For the best experience, open
https://m.punjabitribuneonline.com
on your mobile browser.
Advertisement

ਬੱਦੂ ਬੱਦਲ

09:00 AM Oct 05, 2024 IST
ਬੱਦੂ ਬੱਦਲ
Advertisement

ਦਰਸ਼ਨ ਸਿੰਘ ਆਸ਼ਟ (ਡਾ.)

ਬੱਦੂ ਬੱਦਲ ਬੜਾ ਗੁਸੈਲ ਸੀ। ਜਿਸ ਦਿਨ ਉਹ ਹਵਾ ਦੇ ਸੰਤ੍ਰਿਪਤਾ ਦੇ ਨਤੀਜੇ ਵਜੋਂ ਪੈਦਾ ਹੋਇਆ ਸੀ, ਉਦੋਂ ਦਾ ਹੀ ਉਹਨੂੰ ਹੰਕਾਰ ਹੋ ਗਿਆ ਸੀ। ਵਾਯੂਮੰਡਲ ਵਿੱਚ ਮੌਜੂਦ ਵਾਸ਼ਪ ਸੰਘਣੇ ਹੋ ਕੇ ਪਾਣੀ ਦੇ ਝੁੰਡ ਬਣ ਰਹੇ ਸਨ ਤੇ ਬੱਦਲਾਂ ਦਾ ਰੂਪ ਧਾਰਨ ਕਰ ਰਹੇ ਸਨ, ਪਰ ਬੱਦੂ ਬੱਦਲ ਕਹਿੰਦਾ ਫਿਰਦਾ ਸੀ, ‘‘ਮੈਂ ਇਕੱਲਾ ਹੀ ਰਹਾਂਗਾ। ਮੈਨੂੰ ਕਿਸੇ ਹੋਰ ਬੱਦਲਾਂ ਦੇ ਝੁੰਡ ਵਿੱਚ ਰਹਿਣ ਦੀ ਕੋਈ ਲੋੜ ਨਹੀਂ।’’
ਇੱਕ ਦਿਨ ਬੱਦੂ ਬੱਦਲ ਨੇ ਹਵਾ ਨੂੰ ਕਿਹਾ, ‘‘ਚੱਲ, ਮੈਨੂੰ ਦੂਰ ਘੁਮਾ ਕੇ ਲਿਆ।’’
ਹਵਾ ਨੇ ਬੱਦੂ ਬੱਦਲ ਨੂੰ ਮੋਢਿਆਂ ’ਤੇ ਚੁੱਕਿਆ ਤੇ ਘੁੰਮਾਉਣ ਲੱਗ ਪਈ।
‘‘ਏਧਰ ਨਹੀਂ, ਓਧਰ...।’’
‘‘ਨਹੀਂ, ਨਹੀਂ, ਫਿਰ ਪਿਛਾਂਹ ਲੈ ਕੇ ਜਾਹ।’’
‘‘ਚੱਲ, ਹੁਣ ਖੱਬੇ ਚੱਲਦੇ ਹਾਂ, ਔਹ ਪਹਾੜਾਂ ਵੱਲ।’’
‘‘ਨਹੀਂ ਨਹੀਂ, ਮੈਦਾਨਾਂ ਵੱਲ ਠੀਕ ਰਹੇਗਾ।’’
ਹਵਾ ਵਿਚਾਰੀ ਥੱਕ ਜਾਂਦੀ ਹੈ, ਪਰ ਬੱਦੂ ਉਸ ਨੂੰ ਹੁਕਮ ਦਿੰਦਾ ਰਹਿੰਦਾ ਹੈ। ਕਈ ਦਿਨ ਲੰਘ ਗਏ, ਪਰ ਬੱਦੂ ਬੱਦਲ ਅਜੇ ਕਿਤੇ ਵੀ ਨਹੀਂ ਸੀ ਵਰ੍ਹਿਆ। ਜਦੋਂ ਉਹਦਾ ਦਿਲ ਕਰਦਾ, ਠਹਿਰ ਜਾਂਦਾ, ਜਦੋਂ ਦਿਲ ਕਰਦਾ, ਹਵਾ ਨੂੰ ਹੁਕਮ ਦਿੰਦਾ, ‘‘ਚੱਲ ਮਹਾਨਗਰ ਵੱਲ...।’’
