For the best experience, open
https://m.punjabitribuneonline.com
on your mobile browser.
Advertisement

ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਮਾਰਗ ਠੱਪ

03:00 PM Jun 30, 2023 IST
ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਮਾਰਗ ਠੱਪ
Advertisement

ਗੋਪੇਸ਼ਵਰ, 29 ਜੂਨ

Advertisement

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਅੱਜ ਮੋਹਲੇਧਾਰ ਮੀਂਹ ਮਗਰੋਂ ਚਿੰਕਾ ਨੇੜੇ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਕੌਮੀ ਮਾਰਗ ਠੱਪ ਹੋ ਗਿਆ। ਇਸ ਕਾਰਨ ਸੈਂਕੜੇ ਸ਼ਰਧਾਲੂ ਫਸ ਗਏ। ਅਧਿਕਾਰੀਆਂ ਨੇ ਕਿਹਾ ਕਿ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਵੀ ਇਨ੍ਹਾਂ ਫਸੇ ਹੋਏ ਲੋਕਾਂ ‘ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੜਕ ‘ਤੇ ਮਲਬਾ ਫੈਲ ਗਿਆ ਹੈ ਜਿਸ ਕਾਰਨ ਵੱਡਾ ਟਰੈਫਿਕ ਜਾਮ ਲੱਗ ਗਿਆ। ਪ੍ਰਸ਼ਾਸਨ ਵੱਲੋਂ ਮਲਬਾ ਸਾਫ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਫੌਰੀ ਟਰੈਫਿਕ ਬਹਾਲ ਕੀਤਾ ਜਾ ਸਕੇ। ਚਮੋਲੀ ਪ੍ਰਸ਼ਾਸਨ ਨੇ ਫਸੇ ਹੋਏ ਸ਼ਰਧਾਲੂਆਂ ਨੂੰ ਪੀਣ ਵਾਲਾ ਪਾਣੀ ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ ਹਨ। ਚਮੋਲੀ ਜ਼ਿਲ੍ਹੇ ‘ਚ ਕਈ ਥਾਵਾਂ ‘ਤੇ ਬੁੱਧਵਾਰ ਰਾਤ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ।

ਗੁਜਰਾਤ ‘ਚ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ: ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਸਨਅਤੀ ਇਲਾਕੇ ‘ਚ ਮੋਹਲੇਧਾਰ ਮੀਂਹ ਕਾਰਨ ਫੈਕਟਰੀ ਨਾਲ ਗੱਡੇ ਗਏ ਤੰਬੂਆਂ ‘ਤੇ ਕੰਧ ਡਿੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਪੀੜਤਾਂ ਦੇ ਪਰਿਵਾਰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਉਹ ਇਥੇ ਮਜ਼ਦੂਰੀ ਲਈ ਆਏ ਹੋਏ ਹਨ। ਹਾਦਸੇ ‘ਚ 9 ਜਣੇ ਜ਼ਖ਼ਮੀ ਹੋਏ ਸਨ ਜਿਨ੍ਹਾਂ ‘ਚੋਂ ਪੰਜ ਸਾਲ ਤੋਂ ਘੱਟ ਉਮਰ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ। ਗੁਜਰਾਤ ‘ਚ ਅਗਲੇ ਦੋ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਮੁੰਬਈ ‘ਚ ਦਰੱਖਤ ਡਿੱਗਣ ਕਾਰਨ ਇਕ ਵਿਅਕਤੀ ਹਲਾਕ: ਮੁੰਬਈ ‘ਚ ਦਰਮਿਆਨੇ ਤੋਂ ਮੋਹਲੇਧਾਰ ਮੀਂਹ ਪੈਣ ਕਾਰਨ ਇਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਇਕ ਦਰੱਖਤ ਉਸ ਦੀ ਝੁੱਗੀ ‘ਤੇ ਡਿੱਗ ਗਿਆ। ਮੀਂਹ ਕਾਰਨ ਬੀਤੇ ਦੋ ਦਿਨਾਂ ‘ਚ ਦਰੱਖਤ ਡਿੱਗਣ ਦੀਆਂ ਘਟਨਾਵਾਂ ‘ਚ ਇਹ ਤੀਜੀ ਮੌਤ ਹੈ। ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਛੇ ਜ਼ਿਲ੍ਹਿਆਂ ‘ਚ ਔਰੇਂਜ ਅਲਰਟ ਐਲਾਨਿਆ ਹੋਇਆ ਹੈ ਜਦਕਿ ਮੁੰਬਈ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਂਜ ਸ਼ਹਿਰ ‘ਚ ਬੱਸ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ।

