For the best experience, open
https://m.punjabitribuneonline.com
on your mobile browser.
Advertisement

ਐੱਨਕੇ ਸ਼ਰਮਾ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਡੇਰਾਬੱਸੀ ਵਾਸੀ ਬਾਗੋਬਾਗ਼

10:40 AM Apr 14, 2024 IST
ਐੱਨਕੇ ਸ਼ਰਮਾ ਨੂੰ ਉਮੀਦਵਾਰ ਐਲਾਨੇ ਜਾਣ ਨਾਲ ਡੇਰਾਬੱਸੀ ਵਾਸੀ ਬਾਗੋਬਾਗ਼
Advertisement

ਹਰਜੀਤ ਸਿੰਘ
ਡੇਰਾਬੱਸੀ, 13 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਐਨ.ਕੇ. ਸ਼ਰਮਾ ਨੂੰ ਉਮੀਦਵਾਰ ਐਲਾਨੇ ਜਾਣ ਮਗਰੋਂ ਹਲਕਾ ਡੇਰਾਬੱਸੀ ਦੇ ਅਕਾਲੀਆਂ ਬਾਗੋਬਾਗ਼ ਹਨ। ਸ੍ਰੀ ਸ਼ਰਮਾ ਨੇ ਆਪਣੇ ਸਿਆਸੀ ਜੀਵਨ ਵਿੱਚ ਸੰਘਰਸ਼ ਅਤੇ ਮਿਹਨਤ ਦੇ ਬਲਬੂਤੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਲੋਹਗੜ੍ਹ ਪਿੰਡ ਵਿਚ 7 ਅਪਰੈਲ 1970 ਨੂੰ ਵਿਸ਼ਵਾਨਾਥ ਸ਼ਰਮਾ ਅਤੇ ਰਕਸ਼ਾ ਸ਼ਰਮਾ ਦੇ ਘਰ ਪੈਦਾ ਹੋਏ ਨਰਿੰਦਰ ਸ਼ਰਮਾ ਨੇ ਆਪਣੀ ਮੁੱਢਲੀ ਵਿੱਦਿਆ ਨੇੜਲੇ ਪਿੰਡ ਭਬਾਤ ਦੇ ਸਰਕਾਰੀ ਹਾਈ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਡੀ.ਏ.ਵੀ ਕਾਲਜ ਚੰਡੀਗੜ੍ਹ ਤੋਂ ਬੀ.ਐੱਸਸੀ ਕਰਨ ਉਪਰੰਤ ਸ਼ਿਮਲਾ ਯੂਨੀਵਰਸਿਟੀ ਤੋਂ ਐੱਮ.ਐੱਸਸੀ ਦੀ ਡਿਗਰੀ ਪ੍ਰਾਪਤ ਕੀਤੀ। ਸ੍ਰੀ ਸ਼ਰਮਾ ਲੋਹਗੜ੍ਹ ਪਿੰਡ ਦੀ ਪੰਚਾਇਤ ਚੋਣਾਂ ਦੌਰਾਨ ਇਕ ਹਜ਼ਾਰ ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤ ਕੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ ਸਨ। ਉਹ ਸਰਪੰਚ ਯੂਨੀਅਨ ਦੇ ਪ੍ਰਧਾਨ ਬਣੇ। ਇਸੇ ਦੌਰਾਨ ਤਤਕਾਲੀ ਸਰਕਾਰ ਵੱਲੋਂ ਲੋਹਗੜ੍ਹ ਸਮੇਤ ਜ਼ੀਰਕਪੁਰ ਦੇ ਸੱਤ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾਈ ਗਈ ਜਿਸ ਵਿੱਚ ਸ਼ਰਮਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। ਨਗਰ ਕੌਂਸਲ ਚੋਣਾਂ ਦੌਰਾਨ ਜ਼ੀਰਕਪੁਰ ਵਿੱਚ ਨਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਅਕਾਲੀ ਦਲ ਨੇ 15 ਵਾਰਡਾਂ ਤੋਂ 13 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਇਸ ਦੌਰਾਨ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਅਚਨਚੇਤ ਮੌਤ ਨੇ ਸਿਆਸੀ ਹਾਲਾਤ ਬਦਲ ਦਿੱਤੇ ਅਤੇ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਬਨੂੜ ਵਿਧਾਨ ਸਭਾ ਹਲਕੇ ਦਾ ਇੰਚਾਰਜ ਬਣਾ ਦਿੱਤਾ ਗਿਆ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਸਾਲ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਐਨ.ਕੇ. ਸ਼ਰਮਾ ਨੂੰ ਡੇਰਾਬੱਸੀ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ। ਸ਼ਰਮਾ ਨੇ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਸਰਕਾਰ ਵੱਲੋਂ ਉਨ੍ਹਾਂ ਨੂੰ ਸੰਸਦੀ ਸਕੱਤਰ (ਉਦਯੋਗ ਅਤੇ ਵਣਜ ਵਿਭਾਗ) ਦੀ ਜ਼ਿੰਮੇਵਾਰੀ ਦਿੱਤੀ ਗਈ। ਸਾਲ 2017 ਦੌਰਾਨ ਵਿਧਾਨ ਸਭਾ ਚੋਣਾਂ ਵਿੱਚ ਵੀ ਐੱਨ.ਕੇ. ਸ਼ਰਮਾ ਨੇ ਦੂਜੀ ਵਾਰ ਜਿੱਤ ਹਾਸਲ ਕੀਤੀ ਤੇ ਵਿਧਾਇਕ ਚੁਣੇ ਗਏ। ਸਾਲ 2022 ਦੀ ਵਿਧਾਨ ਸਭਾ ਚੋਣ ਦੌਰਾਨ ਸ੍ਰੀ ਸ਼ਰਮਾ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਰੰਧਾਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

Advertisement
Author Image

sukhwinder singh

View all posts

Advertisement
Advertisement
×