ਬੱਦੂ ਬੱਦਲ ਚਿੱਟੇ ਰੰਗ ਦਾ ਸੀ। ਉਹਦੀ ਉਮਰ ਦੇ ਕੁਝ ਕਾਲੇ ਰੰਗ ਦੇ ਬੱਦਲ ਸਨ ਜਿਨ੍ਹਾਂ ਵਿੱਚ ਉਹਦੇ ਨਾਲੋਂ ਵਧੇਰੇ ਪਾਣੀ ਸੀ। ਉਹ ਕਦੋਂ ਦੇ ਵਰ੍ਹ ਚੁੱਕੇ ਸਨ। ਉਸ ਦਾ ਦਿਲ ਹੀ ਨਹੀਂ ਸੀ ਕਰਦਾ ਕਿਤੇ ਵਰ੍ਹਨ ਨੂੰ। ਜਦੋਂ ਕੋਈ ਕਾਲਾ ਬੱਦਲ ਵਰ੍ਹਦਾ ਸੀ ਤਾਂ ਬੱਦੂ ਬੱਦਲ ਠਹਾਕਾ ਮਾਰ ਕੇ ਹੱਸਦਾ, ‘‘ਲਓ, ਔਹ ਕਾਲੂ ਵੀ ਖ਼ਤਮ... ਪਰ ਮੈਂ ਕਿਤੇ ਨਹੀਂ ਵਰ੍ਹਾਂਗਾ। ਵਰ੍ਹਦਿਆਂ ਸਾਰ ਹੀ ਖ਼ਤਮ ਹੋ ਜਾਵਾਂਗਾ। ਨਾਲੇ ਮੈਨੂੰ ਕੀ ਲੋੜ ਏ ਆਪਣੀ ਹੋਂਦ ਖ਼ਤਮ ਕਰਨ ਦੀ? ਪ੍ਰਕਿਰਤੀ ਪਿਆਸੀ ਮਰਦੀ ਏ ਤਾਂ ਮਰਨ ਦੇ।’’
ਇੱਕ ਦਿਨ ਬੱਦੂ ਬੱਦਲ ਹਵਾ ਦੇ ਘੋੜੇ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਉਸ ਨੂੰ ਹੇਠੋਂ ਤਰਲੇ ਭਰੀ ਆਵਾਜ਼ ਸੁਣਾਈ ਦਿੱਤੀ, ‘‘ਬੱਦਲ ਵੀਰ, ਬੱਦਲ ਵੀਰ, ਮੈਨੂੰ ਪਾਣੀ ਦੇ ਦੇ, ਪਿਆਸਾ ਮਰ ਰਿਹਾ ਹਾਂ।’’
ਬੱਦੂ ਬੱਦਲ ਨੇ ਹੇਠਾਂ ਵੇਖਿਆ, ਇਹ ਆਵਾਜ਼ ਇੱਕ ਮਾਸੂਮ ਪੌਦੇ ਦੀ ਸੀ ਜੋ ਪਾਣੀ ਖੁਣੋਂ ਸੁੱਕਦਾ ਜਾ ਰਿਹਾ ਸੀ। ਬੱਦੂ ਨੇ ਉਸ ਵੱਲ ਨਫ਼ਰਤ ਭਰੀ ਨਜ਼ਰ ਨਾਲ ਵੇਖਿਆ ਤੇ ਬੋਲਿਆ, ‘‘ਹੱਟ ਪਿੱਛੇ, ਫਿਰ ਮਿਲਾਂਗੇ।’’
ਮਾਸੂਮ ਪੌਦੇ ਨੇ ਗਰਦਨ ਸੁੱਟ ਲਈ। ਹਵਾ, ਬੱਦੂ ਬੱਦਲ ਤੋਂ ਹੋਰ ਵੀ ਤੰਗ ਆ ਰਹੀ ਸੀ। ਇੱਕ ਦਿਨ ਉਸ ਨੂੰ ਬੱਦੂ ਨੇ ਫਿਰ ਹੁਕਮ ਦਿੱਤਾ ਤਾਂ ਹਵਾ ਬਿਫ਼ਰ ਗਈ। ਕਹਿਣ ਲੱਗੀ, ‘‘ਮੈਂ ਤੈਨੂੰ ਘੁਮਾਉਣ ਲਈ ਨਹੀਂ ਲੈ ਕੇ ਜਾਵਾਂਗੀ।’’
ਹਵਾ ਦੀ ਇਹ ਗੱਲ ਸੁਣ ਕੇ ਬੱਦੂ ਬੱਦਲ ਦੇ ਤਾਂ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹ ਬੋਲਿਆ, ‘‘ਮੇਰਾ ਹੁਕਮ ਨਾ ਮੰਨ ਕੇ ਗ਼ਲਤੀ ਕਰ ਰਹੀ ਏਂ।’’
