ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਤੀਜੇ ਸਥਾਨ ’ਤੇ ਖਿਸਕੀ
ਨਵੀਂ ਦਿੱਲੀ, 11 ਜੂਨ
ਪਿਛਲੇ ਹਫਤੇ ਇੰਡੋਨੇਸ਼ੀਆ ਓਪਨ ’ਚ ਖਿਤਾਬ ਦਾ ਬਚਾਅ ਕਰਨ ਤੋਂ ਖੁੰਝੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਅੱਵਲ ਦਰਜਾ ਪੁਰਸ਼ ਡਬਲਜ਼ ਜੋੜੀ ਅੱਜ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐੱਫ) ਰੈਂਕਿੰਗ ’ਚ ਦੋ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਈ ਹੈ। ਚੀਨ ਦੀ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਜੋੜੀ ਪੁਰਸ਼ ਡਬਲਜ਼ ਵਿੱਚ ਨਵੀਂ ਨੰਬਰ ਇਕ ਜੋੜੀ ਬਣ ਗਈ ਹੈ। ਇਸ ਤੋਂ ਬਾਅਦ ਡੈਨਮਾਰਕ ਦੇ ਕਿਮ ਏਸਟਰਪ ਅਤੇ ਐਂਡਰਸ ਸਕਾਰੂਪ ਰਾਸਮੁਸੇਨ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ ਦੋ ਸਥਾਨਾਂ ਦੀ ਛਾਲ ਮਾਰੀ ਹੈ। ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਮਈ ਵਿੱਚ ਥਾਈਲੈਂਡ ਓਪਨ ਜਿੱਤ ਕੇ ਨੰਬਰ ਇੱਕ ਰੈਂਕਿੰਗ ਹਾਸਲ ਕੀਤੀ ਸੀ ਪਰ ਪਿਛਲੇ ਮਹੀਨੇ ਸਿੰਗਾਪੁਰ ਓਪਨ ਦੇ ਪਹਿਲੇ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਜੋੜੀ ਨੇ ਮੌਜੂਦਾ ਆਸਟਰੇਲੀਅਨ ਓਪਨ ਤੋਂ ਵੀ ਨਾਮ ਵਾਪਸ ਲੈ ਲਿਆ ਸੀ। ਪੁਰਸ਼ ਸਿੰਗਲਜ਼ ਵਿੱਚ ਐੱਚਐੱਸ ਪ੍ਰਣੌਏ ਅਤੇ ਲਕਸ਼ੈ ਸੇਨ ਕ੍ਰਮਵਾਰ 10ਵੇਂ ਅਤੇ 14ਵੇਂ ਸਥਾਨ ’ਤੇ ਕਾਇਮ ਹਨ। ਕਿਦਾਂਬੀ ਸ੍ਰੀਕਾਂਤ ਚਾਰ ਸਥਾਨ ਹੇਠਾਂ 32ਵੇਂ ਸਥਾਨ ’ਤੇ ਖਿਸਕ ਗਿਆ ਹੈ ਜਦਕਿ ਪ੍ਰਿਯਾਂਸ਼ੂ ਰਾਜਾਵਤ 34ਵੇਂ ਅਤੇ ਕਿਰਨ ਜੌਰਜ 35ਵੇਂ ਸਥਾਨ ’ਤੇ ਕਾਬਜ਼ ਹਨ। -ਪੀਟੀਆਈ