ਬਾਗ ਘੁਟਾਲਾ: ਈਡੀ ਵੱਲੋਂ ਦੋ ਆਈਏਐੱਸ ਅਫਸਰਾਂ ਦੀ ਰਿਹਾਇਸ਼ ਸਣੇ ਕਈ ਥਾਈਂ ਛਾਪੇ
ਚਰਨਜੀਤ ਭੁੱਲਰ
ਚੰਡੀਗੜ੍ਹ, 27 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਿਲ੍ਹਾ ਮੁਹਾਲੀ ’ਚ ਹੋਏ ਕਰੋੜਾਂ ਰੁਪਏ ਦੇ ‘ਬਾਗ ਘੁਟਾਲੇ’ ਦੇ ਮਾਮਲੇ ’ਚ ਅੱਜ ਪੰਜਾਬ ਭਰ ’ਚ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ ਜਿਨ੍ਹਾਂ ’ਚ ਦੋ ਆਈਏਐੱਸ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਵੀ ਸ਼ਾਮਿਲ ਹਨ। ਈਡੀ ਦੀਆਂ ਟੀਮਾਂ ਨੇ ਅੱਜ ਚੰਡੀਗੜ੍ਹ ’ਚ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸੈਕਟਰ-20 ਵਿਚਲੀ ਰਿਹਾਇਸ਼ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਸਰਕਾਰੀ ਰਿਹਾਇਸ਼ ’ਤੇ ਛਾਪੇ ਮਾਰੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਈਡੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਕੇ ਪਟਿਆਲਾ ਲਿਆਂਦਾ ਜਿੱਥੇ ਉਨ੍ਹਾਂ ਧੀਮਾਨ ਦੇ ਪ੍ਰਾਈਵੇਟ ਚਾਰਟਰਡ ਅਕਾਊਂਟੈਂਟ ਅਨਿਲ ਅਰੋੜਾ ਦੇ ਘਰ ਦੀ ਤਲਾਸ਼ੀ ਲਈ। ਈਡੀ ਅਧਿਕਾਰੀਆਂ ਨੇ ਕਾਰਵਾਈ ਸਵੇਰ ਵੇਲੇ ਸ਼ੁਰੂ ਕੀਤੀ ਅਤੇ ਕਰੀਬ 22 ਥਾਵਾਂ ’ਤੇ ਈਡੀ ਅਧਿਕਾਰੀ ਜਾਂਚ ਕਰਦੇ ਰਹੇ। ਈਡੀ ਨੇ ਚੰਡੀਗੜ੍ਹ ਤੋਂ ਇਲਾਵਾ ਮੁਹਾਲੀ ਦੇ ਪਿੰਡ ਬਾਕਰਪੁਰ, ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲਾ ’ਚ ਛਾਪੇ ਮਾਰੇ। ਪਿੰਡ ਬਾਕਰਪੁਰ ’ਚ ਕਰੀਬ ਪੰਜ ਘਰਾਂ ਦੀ ਤਲਾਸ਼ੀ ਲਈ ਗਈ। ਬਠਿੰਡਾ ’ਚ ਤਿੰਨ ਥਾਵਾਂ ’ਤੇ ਛਾਪੇ ਮਾਰੇ ਗਏ। ਈਡੀ ਨੂੰ ਵਰੁਣ ਰੂਜ਼ਮ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਨੇੜਿਓਂ ਫਟੇ ਹੋਏ ਕਾਗਜ਼ਾਤ ਵੀ ਮਿਲੇ ਜਿਨ੍ਹਾਂ ਦੀ ਪੜਤਾਲ ਕੀਤੀ ਜਾਣੀ ਬਾਕੀ ਹੈ। ਈਡੀ ਅਧਿਕਾਰੀਆਂ ਨੇ ਘਰਾਂ ਵਿਚ ਪਏ ਰਿਕਾਰਡ ਦੀ ਜਾਂਚ ਵੀ ਕੀਤੀ।