ਹਵਾ ਹਲੀਮੀ ਨਾਲ ਬੋਲੀ, ‘‘ਬੱਦੂ, ਗ਼ਲਤੀ ਮੈਂ ਨਹੀਂ, ਤੂੰ ਕਰ ਰਿਹਾ ਏਂ...।’’
ਬੱਦੂ ਬੱਦਲ ਦੇ ਤੇਵਰ ਚੜ੍ਹ ਗਏ। ਬੋਲਿਆ, ‘‘ਮੈਂ ਗ਼ਲਤੀ ਕਰ ਰਿਹਾ ਹਾਂ? ਤੂੰ ਮੈਨੂੰ ਮੱਤਾਂ ਦੇਣ ਵਾਲੀ ਕੌਣ ਏਂ? ਨਾਲੇ ਦੱਸ, ਮੈਂ ਕਿਹੜੀ ਗ਼ਲਤੀ ਕਰ ਰਿਹਾ ਹਾਂ?’’
ਹਵਾ ਬੋਲੀ, ‘‘ਤੂੰ ਆਪਣੀ ਡਿਊਟੀ ਤੋਂ ਭੱਜ ਰਿਹਾ ਏਂ। ਤੂੰ ਤੇ ਮੈਂ ਕੁਦਰਤ ਦੀਆਂ ਸਿਰਜੀਆਂ ਹੋਈਆਂ ਚੀਜ਼ਾਂ ਹਾਂ। ਮੈਂ ਤੈਨੂੰ ਵਾਸ਼ਪੀ ਕਣਾਂ ਦੇ ਰੂਪ ਵਿੱਚ ਬੱਦਲ ਬਣਾ ਕੇ ਅਸਮਾਨ ’ਤੇ ਲੈ ਕੇ ਆਈ ਹਾਂ। ਤੈਨੂੰ ਜਨਮ ਦੇਣ ਵਿੱਚ ਮੇਰੀ ਖ਼ਾਸ ਭੂਮਿਕਾ ਏ, ਪਰ ਤੂੰ ਆਪਣਾ ਫ਼ਰਜ਼ ਪੂਰਾ ਨਹੀਂ ਕੀਤਾ, ਜਿਹੜਾ ਤੈਨੂੰ ਕਰਨਾ ਚਾਹੀਦਾ ਸੀ।’’
ਬੱਦੂ ਬੱਦਲ ਫਿਰ ਤੈਸ਼ ਵਿੱਚ ਆ ਗਿਆ, ‘‘ਤੂੰ ਕੀ ਫ਼ਰਜ਼ ਫ਼ਰਜ਼ ਲਗਾਈ ਹੋਈ ਏ? ਇਹ ਤਾਂ ਦੱਸ, ਮੇਰਾ ਫ਼ਰਜ਼ ਕਿਹੜਾ ਏ?’’
ਹਵਾ ਧੀਰਜ ਨਾਲ ਬੋਲੀ, ‘‘ਜਾਣਨਾ ਚਾਹੁੰਦਾ ਏਂ ਤਾਂ ਆ ਬੈਠ ਮੇਰੇ ਮੋਢਿਆਂ ’ਤੇ...।’’
ਬੱਦੂ ਬੱਦਲ ਆਕੜ ਕੇ ਹਵਾ ਦੇ ਮੋਢਿਆਂ ’ਤੇ ਸਵਾਰ ਹੋ ਗਿਆ। ਹਵਾ ਕੁਝ ਦੂਰ ਜਾ ਕੇ ਰੁਕ ਗਈ। ਬੱਦੂ ਨੂੰ ਕਹਿਣ ਲੱਗੀ, ‘‘ਔਹ ਹੇਠਾਂ ਝਾਤੀ ਮਾਰ।’’
ਬੱਦੂ ਬੱਦਲ ਨੇ ਗਹੁ ਨਾਲ ਧਰਤੀ ਵੱਲ ਤੱਕਿਆ। ਨਿੱਕੇ ਨਿੱਕੇ ਵੇਲਾਂ ਬੂਟੇ ਕੁਮਲਾ ਰਹੇ ਸਨ। ਇੱਕ ਬੂਟਾ ਕਹਿ ਰਿਹਾ ਸੀ;
ਬੱਦਲਾ, ਬੱਦਲਾ, ਮੀਂਹ ਬਰਸਾ।
ਹਾੜ੍ਹਾ ਸਾਡੀ ਜਾਨ ਬਚਾ।
ਮੁਰਝਾ ਰਹੀ ਇੱਕ ਵੇਲ ਤਰਲਾ ਪਾ ਰਹੀ ਸੀ;
ਬੱਦਲ ਵੀਰਾ, ਦੇ ਦੇ ਪਾਣੀ।
