲੰਬਾ ਸਮਾਂ ਹਿਮਾਚਲ ਪੰਜਾਬ ਦਾ ਵੀ ਹਿੱਸਾ ਰਿਹਾ ਹੈ ਅਤੇ ਇਸ ਕਰਕੇ ਪੰਜਾਬ ਅਤੇ ਹਿਮਾਚਲ ਦੀ ਗੂੜ੍ਹੀ ਸਾਂਝ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਪੰਜਾਬੀ ਵੀ ਬੋਲਦੇ ਹਨ।