ਦੱਸਣਯੋਗ ਹੈ ਕਿ ਵਿਜੀਲੈਂਸ ਨੇ 2 ਮਈ 2023 ਨੂੰ 137 ਕਰੋੜ ਦੇ ‘ਬਾਗ ਘੁਟਾਲੇ’ ’ਚ ਕੇਸ ਦਰਜ ਕੀਤਾ ਸੀ। ਹੁਣ ਤੱਕ ਇਸ ਕੇਸ ਵਿਚ 100 ਤੋਂ ਜ਼ਿਆਦਾ ਵਿਅਕਤੀ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ’ਚੋਂ 21 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 33 ਖ਼ਿਲਾਫ਼ ਦੋਸ਼ ਆਇਦ ਹੋ ਚੁੱਕੇ ਹਨ। ਵਿਜੀਲੈਂਸ ਦੇ ਕੇਸ ਨੂੰ ਆਧਾਰ ਬਣਾ ਕੇ ਹੀ ਈਡੀ ਨੇ ਕੇਸ ਦਰਜ ਕਰਕੇ ਤਫਤੀਸ਼ ਕੀਤੀ ਜਿਸ ਮਗਰੋਂ ਅੱਜ ਛਾਪੇ ਮਾਰੇ ਗਏ ਹਨ। ਬਾਗਾਂ ਦਾ ਮੁਆਵਜ਼ਾ ਕਰੀਬ 106 ਲੋਕਾਂ ਨੇ ਹਾਸਲ ਕੀਤਾ ਹੈ। ਇਸ ਘਪਲੇ ਵਿਚ ਭੁਪਿੰਦਰ ਸਿੰਘ ਆਦਿ ਨੇ ਸਭ ਤੋਂ ਵੱਧ 23.79 ਕਰੋੜ ਦੀ ਰਾਸ਼ੀ ਬਾਗਾਂ ਦੇ ਨਾਮ ਹੇਠ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੀ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਨੇ ਵੀ ਪਿੰਡ ਬਾਕਰਪੁਰ ਵਿਚ ਐਕੁਆਇਰ ਜ਼ਮੀਨ ਬਦਲੇ 1.17 ਕਰੋੜ ਰੁਪਏ ਦਾ ਅਤੇ ਵਰੁਣ ਰੂਜ਼ਮ ਦੇ ਪਰਿਵਾਰ ਨੇ 1.32 ਕਰੋੜ ਮੁਆਵਜ਼ਾ ਹਾਸਲ ਕੀਤਾ ਜਿਸ ’ਚੋਂ ਬਾਗ ਮੁਆਵਜ਼ਾ ਅਦਾਲਤੀ ਹੁਕਮਾਂ ’ਤੇ ਖਜ਼ਾਨੇ ਵਿੱਚ ਜਮ੍ਹਾ ਕਰਾਇਆ ਗਿਆ। ਘਪਲੇ ਦਾ ਮੁੱਖ ਸੂਤਰਧਾਰ ਪਟਵਾਰੀ ਬਚਿੱਤਰ ਸਿੰਘ ਹੈ।
ਤਪਾ ਦੇ ਵਪਾਰੀ ਦੇ ਘਰ ਛਾਪਾ
ਬਰਨਾਲਾ/ਤਪਾ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਈਡੀ ਦੇ ਅਧਿਕਾਰੀਆਂ ਨੇ ਅੱਜ ਦਿਨ ਚੜ੍ਹਦੇ ਹੀ ਤਪਾ ਦੀ ਸਟੇਸ਼ਨ ਵਾਲੀ ਗਲੀ ’ਚ ਰਹਿੰਦੇ ਵਪਾਰੀ ਦੇ ਘਰ ’ਤੇ ਛਾਪਾ ਮਾਰਿਆ। ਦੋ ਗੱਡੀਆਂ ’ਚ ਆਏ ਈਡੀ ਦੇ ਅਧਿਕਾਰੀਆਂ ਨੇ ਘਰ ’ਚ ਮੌਜੂਦ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ। ਘਰ ’ਚ ਕਿਸੇ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਪਾ ਦੇ ਇਸ ਵਪਾਰੀ ਦੀ ਇਲੈਕਟ੍ਰੋਨਿਕ ਸਾਮਾਨ ਦੀ ਦੁਕਾਨ ਹੈ। ਇਸ ਦੌਰਾਨ ਈਡੀ ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਰਿਹਾਇਸ਼ੀ ਪ੍ਰਾਜੈਕਟ ਵੀ ਈਡੀ ਦੇ ਰਾਡਾਰ ’ਤੇ