ਨਹੀਂ ਤਾਂ ਸਾਡੀ ਖ਼ਤਮ ਕਹਾਣੀ।
‘‘ਅੱਗੇ ਚੱਲਦੇ ਹਾਂ।’’ ਇਹ ਕਹਿ ਕੇ ਹਵਾ ਬੱਦੂ ਬੱਦਲ ਨੂੰ ਅੱਗੇ ਲੈ ਗਈ। ਇੱਕ ਝੀਲ ਸੁੱਕ ਰਹੀ ਸੀ। ਉਸ ਵਿੱਚ ਨਾਮਾਤਰ ਪਾਣੀ ਹੀ ਰਹਿ ਗਿਆ ਸੀ। ਉਹ ਵੀ ਗੰਧਲਾ ਜਿਹਾ। ਉਸ ਝੀਲ ਦੇ ਕਿਨਾਰੇ ’ਤੇ ਕਈ ਜੀਵ ਜੰਤੂ ਉਹੀ ਗੰਧਲਾ ਪਾਣੀ ਪੀਣ ਲਈ ਮਜਬੂਰ ਸਨ।
ਹਵਾ ਬੋਲੀ, ‘‘ਲੈ ਝੀਲ ਦੀ ਵੀ ਫ਼ਰਿਆਦ ਸੁਣ ਲੈ। ਕੀ ਕਹਿ ਰਹੀ ਏ?’’
ਝੀਲ ਬੋਲੀ;
ਬੱਦਲ ਵੀਰਾ ਪਾਣੀ ਦੇ।
ਮੈਨੂੰ ਜ਼ਿੰਦਗਾਨੀ ਦੇ।
ਜੀਵ ਜੰਤੂ ਮੁੜ ਜਾਣ ਪਿਆਸੇ।
ਹਾੜ੍ਹਾ! ਛੱਡ, ਹੰਕਾਰੀ ਹਾਸੇ।
ਨਹੀਂ ਤਾਂ ਕੱਲ੍ਹ ਨੂੰ ਸੁੱਕ ਜਾਵਾਂਗੀ।
ਵੀਰਾ, ਮੈਂ ਮਰ ਮੁੱਕ ਜਾਵਾਂਗੀ।
‘‘ਚੱਲ, ਹੋਰ ਅੱਗੇ ਚੱਲਦੇ ਹਾਂ।’’ ਹਵਾ ਬੋਲੀ। ਅੱਗੇ ਜਾ ਕੇ ਇੱਕ ਥਾਂ ਹਵਾ ਰੁਕ ਗਈ। ਬੱਦੂ ਬੱਦਲ ਨੂੰ ਕਹਿਣ ਲੱਗੀ, ‘‘ਜ਼ਰਾ ਹੇਠਾਂ ਝਾਤੀ ਮਾਰ।’’
ਬੱਦੂ ਬੱਦਲ ਨੇ ਹੇਠਾਂ ਝਾਤੀ ਮਾਰੀ। ਧਰਤੀ ’ਤੇ ਔੜ ਲੱਗੀ ਹੋਈ ਸੀ। ਫ਼ਸਲਾਂ, ਰੁੱਖ, ਵੇਲ ਬੂਟੇ ਮੁਰਝਾ ਰਹੇ ਸਨ। ਪਾਣੀ ਦਾ ਨਾਂ ਨਿਸ਼ਾਨ ਨਹੀਂ ਸੀ। ਬੱਦੂ ਬੱਦਲ ਦੇ ਕੰਨੀਂ ਆਵਾਜ਼ਾਂ ਪੈਣ ਲੱਗੀਆਂ;
ਬੱਦਲਾ ਬੱਦਲਾ, ਪਾਣੀ ਦੇ।
ਹਾੜ੍ਹਾ ਏ, ਜ਼ਿੰਦਗਾਨੀ ਦੇ।
ਅਸੀਂ ਹਾਂ ਕੁਝ ਦਿਨ ਦੇ ਮਹਿਮਾਨ।
ਤਰਲਾ ਏ, ਦੇ ਜੀਵਨ-ਦਾਨ।
ਉਸ ਦੇ ਦੇਖਦਿਆਂ ਦੇਖਦਿਆਂ ਹੀ ਕਈ ਮਾਸੂਮ ਬੂਟੇ ਨਿਢਾਲ ਹੋ ਕੇ ਡਿੱਗ ਪਏ। ਪ੍ਰਕਿਰਤੀ ਦੀ ਫਰਿਆਦ ਸੁਣ ਕੇ ਬੱਦੂ ਬੱਦਲ ਦਾ ਮਨ ਪਸੀਜਣ ਲੱਗ ਪਿਆ। ਸੋਚਣ ਲੱਗਾ, ‘‘ਜੇ ਇਨ੍ਹਾਂ ਮਾਸੂਮ ਰੁੱਖ-ਬੂਟਿਆਂ, ਝੀਲਾਂ ਤੇ ਜੀਵ ਜੰਤੂਆਂ ਨੂੰ ਪਾਣੀ ਨਾ ਮਿਲਿਆ, ਤਾਂ ਮੇਰੇ ਵੀ ਜਿਊਣ ਦਾ ਕੀ ਹੱਜ ਏ?’’