ਅਸਾਮ ਵਿੱਚ ਹਾਲਾਤ ਕੁਝ ਸੁਧਰੇ: ਹੜ੍ਹਾਂ ਕਾਰਨ ਅਸਾਮ ਵਿੱਚ ਵਿਗੜੇ ਹਾਲਾਤ ‘ਚ ਕੁਝ ਸੁਧਾਰ ਨਜ਼ਰ ਆਇਆ ਹੈ। ਹੜ੍ਹਾਂ ਕਾਰਨ ਚਾਰ ਹੋਰ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜਦਕਿ ਚਾਰ ਜ਼ਿਲ੍ਹਿਆਂ ‘ਚ ਕਰੀਬ 38 ਹਜ਼ਾਰ ਲੋਕ ਅਜੇ ਵੀ ਹੜ੍ਹ ਦੀ ਮਾਰ ਹੇਠ ਹਨ। ਅਸਾਮ ‘ਚ ਹੁਣ ਤੱਕ 11 ਵਿਅਕਤੀ ਮਾਰੇ ਜਾ ਚੁੱਕੇ ਹਨ। -ਪੀਟੀਆਈ

ਅਮਰਨਾਥ ਯਾਤਰਾ: ਸ਼ਰਧਾਲੂਆਂ ਦੀ ਮੌਕੇ ‘ਤੇ ਰਜਿਸਟਰੇਸ਼ਨ ਸ਼ੁਰੂ

ਜੰਮੂ: ਪ੍ਰਸ਼ਾਸਨ ਨੇ ਦੱਖਣੀ ਕਸ਼ਮੀਰ ਹਿਮਾਲਿਆ ਖੇਤਰ ‘ਚ ਸਥਿਤ ਅਮਰਨਾਥ ਗੁਫਾ ਮੰਦਰ ਦੀ ਧਾਰਮਿਕ ਯਾਤਰਾ ਲਈ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਅੱਜ ਮੌਕੇ ‘ਤੇ ਹੀ ਰਜਿਸਟਰੇਸ਼ਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੱਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਸਾਧੂਆਂ ਸਮੇਤ 1500 ਤੋਂ ਵੱਧ ਸ਼ਰਧਾਲੂ ਜੰਮੂ ਸ਼ਹਿਰ ਪਹੁੰਚ ਚੁੱਕੇ ਹਨ। ਸ਼ਹਿਰ ਦੇ ਸ਼ਾਲੀਮਾਰ ਖੇਤਰ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਰਜਿਸਟਰੇਸ਼ਨ ਲਈ ਕੇਂਦਰ ਸਥਾਪਤ ਕੀਤਾ ਗਿਆ ਹੈ ਜਦਕਿ ਪੁਰਾਣੀ ਮੰਡੀ ਸਥਿਤ ਰਾਮ ਮੰਦਰ ਕੰਪਲੈਕਸ ‘ਚ ਸਾਧੂਆਂ ਦੀ ਰਜਿਸਟਰੇਸ਼ਨ ਲਈ ਵਿਸ਼ੇਸ਼ ਕੈਂਪ ਸਥਾਪਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਕ ਹਜ਼ਾਰ ਤੋਂ ਵੱਧ ਸ਼ਰਧਾਲੂ ਅੱਗੇ ਦੀ ਯਾਤਰਾ ਲਈ ਇੱਥੇ ਭਗਵਤੀ ਨਗਰ ਬੇਸ ਕੈਂਪ ਪਹੁੰਚ ਚੁੱਕੇ ਹਨ। ਇਹ 62 ਰੋਜ਼ਾ ਯਾਤਰਾ ਦੋ ਮਾਰਗਾਂ ਆਨੰਤਨਾਗ ਜ਼ਿਲ੍ਹੇ ਦੇ ਰਵਾਇਤੀ 48 ਕਿਲੋਮੀਟਰ ਲੰਮੇ ਨੁਨਵਾਨ-ਪਹਿਲਗਾਮ ਮਾਰਗ ਅਤੇ ਗੰਦਰਬਲ ਜ਼ਿਲ੍ਹੇ ‘ਚ 14 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਤੋਂ ਸ਼ੁਰੂ ਹੋਵੇਗੀ। ਐੱਸਡੀਐੱਮ ਨਰਗੇਸ਼ ਸਿੰਘ ਨੇ ਦੱਸਿਆ ਕਿ ਦੇਸ਼ ਭਰ ‘ਚੋਂ ਆਉਣ ਵਾਲੇ ਅਨ-ਰਜਿਸਟਰਡ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਰਜਿਸਟਰੇਸ਼ਨ ਲਈ ਇੱਥੇ ਕਾਊਂਟਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਰਜਿਸਟਰੇਸ਼ਨ ਲਈ ਸਾਰੀਆਂ ਸਹੂਲਤਾਂ ਮੁਹੱਈਆ ਕੀਤੀ ਗਈਆਂ ਹਨ। -ਪੀਟੀਆਈ

Advertisement
Tags :
Advertisement
Advertisement
×