ਸੂਤਰਾਂ ਅਨੁਸਾਰ ਈਡੀ ਦੇ ਰਾਡਾਰ ’ਤੇ ਮੁਹਾਲੀ ਜ਼ਿਲ੍ਹੇ ਵਿਚਲਾ ਇੱਕ ਰੀਅਲ ਅਸਟੇਟ ਪ੍ਰਾਜੈਕਟ ਵੀ ਹੈ ਜਿਸ ਦੀ ਅੰਦਰਖਾਤੇ ਜਾਂਚ ਚੱਲ ਰਹੀ ਹੈ। ਇਸ ’ਚ ਕਈ ਸਿਆਸੀ ਹਸਤੀਆਂ ਤੋਂ ਇਲਾਵਾ ਇੱਕ ਚਰਚਿਤ ਪੀਸੀਐੱਸ ਅਧਿਕਾਰੀ ਦਾ ਨਾਮ ਵੀ ਬੋਲਦਾ ਹੈ ਜਿਸ ਦੀ ਅਕਾਲੀ ਸਰਕਾਰ ਸਮੇਂ ਤੂਤੀ ਬੋਲਦੀ ਰਹੀ ਹੈ ਅਤੇ ਹਰ ਸਰਕਾਰ ’ਚ ਉੱਚ ਰੁਤਬਿਆਂ ’ਤੇ ਤਾਇਨਾਤ ਰਿਹਾ ਹੈ। ਇਸ ਪੀਸੀਐੱਸ ਅਧਿਕਾਰੀ ਦੀ ਉੱਚ ਅਫਸਰਾਂ ਤੇ ਸਿਆਸੀ ਹਸਤੀਆਂ ਤੱਕ ਸਿੱਧੀ ਪਹੁੰਚ ਹੈ।
ਈਡੀ ਵੱਲੋਂ ਬਾਕਰਪੁਰ ’ਚ ਛਾਪਾ
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿੰਡ ਬਾਕਰਪੁਰ ਦੇ ਕਥਿਤ ਬਹੁ-ਕਰੋੜੀ ਅਮਰੂਦ ਬਾਗਾਂ ਦੇ ਮੁਆਵਜ਼ਾ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਮੁਹਾਲੀ ਜ਼ਿਲ੍ਹੇ ਪਿੰਡ ਬਾਕਰਪੁਰ ’ਚ ਛਾਪਾ ਮਾਰਿਆ। ਈਡੀ ਟੀਮ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਨੂੰ ਚੁਫੇਰਿਓਂ ਘੇਰਾ ਪਾ ਲਿਆ ਅਤੇ ਅਮਰੂਦ ਬਾਗ਼ ਘਪਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਹ ਮਾਮਲਾ ਵੱਡੇ ਪੱਧਰ ’ਤੇ ਚੁੱਕਿਆ ਸੀ।
ਈਡੀ ਦੀ ਅੱਖ ਆਬਕਾਰੀ ਨੀਤੀ ’ਤੇ
ਦਿੱਲੀ ’ਚ ਆਬਕਾਰੀ ਨੀਤੀ ਦੇ ਮਾਮਲੇ ’ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਈਡੀ ਦੇ ਪੰਜਾਬ ਵੱਲ ਰੁਖ਼ ਦੇ ਕਈ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਈਡੀ ਨੇ ਬਾਗ ਘਪਲੇ ਨੂੰ ਤਾਂ ਮਹਿਜ਼ ਬਹਾਨਾ ਬਣਾਇਆ ਹੈ ਜਦਕਿ ਅਸਲ ਮਨਸੂਬੇ ਕੁਝ ਹੋਰ ਹਨ। ਸਿਆਸੀ ਹਲਕਿਆਂ ’ਚ ਚਰਚੇ ਹਨ ਕਿ ਈਡੀ ਦੀ ਰੇਡ 2022 ਦੀ ਆਬਕਾਰੀ ਨੀਤੀ ਕੇਸ ਵਿੱਚ ਆਬਕਾਰੀ ਕਮਿਸ਼ਨਰ ਨੂੰ ਗਵਾਹ ਬਣਾਉਣ ਲਈ ਦਬਾਅ ਪਾਉਣ ਦੀ ਚਾਲ ਹੋ ਸਕਦੀ ਹੈ। ਬਾਗ ਘਪਲੇ ਵਿਚ ਸ਼ਾਮਿਲ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ’ਤੇ ਈਡੀ ਦੀ ਅੱਖ ਹੈ ਜਿਸ ਜ਼ਰੀਏ ਪੰਜਾਬ ਨਾਲ ਤਾਰ ਜੋੜੇ ਜਾ ਸਕਦੇ ਹਨ।