ਬੱਦੂ ਬੱਦਲ ਨੇ ਹਵਾ ਨੂੰ ਕਿਹਾ, ‘‘ਤੁਸੀਂ ਠੀਕ ਕਹਿ ਰਹੇ ਸੀ। ਹੰਕਾਰ ਨੇ ਮੇਰੀ ਸੋਚ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਸੀ ਜਿਸ ਕਰਕੇ ਮੈਂ ਖ਼ਿਮਾ ਦਾ ਜਾਚਕ ਹਾਂ।’’
ਹਵਾ ਨੇ ਮੁਸਕਰਾ ਕੇ ਕਿਹਾ, ‘‘ਫਿਰ ਕੀ ਫ਼ਰਜ਼ ਬਣਦਾ ਏ ਤੇਰਾ?’’
ਬੱਦੂ ਬੱਦਲ ਬੋਲਿਆ, ‘‘ਮੈਂ ਆਪਣਾ ਫ਼ਰਜ਼ ਨਿਭਾਵਾਂਗਾ ਤਾਂ ਜੋ ਪ੍ਰਕਿਰਤੀ ਤੇ ਮਨੁੱਖਤਾ ਬਚੀ ਰਹਿ ਸਕੇ। ਇਹ ਫ਼ਰਜ਼ ਹੁਣੇ ਅਦਾ ਕਰ ਰਿਹਾ ਹਾਂ।’’ ਇਹ ਕਹਿ ਕੇ ਬੱਦੂ ਬੱਦਲ ਵਰਨ੍ਹ ਲੱਗ ਪਿਆ।
ਜਿਉਂ ਹੀ ਧਰਤੀ ’ਤੇ ਪਹਿਲੀਆਂ ਕਣੀਆਂ ਵਰ੍ਹੀਆਂ ਤਾਂ ਬੱਦੂ ਬੱਦਲ ਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ, ‘‘ਧੰਨਵਾਦ ਬੱਦਲ, ਧੰਨਵਾਦ ਬੱਦਲ।’’
ਹਵਾ ਬੋਲੀ, ‘‘ਬੱਦੂ, ਫ਼ਿਕਰ ਨਾ ਕਰ, ਮੈਂ ਤੈਨੂੰ ਫਿਰ ਵਾਸ਼ਪ ਰੂਪ ਵਿੱਚ ਭਾਫ਼ ਬਣਾ ਕੇ ਬੱਦਲ ਬਣਾ ਦੇਵਾਂਗੀ, ਫਿਰ ਅਸਮਾਨ ’ਤੇ ਲੈ ਆਵਾਂਗੀ। ਤੂੰ ਇਸ ਤਰ੍ਹਾਂ ਕਰਕੇ ਖ਼ਤਮ ਨਹੀਂ ਹੋਵੇਂਗਾ, ਸਗੋਂ ਤੇਰਾ ਮੁੜ ਜਨਮ ਹੋ ਜਾਵੇਗਾ। ਦੂਜਿਆਂ ਦੀ ਭਲਾਈ ਵਾਸਤੇ...।’’
ਬੱਦੂ ਬੱਦਲ ਜ਼ੋਰ ਨਾਲ ਵਰ੍ਹਦਾ ਬੋਲਿਆ, ‘‘ਹੁਣ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਨੇ।’’
ਹਵਾ ਪ੍ਰਸੰਨ ਹੋ ਗਈ।

Advertisement

ਸੰਪਰਕ: 98144-23703

Advertisement

Advertisement
Author Image

sukhwinder singh

View all posts

Advertisement