ਬਾਗੜੀਆਂ ਦੀ ਪੰਚਾਇਤ ਨਸ਼ਿਆਂ ਖ਼ਿਲਾਫ਼ ਨਿੱਤਰੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਫਰਵਰੀ
ਬਲਾਕ ਅਮਰਗੜ੍ਹ ਦੇ ਪਿੰਡ ਬਾਗੜੀਆਂ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਰਪੰਚ ਪ੍ਰਭਦੀਪ ਸਿੰਘ ਬੱਬਰ ਦੀ ਅਗਵਾਈ ਹੇਠ ਪਿੰਡ ਬਾਗੜੀਆਂ ਦੀ ਪੰਚਾਇਤ ਦਾ ਆਮ ਇਜਲਾਸ ਹੋਇਆ। ਸਰਪੰਚ ਪ੍ਰਭਦੀਪ ਸਿੰਘ ਨੇ ਕਿਹਾ ਕਿ ਨਸ਼ੇ ਨਾਲ ਸਿਰਫ਼ ਨਸ਼ਾ ਕਰਨ ਵਾਲੇ ਵਿਅਕਤੀ ਦੀ ਸਿਹਤ ਤੇ ਆਰਥਿਕਤਾ ਹੀ ਪ੍ਰਭਾਵਿਤ ਨਹੀਂ ਹੁੰਦੀ ਸਗੋਂ ਨਸ਼ਿਆਂ ਦੀ ਮਾਰ ਪੂਰੇ ਪਰਿਵਾਰ ਨੂੰ ਝੱਲਣੀ ਪੈਂਦੀ ਹੈ।
ਇਸ ਦੌਰਾਨ ਪਿੰਡ ਦੀ ਪੰਚਾਇਤ ਨੇ ਆਮ ਇਜਲਾਸ ਦੌਰਾਨ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮਤਾ ਪਾਸ ਕੀਤਾ। ਮਤੇ ਅਨੁਸਾਰ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨਹੀਂ ਦੇਵੇਗਾ, ਜੇਕਰ ਕੋਈ ਵੀ ਵਿਅਕਤੀ ਨਸ਼ੇ ਵੇਚਣ ਵਾਲਿਆਂ ਦੀ ਜ਼ਮਾਨਤ ਜਾਂ ਉਨ੍ਹਾਂ ਦੀ ਕਿਸੇ ਪੱਖੋਂ ਵੀ ਮਦਦ ਕਰਦਾ ਹੈ ਤਾਂ ਪੰਚਾਇਤ ਵੱਲੋਂ ਉਸ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿੰਡ ਦੀ ਪੰਚਾਇਤ ਕਿਸੇ ਵੀ ਹਾਲਤ ’ਚ ਨਸ਼ੇੜੀ ਤੇ ਨਸ਼ਾ ਵੇਚਣ ਵਾਲੇ ਦੀ ਕਿਸੇ ਪੱਖੋਂ ਵੀ ਮਦਦ ਨਹੀਂ ਕਰੇਗੀ। ਇਸ ਦੌਰਾਨ ਪੰਚਾਇਤ ਨੇ ਪਿੰਡ ਦੇ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ, ਸਿਗਰਟ ਆਦਿ ਨਾ ਵੇਚੀ ਜਾਵੇ।
ਇਸ ਤੋਂ ਇਲਾਵਾ ਪੰਚਾਇਤ ਵੱਲੋਂ ਸਕੂਲ ਅਤੇ ਪਿੰਡ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਉਣ , ਸੀਵਰੇਜ ਦੇ ਅਧੂਰੇ ਪਏ ਕੰਮ ਨੂੰ ਨੇਪਰੇ ਚਾੜ੍ਹਨ, ਤਕਨੀਕੀ ਨੁਕਸ ਕਾਰਨ ਬੰਦ ਪਏ ਕੁਝ ਸੀਸੀਟੀਵੀ ਕੈਮਰਿਆਂ ਦੀ ਜਲਦੀ ਹੀ ਮੁਰੰਮਤ ਕਰਵਾਉਣ ਅਤੇ ਹੋਰ ਨਵੀਂਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਰਣਜੀਤ ਸਿੰਘ ਬਿੱਟੂ, ਜਗਦੀਪ ਸਿੰਘ ਦੀਪੀ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਰਣਧੀਰ ਸਿੰਘ, ਭੁਪਿੰਦਰ ਕੌਰ, ਪ੍ਰਦੀਪ ਕੌਰ, ਕਰਮਜੀਤ ਕੌਰ, ਲਖਵਿੰਦਰ ਕੌਰ ਪੰਚਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੋਨੀ, ਸੋਨੂੰ ਅਰੋੜਾ, ਓਮ ਪ੍ਰਕਾਸ਼, ਤੇਜਾ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ ਤੇ ਜਿਓਣ ਸਿੰਘ ਆਦਿ ਹਾਜ਼ਰ ਸਨ।