ਵਿਆਹ ਸਮਾਗਮਾਂ ਵਿੱਚੋਂ ਨਕਦੀ ਤੇ ਗਹਿਣਿਆਂ ਵਾਲੇ ਬੈਗ ਚੋਰੀ
ਗੁਰਿੰਦਰ ਸਿੰਘ
ਲੁਧਿਆਣਾ, 20 ਅਕਤੂਬਰ
ਵੱਖ ਵੱਖ ਇਲਾਕਿਆਂ ਵਿੱਚ ਅੱਜ ਵਿਆਹ ਸਮਾਗਮਾਂ ਦੌਰਾਨ ਸੋਨੇ ਦੇ ਗਹਿਣਿਆਂ ਅਤੇ ਨਕਦੀ ਵਾਲੇ ਬੈਗ ਚੋਰੀ ਹੋ ਗਏ। ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਰਣੀਆਂ ਵਾਸੀ ਸਿਕੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਮਨਦੀਪ ਕੌਰ ਦਾ ਅੱਜ ਪਿੰਡ ਰਣੀਆ ਦੇ ਇੱਕ ਰਿਜ਼ੋਰਟ ਵਿੱਚ ਵਿਆਹ ਸੀ। ਇਸ ਮੌਕੇ ਉਸ ਨੇ ਪੈਲੇਸ ਅੰਦਰ ਨਾਲ ਵਾਲੀ ਕੁਰਸੀ ’ਤੇ ਆਪਣਾ ਇੱਕ ਬੈਗ ਰੱਖਿਆ ਹੋਇਆ ਸੀ, ਜਿਸ ਵਿੱਚ ਨਕਦੀ ਤੇ ਗਹਿਣੇ ਸਨ। ਇਸ ਦੌਰਾਨ ਘਨੱਈਆ ਲਾਲ, ਬਾਦਕ ਅਤੇ ਵਿਸ਼ਾਲ ਪੈਸਿਆਂ ਵਾਲਾ ਬੈਗ ਚੋਰੀ ਕਰਕੇ ਆਟੋ ਰਿਕਸ਼ਾ ’ਤੇ ਫਰਾਰ ਹੋ ਗਏ। ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੜਤਾਲ ਮਰਗੋਂ ਘਨੱਈਆ ਲਾਲ ਅਤੇ ਬਾਦਕ ਵਾਸੀਆਨ ਪਿੰਗ ਗੁਲਖੇੜੀ ਮੱਧ ਪ੍ਰਦੇਸ਼ ਤੇ ਵਿਸ਼ਾਲ ਉਰਫ਼ ਸੋਨੀ ਵਾਸੀ ਪਿੰਡ ਜਾਟ ਖੇੜੀ ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਨਵਦੀਪ ਸਿੰਘ ਵਾਸੀ ਪਿੰਡ ਸਾਮਗੜਾ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਗੁਰਇਕਬਾਲ ਸਿੰਘ ਦੇ ਵਿਆਹ ਦੀ ਬਰਾਤ ਲੈ ਕੇ ਸੰਨਰਾਈਸ ਫਾਰਮਜ ਪੈਲੇਸ ਚੰਡੀਗੜ੍ਹ ਰੋਡ ਨੇੜੇ ਪਿੰਡ ਜੰਡਿਆਲੀ ਵਿੱਚ ਆਏ ਸੀ। ਮੈਰਿਜ ਪੈਲੇਸ ਦੇ ਹਾਲ ਅੰਦਰੋਂ ਕੋਈ ਅਣਪਛਾਤਾ ਵਿਅਕਤੀ ਸ਼ਗਨ ਵਾਲਾ ਪਰਸ ਜਿਸ ਵਿੱਚ ਇੱਕ ਸੈੱਟ ਸੋਨੇ ਦਾ, 2 ਮੁੰਦੀਆਂ ਅਤੇ ਨਕਦੀ ਕਰੀਬ 60 ਹਜ਼ਾਰ ਰੁਪਏ ਸੀ, ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।